ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਪੰਜਾਬ ਵਿਚ ਲੜੀਆਂ 10 ਲੋਕ ਸਭਾ ਸੀਟਾਂ ਵਿਚੋਂ 8 ਹਾਰਨ ਤੋਂ ਬਾਅਦ ਮੰਗਲਵਾਰ (28 ਮਈ) ਨੂੰ ਸ਼੍ਰੋ.ਅ.ਦ. (ਬ) ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਦਲ ਦੀਆਂ ਦੋ ਇਕੱਤਰਾਵਾਂ ਕੀਤੀ ਗਈਆਂ- ਇਕ ‘ਕੋਰ ਕਮੇਟੀ’ ਦੀ ਤੇ ਦੂਜੀ ਦਲ ਦੇ ਵਿਧਾਇਕਾਂ ਦੀ।
ਇਨ੍ਹਾਂ ਇਕੱਤਰਤਾਵਾਂ ਦੌਰਾਨ ਸ਼੍ਰੋ.ਅ.ਦ. (ਬ) ਪ੍ਰਧਾਨ ਵਲੋਂ ਦਲ ਦੀ ਸਿਆਸੀ ਭਾਈਵਾਲ ਭਾਜਪਾ ਦੀਆਂ ਸਿਫਤਾਂ ਦੀ ਝੜੀ ਲਾ ਦਿੱਤੀ ਗਈ।
ਖਬਰਾਂ ਹਨ ਕਿ ਸੁਖਬੀਰ ਬਾਦਲ ਨੇ ਤਾਂ ਆਪਣੇ ਆਗੂਆਂ ਇਥੋਂ ਤੱਕ ਕਹਿ ਦਿੱਤਾ ਕਿ ਭਾਜਪਾ ਵਾਲੇ ਹਰ ਥਾਂ ਮੋਦੀ-ਮੋਦੀ ਜਪਦੇ ਰਹਿੰਦੇ ਹਨ ਕੀ ਕਦੇ ਤੁਸੀਂ ਕਿਸੇ ਬੂਥ ਤੇ ਸੁਖਬੀਰ-ਸੁਖਬੀਰ ਕਿਹੈ?
ਇੰਡੀਅਨ ਐਕਸਪ੍ਰੈਸ ਵਿਚ ਛਪੀ ਖਬਰ ਮੁਤਾਬਕ ਜਿਵੇਂ ਹੀ ਸੁਖਬੀਰ ਬਾਦਲ ਨੇ ਇਹ ਸਵਾਲ ਕੀਤਾ ਤਾਂ ਦਲ ਦੇ ਇਕ ਆਗੂ ਨੇ ਉੱਚੀ ਸਾਰੀ ਨਾਅਰਾ ਲਾਇਆ ‘ਸੁਖਬੀਰ ਸਿੰਘ ਬਾਦਲ ਜਿੰਦਾਬਾਦ’।
ਸ਼੍ਰੋ.ਅ.ਦ (ਬ) ਵਲੋਂ ਜਿੱਤੀਆਂ ਗਈਆਂ ਦੋਵੇਂ ਲੋਕ ਸਭਾ ਸੀਟਾਂ ਬਾਦਲ ਪਰਵਾਰ ਵਿਚੋਂ ਸੁਖਬੀਰ ਸਿੰਘ ਬਾਦਲ ਅਤੇ ਉਸਦੀ ਘਰਵਾਲੀ ਹਰਸਿਮਰਤ ਕੌਰ ਬਾਦਲ ਵਲੋਂ ਲੜੀਆਂ ਗਈਆਂ ਸਨ। ਸੁਖਬੀਰ ਸਿੰਘ ਬਾਦਲ ਇਸ ਗੱਲ ਨੂੰ ਸ਼੍ਰੋ.ਅ.ਦ. (ਬ) ਉੱਤੇ ਆਪਣੀ ਮਜਬੂਤ ਪਕੜ ਦਾ ਪ੍ਰਤੀਕ ਦੱਸ ਰਿਹਾ ਹੈ।
ਖਬਰ ਹੈ ਕਿ ਇਕੱਤਰਾਵਾਂ ਵਿਚ ਇਸ ਗੱਲ ਉੱਤੇ ਚਰਚਾ ਕੀਤੀ ਗਈ ਕਿ ਇਸ ਵਾਰ ‘ਮੋਦੀ-ਤੱਤ’ ਕਾਰਨ ਦਲ ਨੂੰ ਸ਼ਹਿਰੀ ਇਲਾਕਿਆਂ ਵਿਚ ਫਾਇਦਾ ਹੋਇਆ ਹੈ ਪਰ ਦਲ ਦੇ ਪੇਂਡੂ ਅਧਾਰ ਨੂੰ ਖੋਰਾ ਲੱਗਾ ਹੈ। ਬਹੁਜਨ ਵੋਟ ਦੇ ਰਿਵਾਇਤੀ ਪਾਸੇ ਤੋਂ ਖਿਸਕਣ ਬਾਰੇ ਵੀ ਚਰਚਾ ਹੋਈ।
ਦੱਸਣਾ ਬਣਦਾ ਹੈ ਕਿ ਇਸ ਵਾਰ ਪੰਜਾਬ ਦੇ ਹਿੰਦੂ ਵਰਗ ਨੇ ਮੋਦੀ ਦੇ ਨਾਂ ਤੇ ਭਾਜਪਾ ਦੇ ਨਾਲ-ਨਾਲ ਸ਼੍ਰੋ.ਅ.ਦ. (ਬ) ਨੂੰ ਵੀ ਵੋਟਾਂ ਪਾਈਆਂ ਹਨ ਪਰ ਦੂਜੇ ਬੰਨੇ ਇਸ ਦਲ ਤੋਂ ਬਦਜਨ ਹੋਏ ਸਿੱਖ ਵਰਗ ਦੀ ਵੋਟ ਕਾਫੀ ਹੱਦ ਤੱਕ ਕਾਂਗਰਸ ਨੂੰ ਪਈ ਹੈ। ਪੰਜਾਬ ਵਿਚ ਇਸ ਵਾਰ ਕਾਫੀ ਬਹੁਜਨ ਵੋਟ ਕਾਂਗਰਸ ਦੇ ਖੇਮੇ ਤੋਂ ਨਿਕਲ ਕੇ ਬਹੁਜਨ ਸਮਾਜ ਪਾਰਟੀ (ਬ.ਸ.ਪਾ) ਵੱਲ ਗਈ ਹੈ।
ਖਬਰ ਹੈ ਕਿ ਇਕੱਤਰਤਾਵਾਂ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਾਜਪਾ ਵਾਲਿਆਂ ਦਾ ਜਥੇਬੰਦਕ ਢਾਂਚਾ ਬਹੁਤ ਵਧੀਆ ਹੈ ਅਤੇ ਉਹ ਵੱਖ-ਵੱਖ ਇਕਾਈਆਂ ਦੀਆਂ ਲਗਾਤਾਰ ਇਕੱਤਰਤਾਵਾਂ ਕਰਦੇ ਹਨ ਤੇ ਚੋਣਾਂ ਦੌਰਾਨ ਉਨ੍ਹਾਂ ਦਾ ‘ਬੂਥ ਪ੍ਰਬੰਧ’ ਬਹੁਤ ਵਧੀਆ ਹੈ।
ਇੰਡੀਅਨ ਐਕਸਪ੍ਰੈਸ ਦੀ ਖਬਰ ਮੁਤਾਬਕ ਸੁਖਬੀਰ ਸਿੰਘ ਬਾਦਲ ਨੇ ਆਗੂਆਂ ਨੂੰ ਸ਼੍ਰੋ.ਅ.ਦ. (ਬ) ਦੀ ਮੈਂਬਰਸ਼ਿਪ ਦੀ ਮੁਹਿੰਮ ਹਾਲੀ ਰੋਕ ਦੇਣ ਲਈ ਕਿਹਾ ਹੈ ਤਾਂ ਕਿ ਆਉਂਦੇ ਦਿਨਾਂ ਵਿਚ ਇਹ ਮੁਹਿੰਮ ਮੁੜ ਸ਼ੁਰੂ ਕਰਕੇ ਇਸ ਦਲ ਨੂੰ ‘ਹੋਰ ਵਧੇਰੇ ਨੁਮਾਇੰਦਗੀ’ ਵਾਲਾ ਬਣਾਇਆ ਜਾ ਸਕੇ।