ਦਸਤਾਵੇਜ਼

ਰਾਜਵਿੰਦਰ ਸਿੰਘ ਰਾਹੀ ਦੀ ਕਿਤਾਬ “ਕਾਮਾਗਾਟਾ ਮਾਰੂ ਦਾ ਅਸਲੀ ਸੱਚ” ਚੰਡੀਗੜ੍ਹ ਵਿਖੇ ਜਾਰੀ ਕੀਤੀ ਗਈ

By ਸਿੱਖ ਸਿਆਸਤ ਬਿਊਰੋ

September 29, 2016

ਚੰਡੀਗੜ੍ਹ: ਕੱਲ੍ਹ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਰਾਜਵਿੰਦਰ ਸਿੰਘ ਰਾਹੀ ਵਲੋਂ ਲਿਖੀ ਗਈ ਪੁਸਤਕ ‘ਕਾਮਾਗਾਟਾ ਮਾਰੂ’ ਦਾ ਅਸਲੀ ਸੱਚ ਲੋਕ ਅਰਪਣ ਕੀਤੀ ਗਈ। ਪੁਸਤਕ ਲੋਕ ਅਰਪਣ ਕਰਨ ਦੀ ਰਸਮ ਸਿੱਖ ਰਾਜਨੀਤੀ ਦੇ ਵਿਸ਼ਲੇਸ਼ਕ ਸ. ਅਜਮੇਰ ਸਿੰਘ, ਬਜੁਰਗ ਪੱਤਰਕਾਰ ਸ. ਸੁਖਦੇਵ ਸਿੰਘ, ਪੱਤਰਕਾਰ ਕਰਮਜੀਤ ਸਿੰਘ ਚੰਡੀਗੜ੍ਹ ਤੇ ਪੰਜਾਬੀ ਟ੍ਰਿਬਿਊਨ ਦੇ ਸਹਾਇਕ ਸੰਪਾਦਕ ਸ. ਹਮੀਰ ਸਿੰਘ ਵਲੋਂ ਅਦਾ ਕੀਤੀ ਗਈ।

ਇਸ ਦੌਰਾਨ ਬੋਲਦਿਆਂ ਪੁਸਤਕ ਦੇ ਲੇਖਕ ਰਾਜਵਿੰਦਰ ਸਿੰਘ ਰਾਹੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਇਸ ਦੁਖਾਂਤਕ ਸਾਕੇ ਨਾਲ ਸਬੰਧਤ ਪੁਸਤਕਾਂ ਆ ਚੁੱਕੀਆਂ ਹਨ, ਪਰ ਇਹ ਪੁਸਤਕਾਂ ਕਿਸੇ ਨਾ ਕਿਸੇ ਪੱਖੋਂ ਅਧੂਰੀਆਂ ਸਨ। ਖਾਸ ਕਰ ਇਹ ਲਿਖਤਾਂ ਇਕ ਖਾਸ ਭਾਸ਼ਾ ਰਾਹੀਂ ਸਿੱਖ ਪਛਾਣ ਨੂੰ ਨਜ਼ਰ ਅੰਦਾਜ਼ ਹੀ ਨਹੀਂ ਕਰਦੀਆਂ ਸਨ, ਸਗੋਂ ਇਹ ਸਿੱਖ ਸੱਭਿਆਚਾਰ ਦੀਆਂ ਧਾਰਮਕ ਰਿਵਾਇਤਾਂ ਨੂੰ ਵੀ ਕਤਲ ਕਰਦੀਆਂ ਸਨ। ਜਿਵੇਂ ਜਹਾਜ਼ ਦਾ ਨਾਂਅ ਕਾਮਾਗਾਟਾ ਮਾਰੂ ਨਾਮ ਪ੍ਰਚੱਲਤ ਕਰ ਦਿੱਤਾ ਗਿਆ ਪਰ ਅਸਲ ਨਾਂਅ ਜੋ ਹਾਂਗਕਾਂਗ ਗੁਰਦੁਆਰੇ ਵਿਚ ਅਖੰਡ ਪਾਠ ਕਰਨ ਉਪਰੰਤ ਰੱਖਿਆ ਗਿਆ ‘ਗੁਰ ਨਾਨਕ ਜਹਾਜ਼’ ਭੁੱਲ-ਭੁੱਲਾ ਦਿਤਾ ਗਿਆ ਹੈ। ਸਿੱਖਾਂ ਵਲੋਂ ਪਹਿਲੀ ਵਾਰ ਅੰਗਰੇਜ਼ਾਂ ਦੇ ਵਪਾਰ ਨੂੰ ਚੁਣੌਤੀ ਦਿਤੀ ਗਈ ਸੀ। ਜਿਸ ਕਾਰਨ ਉਹ ਅੰਗਰੇਜ਼ਾਂ ਦੀ ਕਰੋਪੀ ਦਾ ਸ਼ਿਕਾਰ ਹੋਏ। 1947 ਤੱਕ ਸਿੱਖ ਭਾਈਚਾਰਾ ਹੀ ਅੰਗਰੇਜਾਂ ਨਾਲ ਲੜਦਾ ਰਿਹਾ ਹੈ ਪਰ ਉਹਨਾਂ ਦੀਆਂ ਕੁਰਬਾਨੀਆਂ ਨੂੰ ਭੁਲ-ਭੁਲਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਜਹਾਜ਼ ਦਾ ਕੋਈ ਇਕੱਲਾ ਮਾਲਕ ਨਹੀਂ ਸੀ। ਬਾਬਾ ਗੁਰਦਿੱਤ ਸਿੰਘ ਨੇ ਸ੍ਰੀ ਗੁਰੂ ਨਾਨਕ ਨੇਵੀਗੇਸ਼ਨ ਕੰਪਨੀ ਬਣਾਈ ਸੀ। ਜਹਾਜ਼ ਵਿਚ ਗੁਰਦੁਆਰਾ ਬਣਾਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸਥਾਪਤ ਕੀਤਾ ਗਿਆ ਸੀ। ਜਹਾਜ਼ ਪੰਜ ਮਹੀਨੇ ਪਾਣੀ ਵਿਚ ਰਿਹਾ ਜਿਸ ਦੌਰਾਨ ਪੰਜ ਅਖੰਡ ਪਾਠ ਤੇ ਸੱਤ ਸਹਿਜ ਪਾਠ ਹੋਏ। ਰੋਜ਼ਾਨਾ ਹੀ ਨਿਤਨੇਮ ਤੇ ਸ਼ਬਦ ਕੀਰਤਨ ਕੀਤਾ ਜਾਂਦਾ ਸੀ। ਕਲਕੱਤੇ ਜਦ 29 ਸਤੰਬਰ 1914 ਨੂੰ ਮੁਸਾਫਰਾਂ ਦਾ ਕਤਲੇਆਮ ਕੀਤਾ ਗਿਆ ਤਾਂ ਉਸ ਵਕਤ ਮੁਸਾਫਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਲਕੱਤੇ ਦੇ ਗੁਰਦੁਆਰੇ ਲਿਜਾਣਾ ਚਾਹੁੰਦੇ ਸਨ।

ਬਾਬਾ ਗੁਰਦਿਤ ਸਿੰਘ ਪੂਰਨ ਗੁਰਸਿੱਖ ਸੀ। ਉਹ ਮਨ, ਵਚਨ ਤੇ ਕਰਮ ਦੇ ਪੱਕੇ ਸਨ। ਜਹਾਜ਼ ਦੇ ਸਫ਼ਰ ਵਿਚ ਭਾਈ ਦਲਜੀਤ ਸਿੰਘ ਦਾ ਉਘਾ ਰੋਲ ਹੈ ਪਰ ਇਤਿਹਾਸਕਾਰਾਂ ਨੇ ਉਸ ਦੇ ਰੋਲ ਨੂੰ ਉਭਾਰਿਆ ਨਹੀਂ। ਇਸ ਪੁਸਤਕ ਵਿਚ ਉਹ ਉਭਾਰਿਆ ਗਿਆ ਹੈ। ਪੁਸਤਕ ਵਿਚ ਮੈਂ ਸਿੱਖ ਸੱਭਿਆਚਾਰ ਅਤੇ ਸਿੱਖ ਕਿਰਦਾਰ ਨੂੰ ਸਥਾਪਤ ਕੀਤਾ ਹੈ। ਲੇਖਕ ਰਾਹੀ ਨੇ ਕਿਹਾ ਕਿ ਮੈਂ ਉਸ ਆਤਮਕ ਬਲ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਹੈ ਜਿਸ ਦੇ ਆਸਰੇ ਮੁਸਾਫਰਾਂ ਨੇ ਗੋਲੀਆਂ ਅਤੇ ਤੋਪਾਂ ਦਾ ਟਾਕਰਾ ਕੀਤਾ ਹੈ। ਇਸ ਆਤਮ ਬਲ ਦੀਆਂ ਜੜਾਂ ਗੁਰਬਾਣੀ, ਸਿੱਖ ਇਤਿਹਾਸ ਅਤੇ ਸਿੱਖ ਵਿਰਸੇ ’ਚ ਲੱਗੀਆਂ ਹੋਈਆਂ ਹਨ। ਇਸ ਕਿਤਾਬ ਵਿਚੋਂ ਇਸ ਸਭ ਕੁਝ ਦੇ ਦਰਸ਼ਨ ਹੁੰਦੇ ਹਨ।

ਸੀਨੀਅਰ ਪੱਤਰਕਾਰ ਸ. ਕਰਮਜੀਤ ਸਿੰਘ ਨੇ ਕਿਹਾ ਕਿ ਰਾਜਵਿੰਦਰ ਸਿੰਘ ਰਾਹੀ ਨੇ ਬੜੀ ਮਿਹਨਤ ਨਾਲ ਕਾਮਾਗਾਟਾ ਮਾਰੂ ਦੀ ਘਟਨਾ ਅਤੇ ਬਾਬਾ ਗੁਰਦਿੱਤਾ ਸਿੰਘ ਦੀ ਸ਼ਖਸੀਅਤ ਬਾਰੇ ਵੇਰਵੇ ਇਕੱਠੇ ਕਰਕੇ ਪਾਠਕਾਂ ਸਾਹਮਣੇ ਲਿਆਂਦੇ ਹਨ।

ਸਿੱਖ ਇਤਿਹਾਸਕਾਰ ਸ. ਅਜਮੇਰ ਸਿੰਘ ਨੇ ਕਿਹਾ ਕਿ ਇਹ ਕਿਤਾਬ ਨਵੇਂ ਤੱਥਾਂ ਤੇ ਨਜ਼ਰੀਏ ਨੂੰ ਪਾਠਕਾਂ ਨਾਲ ਪਹੁੰਚਾਉਣ ਦੇ ਨਾਲ-ਨਾਲ ਪੁਖਤਾ ਜਜ਼ਬਾ ਵੀ ਪੈਦਾ ਕਰਦੀ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਬੇਅੰਤ ਸਿੰਘ ਸਾਬਕਾ ਡੀ.ਐਮ.ਓ., ਸ. ਕਰਮਜੀਤ ਸਿੰਘ ਬੁੱਟਰ, ਸ. ਬਬਲਜੀਤ ਸਿੰਘ, ਗੁਰਦੁਆਰਾ ਬਾਬਾ ਜੀਵਨ ਸਿੰਘ ਫੇਜ ਤਿੰਨ ਮੁਹਾਲੀ ਦੇ ਪ੍ਰਧਾਨ ਸ. ਈਸ਼ਰ ਸਿੰਘ, ਐਸ.ਡੀ.ਓ. ਗੁਰਦੇਵ ਸਿੰਘ, ਸ਼ਹੀਦ ਬਾਬਾ ਬੀਰ ਸਿੰਘ, ਧੀਰ ਸਿੰਘ ਫਾਉਂਡੇਸ਼ਨ ਦੇ ਖਜ਼ਾਨਚੀ ਕੁਲਦੀਪ ਸਿੰਘ ਸੇਖਾ, ਸੰਗੀਤਕਾਰ ਐਚ.ਐਮ. ਸਿੰਘ, ਗੀਤਕਾਰ ਸ਼ਮਸ਼ੇਰ ਸੰਧੂ, ਵੀਡੀਓ ਡਾਇਰੈਕਟਰ ਸਵਾਲਿਨਜੀਤ ਸਿੰਘ, ਸੁਖਮਿੰਦਰ ਸਿੰਘ ਗੱਜਣਵਾਲਾ, ਬਜੁਰਗ ਪੱਤਰਕਾਰ ਸ. ਦਲਬੀਰ ਸਿੰਘ, ਭਾਈ ਮਨਧੀਰ ਸਿੰਘ, ਡਾ. ਗੁਰਦੁਰਸ਼ਨ ਸਿੰਘ ਢਿੱਲੋਂ, ਸੀਨੀਅਰ ਪੱਤਰਕਾਰ ਸ. ਦਲਬੀਰ ਸਿੰਘ, ਕਰਮਜੀਤ ਸਿੰਘ ਤੇ ਜਸਪਾਲ ਸਿੰਘ ਸਿੱਧੂ ਵੀ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: