ਖਾਸ ਖਬਰਾਂ

ਵਿਜਾਂਟੋ ਨੇ ਡੇਰਾ ਸਿਰਸਾ ਮੁਖੀ ਨੂੰ ਬਰਗਾੜੀ ਬੇਅਦਬੀ ਮਾਮਲੇ ਵਿਚ ਨਾਮਜ਼ਦ ਕੀਤਾ

By ਸਿੱਖ ਸਿਆਸਤ ਬਿਊਰੋ

March 26, 2022

ਫਰੀਦਕੋਟ: ਜਿਲ੍ਹੇ ਦੇ ਪਿੰਡ ਜਵਾਹਰ ਸਿੰਘ ਵਾਲਾ ਤੋਂ ਜੂਨ 2015 ਵਿਚ ਚੋਰੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਤੇ ਅਕਤੂਬਰ 2015 ਵਿਚ ਪਿੰਡ ਬਰਗਾੜੀ ਵਿਖੇ ਇਸ ਸਰੂਪ ਦੀ ਕੀਤੀ ਗਈ ਘੋਰ ਬੇਅਦਬੀ ਅਤੇ ਇਸ ਤੋਂ ਪਹਿਲਾਂ ਸਤੰਬਰ 2015 ਵਿਚ ਬਰਗਾੜੀ ਤੇ ਪਿੰਡ ਜਵਾਹਰ ਸਿੰਘ ਵਾਲਾ ਵਿਖੇ ਬੇਅਦਬੀ ਦੀ ਧਮਕੀ ਦੇਣ ਵਾਲੇ ਇਸ਼ਤਿਹਾਰ ਲਗਾਉਣ ਸੰਬੰਧੀ ਥਾਣਾ ਬਾਜਾਖਾਨਾ ਵਿਖੇ ਦਰਜ ਦੋ ਵੱਖ-ਵੱਖ ਮਾਮਲਿਆਂ ’ਚ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੋਲੀ (ਵਿਜਾਂਟੋ) ਵਲੋਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪਮੁੱਖ ਮੁਜਰਮ ਵਜੋੰ ਨਾਮਜ਼ਦ ਕੀਤਾ ਗਿਆ ਹੈ।

ਆਈ.ਜੀ.ਪੀ. ਸੁਰਿੰਦਰ ਪਾਲ ਸਿੰਘ ਪਰਮਾਰ ਦੀ ਅਗਵਾਈ ਵਿਚ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੋਲੀ (ਵਿਜਾਂਟੋ) ਵਲੋਂ ਬੀਤੀ 27 ਫਰਵਰੀ ਨੂੰ ਇਨ੍ਹਾਂ ਦੋਵਾਂ ਮਾਮਲਿਆਂ ‘ਚ ਇਥੋਂ ਦੀ ਜੁਡੀਸ਼ੀਅਲ ਮੈਜਿਸਟਰੇਟ ਤਰਜਨੀ ਦੀ ਅਦਾਲਤ ਵਿਚ “ਸਪਲੀਮੈਂਟਰੀ ਚਲਾਨ” ਦਾਖਲ ਕਰਦੇ ਹੋਏ ਡੇਰਾ ਮੁਖੀ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ। ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਲੋਂ ਪ੍ਰੋਡਕਸ਼ਨ ਵਾਰੰਟ ਜਾਰੀ ਕਰਦੇ ਹੋਏ ਡੇਰਾ ਮੁਖੀ ਨੂੰ 4 ਮਈ ਨੂੰ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਹਨ ਅਤੇ ਆਪਣੇ ਹੁਕਮਾਂ ਵਿਚ ਡੇਰਾ ਮੁਖੀ ਨੂੰ ਇਸ ਚਾਰਜਸ਼ੀਟ ਦੀ ਕਾਪੀ ਵੀ ਮੁਹੱਈਆ ਕਰਵਾਉਣ ਲਈ ਕਿਹਾ ਹੈ। ਇਹ ਜਾਣਕਾਰੀ ਉਸ ਸਮੇਂ ਉਜਾਗਰ ਹੋਈ ਜਦੋਂ ਅਦਾਲਤ ਵਲੋਂ ਦੋ ਦਿਨ ਪਹਿਲਾਂ ਹੀ ਡੇਰਾ ਮੁਖੀ ਨੂੰ ਸਪਲੀਮੈਂਟਰੀ ਚਲਾਨ ਦੀ ਕਾਪੀ ਮੁਹੱਈਆ ਕਰਵਾਈ ਗਈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: