ਸਿੱਖ ਖਬਰਾਂ

ਇਨਸਾਫ ਦੀ ਉਡੀਕ ‘ਚ ਲੰਘੀ ਸਾਕਾ ਨਕੋਦਰ ਦੇ ਸ਼ਹੀਦਾਂ ਦੀ 33ਵੀਂ ਬਰਸੀ

February 10, 2019 | By

ਨਕੋਦਰ (10 ਫਰਵਰੀ): ਸ਼ਹੀਦ ਭਾਈ ਰਵਿੰਦਰ ਸਿੰਘ ਲਿੱਤਰਾਂ ਦੇ ਪਿੰਡ ਲਿੱਤਰਾਂ ਵਿਖੇ ਨਕੋਦਰ ਸਾਕੇ ਨੂੰ ਯਾਦ ਕਰਦਿਆਂ ਸ਼ਹੀਦਾਂ – ਭਾਈ ਰਵਿੰਦਰ ਸਿੰਘ, ਭਾਈ ਝਿਲਮਣ ਸਿੰਘ, ਭਾਈ ਬਲਧੀਰ ਸਿੰਘ ਅਤੇ ਭਾਈ ਹਰਮਿੰਦਰ ਸਿੰਘ ਜੀ ਦੀ 33ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਭਾਈ ਰਵਿੰਦਰ ਸਿੰਘ ਜੀ ਦੇ ਪਿਤਾ ਬਾਪੂ ਬਲਦੇਵ ਸਿੰਘ ਹਰ ਸਾਲ ਵਾਂਗ ਅਮਰੀਕਾ ਤੋਂ ਆਏ। ਗੁਰੂਦੁਆਰਾ ਸਾਹਿਬ ਵਿਖੇ ਸ੍ਰੀ ਸਹਿਜ ਪਾਠ ਜੀ ਦੇ ਭੋਗ ਉਪਰੰਤ ਰਾਗੀ ਸਿੰਘਾਂ ਨੇ ਸਿੱਖ ਪੰਥ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਭਾਵ-ਭਿੰਨਾ ਗੁਰਬਾਣੀ ਕੀਰਤਨ ਪਹੁੰਚੀ ਸੰਗਤ ਨੂੰ ਸਰਵਣ ਕਰਵਾਇਆ।

4 ਫਰਵਰੀ 1986 ਨੂੰ ਨਕੋਦਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ ਇਕੱਠੀ ਹੋਈ ਸੰਗਤ ਉੱਪਰ ਪੰਜਾਬ ਪੁਲਸ ਵੱਲੋਂ ਅੰਨ੍ਹੇਵਾਹ ਗੋਲੀਆਂ ਵਰ੍ਹਾ ਕੇ 4 ਨੌਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਨਕੋਦਰ ਸਾਕੇ ਵਜੋਂ ਜਾਣੇ ਜਾਂਦੇ ਇਸ ਸਰਕਾਰੀ ਦਹਿਸ਼ਤਗਰਦੀ ਦੇ ਕਿੱਸੇ ਦੇ ਨਿਆਂ ਲਈ ਅਨੇਕਾਂ ਯਤਨ ਕੀਤੇ ਗਏ ਪਰ 33 ਸਾਲ ਬੀਤਣ ਮਗਰੋਂ ਇਨਸਾਫ ਦੀ ਕੋਈ ਮੱਧਮ ਜੇਹੀ ਲੋਅ ਵੀ ਪਰਿਵਾਰਾਂ ਨੂੰ ਹਾਲੇ ਤੱਕ ਨਹੀਂ ਦਿਖੀ।

ਸਾਕਾ ਨਕੋਦਰ 1986 ਵਿਚ ਸ਼ਹੀਦ ਹੋਣ ਵਾਲੇ ਸਿੱਖ ਨੌਜਵਾਨਾਂ ਦੀਆਂ ਤਸਵੀਰਾਂ – ਸ਼ਹੀਦ ਰਵਿੰਦਰ ਸਿੰਘ, ਸ਼ਹੀਦ ਹਰਮਿੰਦਰ ਸਿੰਘ, ਸ਼ਹੀਦ ਝਲਮਣ ਸਿੰਘ ਅਤੇ ਸ਼ਹੀਦ ਬਲਧੀਰ ਸਿੰਘ

ਪੰਜਾਬ ਸਰਕਾਰ ਵੱਲੋਂ ਇਸ ਸਾਕੇ ਦੀ ਜਾਂਚ ਲਈ ਬਣਾਏ ਗਏ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਹਾਲੇ ਤੱਕ ਵੀ ਜਨਤਕ ਨਹੀਂ ਕੀਤੀ ਗਈ। ਅਪ੍ਰੈਲ 2017 ਵਿਚ ਨਕੋਦਰ ਸਾਕੇ ਦੇ ਸ਼ਹੀਦਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਲਗਾਈਆਂ ਗਈਆਂ ਸਨ।

ਅਰਦਾਸ ਅਤੇ ਹੁਕਮਨਾਮਾ ਸਾਹਿਬ ਤੋਂ ਉਪਰੰਤ ਬਾਪੂ ਬਲਦੇਵ ਸਿੰਘ ਜੀ ਨੇ 4 ਅਤੇ 5 ਫਰਵਰੀ 1986 ਦੇ ਦਿਨਾਂ ਨੂੰ ਚੇਤੇ ਕਰਦਿਆਂ ਦੱਸਿਆ ਕਿ ਉਹਨਾਂ ਨੂੰ ਸ਼ਹੀਦਾਂ ਦੀਆਂ ਦੇਹਾਂ ਦੇ ਦਰਸ਼ਨ ਵੀ ਕਿੰਨੀ ਮੁਸ਼ਕਲ ਨਾਲ ਨਸੀਬ ਹੋਏ ਸਨ। ਇਸ ਸਮਾਗਮ ਮੌਕੇ ਹਾਜਰੀ ਭਰਨ ਆਏ ਦਲ ਖਾਲਸਾ ਦੇ ਆਗੂ ਸ.ਹਰਚਰਨਜੀਤ ਸਿੰਘ ਧਾਮੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਅੰਦਰ ਵਾਪਰੇ ਸਾਕਾ ਨਕੋਦਰ ਅਤੇ ਸਾਕਾ ਬਹਿਬਲ ਕਲਾਂ ਬਾਰੇ ਦੱਸਦਿਆਂ ਕਿਹਾ ਕਿ “ਸਿੱਖ ਪੰਥ ਨੂੰ ਆਪਣੀ ਵਰਤਮਾਨ ਰਾਜਸੀ ਸਥਿਤੀ ਬਾਰੇ ਚੇਤੰਨ ਹੋਕੇ ਸੋਚਣ ਦੀ ਲੋੜ ਹੈ”। ਇਸ ਮੌਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਭਾਵਪੂਰਤ ਸ਼ਬਦਾਂ ਨਾਲ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।

ਸਾਕਾ ਨਕੋਦਰ ਦੇ ਸ਼ਹੀਦਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਾਏ ਜਾਣ ਮੌਕੇ ਦੀ ਇਕ ਤਸਵੀਰ (2017)

ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਭਾਈ ਨਰਾਇਣ ਸਿੰਘ ਚੌੜਾ ਅਤੇ ਪ੍ਰੋਫੈਸਰ ਬਲਜਿੰਦਰ ਸਿੰਘ ਜੀ ਨੇ ਕਿਹਾ ਕਿ ਓਹ ਨਕੋਦਰ ਸਾਕੇ ਦੀ ਜਾਂਚ ਲਈ ਬਣੇ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਜਾਂਚ ਜਨਤਕ ਕਰਵਾਉਣ ਲਈ ਕਨੂੰਨੀ ਕੋਸ਼ਿਸ਼ਾਂ ਕਰਨਗੇ।

ਭਾਈ ਨਰਾਇਣ ਸਿੰਘ ਨੇ ਦੱਸਿਆ ਕਿ ਨਕੋਦਰ ਸਾਕੇ ਦੇ ਇਨਸਾਫ ਲਈ ਯਤਨ ਕਰਨਾ ਪੰਜ ਮੈਂਬਰੀ ਕਮੇਟੀ ਦੇ ਮੁੱਢਲੇ ਨਿਸ਼ਾਨਿਆਂ ਵਿਚੋਂ ਹੈ।

ਇਸ ਮੌਕੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਆਗੂ ਸ. ਕਰਨੈਲ ਸਿੰਘ ਪੀਰ ਮੁਹੰਮਦ ਨੇ ਆਪਣੇ ਵਿਚਾਰਾਂ ਨੂੰ ਪੰਥਕ ਤਾਲਮੇਲ ‘ਤੇ ਕੇਂਦਰਿਤ ਰੱਖਿਆ ਅਤੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਅਗਲੇ ਇਜਲਾਸ ਮੌਕੇ ਵਿਧਾਨ ਸਭਾ ਦੇ ਬਾਹਰ ਰੋਸ ਵਿਖਾਵਾ ਕੀਤਾ ਜਾਣਾ ਚਾਹੀਦਾ ਹੈ।

ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਤੋਂ ਭਾਈ ਸੁਖਜੀਤ ਸਿੰਘ ਖੋਸੇ, ਅਲਾਇੰਸ ਆਫ ਸਿੱਖ ਆਰਗਨਾਈਜ਼ੇਸ਼ਨ ਤੋਂ ਸ. ਪਰਮਪਾਲ ਸਿੰਘ,ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੋਂ ਸ.ਜਗਜੀਤ ਸਿੰਘ ਪਹੁੰਚੇ।


⊕ 4 ਫਰਵਰੀ, 2018 ਨੂੰ ਮਨਾਏ ਗਏ ਸ਼ਹੀਦੀ ਦਿਹਾੜੇ ਮੌਕੇ ਬਾਪੂ ਬਲਦੇਵ ਸਿੰਘ ਜੀ ਵਲੋਂ ਸਾਂਝੇ ਕੀਤੇ ਵਿਚਾਰ ਸੁਣੋ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,