ਦਲ ਖ਼ਾਲਸਾ ਦਾ ਨੌਜਵਾਨ ਕਾਰਜਕਰਤਾ ਘੱਲੂਘਾਰੇ ਦੀ ਯਾਦ 'ਚ ਹੋਣ ਵਾਲੇ ਸਮਾਗਮਾਂ ਦੇ ਸਬੰਧ 'ਚ ਪੋਸਟਰ ਲਾਉਂਦਾ ਹੋਇਆ

ਸਿਆਸੀ ਖਬਰਾਂ

‘ਅੰਮ੍ਰਿਤਸਰ ਬੰਦ’ ਦੇ ਸੱਦੇ ਦਾ ਮਾਨ ਦਲ ਵਲੋਂ ਵਿਰੋਧ; ਪ੍ਰੋ. ਬਡੂੰਗਰ ਵਲੋਂ ਸਾਂਝੇ ਸਮਾਗਮ ਦੀ ਕੀਤੀ ਤਰੀਫ

By ਸਿੱਖ ਸਿਆਸਤ ਬਿਊਰੋ

June 04, 2017

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸ਼ਨੀਵਾਰ ਨੂੰ ਅਜ਼ਾਦੀ ਪਸੰਦ ਸਿੱਖ ਜਥੇਬੰਦੀ ਦਲ ਖ਼ਾਲਸਾ ਵਲੋਂ 6 ਜੂਨ ਨੂੰ ਦਿੱਤੇ ‘ਅੰਮ੍ਰਿਤਸਰ ਬੰਦ’ ਦੇ ਸੱਦੇ ਦਾ ਵਿਰੋਧ ਕੀਤਾ ਹੈ। ਜ਼ਿਕਰਯੋਗ ਹੈ ਕਿ ਦਲ ਖ਼ਾਲਸਾ ਵਲੋਂ ਹਰ ਵਰ੍ਹੇ ਜੂਨ 1984 ‘ਚ ਦਰਬਾਰ ਸਾਹਿਬ, ਅਕਾਲ ਤਖ਼ਤ ਸਾਹਿਬ ‘ਤੇ ਹੋਏ ਭਾਰਤੀ ਫੌਜ ਦੇ ਹਮਲੇ ਦੀ ਯਾਦ ਵਿਚ ਸਿੱਖਾਂ ਦੇ ਵਿਰੋਧ ਨੂੰ ਪ੍ਰਗਟਾਉਣ ਲਈ ‘ਅੰਮ੍ਰਿਤਸਰ ਬੰਦ’ ਦਾ ਸੱਦਾ ਦਿੱਤਾ ਜਾਂਦਾ ਹੈ।

ਮਾਨ ਦਲ ਵਲੋਂ ਜਾਰੀ ਪ੍ਰੈਸ ਬਿਆਨ, ਜਿਸਦੀ ਕਾਪੀ ਸਿੱਖ ਸਿਆਸਤ ਨਿਊਜ਼ ਕੋਲ ਮੌਜੂਦ ਹੈ, ਵਿਚ ਦਲ ਦੇ ਮੁੱਖੀ ਨੇ ਕਿਹਾ ਕਿ 6 ਜੂਨ ਸਿੱਖਾਂ ਲਈ ਇਕ ਦਰਦ ਭਰਿਆ ਦਿਨ ਹੈ ਅਤੇ ਅਜਿਹੇ ਮੌਕੇ ‘ਅੰਮ੍ਰਿਤਸਰ ਬੰਦ’ ਦਾ ਸੱਦਾ ਦੇ ਕੇ ਮੁੱਦੇ ਦੀ ਗੰਭੀਰਤਾ ਨੂੰ ਘਟਾਉਣ ਦੇ ਬਰਾਬਰ ਹੈ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਦੀ ਤਰੀਫ ਕਰਦੇ ਹੋਏ ਸ. ਸਿਮਰਨਜੀਤ ਸਿੰਘ ਮਾਨ ਨੇ ਕਿਹਾ, “ਜਦੋਂ ਸ਼੍ਰੋਮਣੀ ਕਮੇਟੀ ਦੇ ਦੂਰਅੰਦੇਸ਼ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ 6 ਜੂਨ ਦੇ ਸਮਾਗਮਾਂ ਮੌਕੇ ਸਿੱਖਾਂ ‘ਚ ਏਕਤਾ ਲਿਆਉਣ ਦੀ ਕੋਸ਼ਿਸ਼ਾਂ ਕਰ ਰਹੇ ਹਨ ਤਾਂ ਅਜਿਹੇ ਮੌਕੇ ਦਲ ਖ਼ਾਲਸਾ ਵਲੋਂ ਆਪਣੇ ਤੌਰ ‘ਤੇ ਬੰਦ ਦੇ ਸੱਦੇ ਦੀ ਕੀ ਲੋੜ ਹੈ।

ਦਲ ਖ਼ਾਲਸਾ ਦੇ ਆਗੂ ਕੰਵਰਪਾਲ ਸਿੰਘ ਨੇ ਸਿੱਖ ਸਿਆਸਤ ਨਿਊਜ਼ ਨਾਲ ਗੱਲ ਕਰਦੇ ਹੋਏ ਕਿਹਾ, “ਅੰਮ੍ਰਿਤਸਰ ਬੰਦ ਦਾ ਸੱਦਾ ਦਲ ਖ਼ਾਲਸਾ ਵਲੋਂ ਪਿਛਲੇ 4 ਸਾਲਾਂ ਤੋਂ ਦਿੱਤਾ ਜਾ ਰਿਹਾ ਹੈ। ਸਟੇਟ ਦੇ ਅਤਿਆਚਾਰਾਂ ਦਾ ਲੋਕਤੰਤਰਿਕ ਤਰੀਕੇ ਨਾਲ ਜਵਾਬ ਦੇਣ ਲਈ ‘ਬੰਦ’ ਹੀ ਸਭ ਤੋਂ ਕਾਰਗਰ ਤਰੀਕਾ ਹੈ। ਅਸੀਂ ਧੱਕੇ ਨਾਲ ਬੰਦ ਕਰਾਉਣ ਦੇ ਹੱਕ ਵਿਚ ਨਹੀਂ। ਅਸੀਂ ਤਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ 6 ਜੂਨ ਨੂੰ ਬੰਦ ਰੱਖਣ।

ਉਨ੍ਹਾਂ ਅੱਗੇ ਕਿਹਾ ਕਿ ਪਿਛਲੇ 4 ਸਾਲਾਂ ਤੋਂ ਬੰਦ ਪੂਰੀ ਤਰ੍ਹਾਂ ਕਾਮਯਾਬ ਰਿਹਾ।

ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਜਾਰੀ ਅਪੀਲ ਦੇ ਬਾਰੇ ‘ਚ ਪੁੱਛਣ ‘ਤੇ ਕੰਵਰਪਾਲ ਸਿੰਘ ਨੇ ਕਿਹਾ ਕਿ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨਾਲ ਘੱਲੂਘਾਰਾ ਸਮਾਗਮਾਂ ਬਾਰੇ ਵਿਚਾਰਾਂ ਹੋਈਆਂ ਹਨ। ਸ਼੍ਰੋਮਣੀ ਕਮੇਟੀ ਨੇ 6 ਜੂਨ ਨੂੰ ਅਕਾਲ ਤਖ਼ਤ ਸਾਹਿਬ ‘ਤੇ ਹੋਣੇ ਵਾਲੇ ਸਮਾਗਮਾਂ ਲਈ ਸਹਿਯੋਗ ਦੀ ਮੰਗ ਕੀਤੀ ਸੀ ਅਤੇ ਦਲ ਖ਼ਾਲਸਾ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਅਸੀਂ ਹਰ ਸੰਭਵ ਮਦਦ ਕਰਾਂਗੇ। ਉਨ੍ਹਾਂ ਕਿਹਾ ਕਿ ਪ੍ਰੋ. ਬਡੂੰਗਰ ਨੇ ਅੰਮ੍ਰਿਤਸਰ ਬੰਦ ਦਾ ਮੁੱਦਾ ਸਾਡੇ ਕੋਲ ਨਹੀਂ ਸੀ ਚੁੱਕਿਆਂ ਜੇਕਰ ਉਨਹਾਂ ਇਹ ਮਸਲਾ ਚੁੱਕਿਆ ਹੁੰਦਾ ਤਾਂ ਅਸੀਂ ਉਨ੍ਹਾਂ ਨਾਲ ਇਸ ਬਾਰੇ ਵੀ ਤਸੱਲੀਬਖਸ਼ ਤਰੀਕੇ ਨਾਲ ਕਰ ਲੈਣੀ ਸੀ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: SAD (Mann) Criticises Dal Khalsa For Bandh Call, Praises SGPC Chief For Collective Samagam …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: