ਅਮਰਜੀਤ ਸਿੰਘ ਸੰਦੋਆ

ਖਾਸ ਖਬਰਾਂ

ਜੇ ਨਜ਼ਾਇਜ਼ ਮਾਇਨਿੰਗ ਵਿਚ ਮੈਂ ਦੋਸ਼ੀ ਪਾਇਆ ਗਿਆ ਤਾਂ ਖੁਦ ਨੂੰ ਗੋਲੀ ਮਾਰ ਲਵਾਂਗਾ: ਸੰਦੋਆ

By ਸਿੱਖ ਸਿਆਸਤ ਬਿਊਰੋ

June 24, 2018

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਆਪਣੇ ਉਤੇ ਹੋਏ ਹਮਲੇ ਤੋਂ ਬਾਅਦ ਪਹਿਲੀ ਵਾਰ ਮੀਡੀਆ ਸਾਹਮਣੇ ਆਉਂਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਇਸ ਘਟਨਾ ਦੀ ਨਿਰਪੱਖ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਜੇ ਉਹ ਦੋਸ਼ੀ ਪਾਏ ਗਏ ਤਾਂ ‘ਆਪਣੇ ਆਪ ਨੂੰ ਗੋਲੀ’ ਮਾਰ ਲੈਣਗੇ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਉਪਰ ਹੋਏ ਹਮਲੇ ਸਮੇਤ ਬੀਤੇ 10 ਸਾਲਾਂ ਦੌਰਾਨ ਰੇਤਾ ਦੀਆਂ ਖੱਡਾਂ ਦੀ ਹੋਈ ਲੁੱਟ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਉਹ ਲਗਾਤਾਰ ਰੇਤ ਮਾਫੀਆ ਵਿਰੁੱਧ ਮੁਹਿੰਮ ਚਲਾ ਰਹੇ ਹਨ, ਜਿਸ ਕਾਰਨ ਵਿਰੋਧੀਆਂ ਨੂੰ ਤਕਲੀਫ ਹੋ ਰਹੀ ਹੈ। ਸੰਦੋਆ ਅੱਜ ਪੀਜੀਆਈ ’ਚ ਇਲਾਜ ਪਿੱਛੋਂ ਛੁੱਟੀ ਮਿਲਣ ਤੋਂ ਬਾਅਦ ਆਪਣੇ ਪਿੰਡ ਪਰਤ ਗਏ।

ਉਨ੍ਹਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਬੁਲਾਰੇ ਅਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਉਪਰ ਅਕਾਲੀ-ਭਾਜਪਾ ਸਰਕਾਰ ਵੇਲੇ ਇਸ ਖੇਤਰ ਦੇ ਪਹਾੜਾਂ (ਲੱਕੜ) ਅਤੇ ਰੇਤਾ ਦੀਆਂ ਖੱਡਾਂ ਦੀ ਕਥਿਤ ਲੁੱਟ ਕਰਨ ਦੇ ਗੰਭੀਰ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਡਾ. ਚੀਮਾ ਨੇ ਆਪਣੇ ਸਮੇਂ ਕਥਿਤ ਤੌਰ ’ਤੇ ਵੱਡੇ ਪੱਧਰ ’ਤੇ ਲੁੱਟ ਕੀਤੀ ਹੈ ਅਤੇ ਹੁਣ ਉਨ੍ਹਾਂ ਉਪਰ ਝੂਠੇ ਦੋਸ਼ ਲਾ ਰਹੇ ਹਨ। ‘ਆਪ’ ਪੰਜਾਬ ਦੇ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਨੇ ਦੋਸ਼ ਲਾਇਆ ਕਿ ਕੈਪਟਨ ਸਰਕਾਰ ਵੀ ਪਿਛਲੀ ਬਾਦਲ ਸਰਕਾਰ ਵਾਂਗ ਰੇਤ ਮਾਫ਼ੀਆ ਦੀ ‘ਪੁਸ਼ਤਪਨਾਹੀ’ ਕਰ ਰਹੀ ਹੈ, ਜਿਸ ਕਾਰਨ ਮੁੱਖ ਮੰਤਰੀ ਧੜੱਲੇ ਨਾਲ ਚੱਲ ਰਹੀ ਨਾਜਾਇਜ਼ ਮਾਈਨਿੰਗ ਦੀ ਜਾਂਚ ਸੀਬੀਆਈ ਹਵਾਲੇ ਕਰਨ ਤੋਂ ਭੱਜ ਰਹੇ ਹਨ। ਸੰਦੋਆ ਉੱਪਰ ਮਾਈਨਿੰਗ ਮਾਫ਼ੀਆ ਨਾਲ ਸਬੰਧਾਂ ਦੇ ਦੋਸ਼ਾਂ ਨੂੰ ਉਨ੍ਹਾਂ ਮੂਲੋਂ ਰੱਦ ਕਰ ਦਿੱਤਾ। ਉਨ੍ਹਾਂ ਐਲਾਨ ਕੀਤਾ ਕਿ 25 ਜੂਨ ਨੂੰ ਰੇਤ ਮਾਫ਼ੀਆ ਵਿਰੁੱਧ ਰੂਪਨਗਰ ਵਿਚ ਮਾਰੇ ਜਾ ਰਹੇ ਧਰਨੇ ਵਿਚ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।

ਸੰਦੋਆ ’ਤੇ ਦੋਸ਼ ਮੈਂ ਨਹੀਂ ‘ਆਪ’ ਆਗੂਆਂ ਨੇ ਹੀ ਲਾਏ: ਚੀਮਾ ਡਾ. ਦਲਜੀਤ ਸਿੰਘ ਚੀਮਾ ਨੇ ਸੰਪਰਕ ਕਰਨ ’ਤੇ ਕਿਹਾ ਕਿ ਸ੍ਰੀ ਸੰਦੋਆ ਵੱਲੋਂ ਰੇਤ ਦੀਆਂ ਖੱਡਾਂ ਦੇ ਠੇਕੇਦਾਰਾਂ ਤੋਂ ਪੈਸੇ ਲੈਣ ਦੇ ਦੋਸ਼ ਉਨ੍ਹਾਂ ਨਹੀਂ ਸਗੋਂ ‘ਆਪ’ ਦੇ ਆਗੂਆਂ ਨੇ ਹੀ ਲਾਏ ਗਏ ਹਨ ਅਤੇ ਹੁਣ ਉਹ ਉਨ੍ਹਾਂ ਉਪਰ ਚਿਕੜ ਉਛਾਲੀ ਕਰਕੇ ਇਸ ਮਾਮਲੇ ਤੋਂ ਧਿਆਨ ਹਟਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸੰਦੋਆ ’ਤੇ ਹੋਏ ਹਮਲੇ ਦੀ ਨਿਖੇਧੀ ਕਰਦੇ ਹਨ, ਪਰ ਉਨ੍ਹਾਂ ਉਪਰ ਲੱਗੇ ਦੋਸ਼ਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ।

ਨਾਜਾਇਜ਼ ਖਣਨ: ਮਾਮਲਾ ਕੇਂਦਰ ਕੋਲ ਉਠਾਏਗਾ ਬਾਦਲ ਦਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਸੂਬੇ ਵਿੱਚ ਵੱਡੇ ਪੱਧਰ ਉੱਤੇ ਰੇਤ ਮਾਫੀਆ ਵੱਲੋਂ ਕੀਤੇ ਜਾ ਰਹੇ ਨਾਜਾਇਜ਼ ਖਣਨ ਕਾਰਨ ਸੂਬੇ ਦੀ ਜ਼ਮੀਨ, ਪਾਣੀ, ਸੜਕਾਂ ਦੇ ਟੁੱਟਣ ਅਤੇ ਵਾਤਾਵਰਣ ਨੂੰ ਵੱਧ ਰਹੇ ਖ਼ਤਰੇ ਦਾ ਮਾਮਲਾ ਕੇਂਦਰ ਸਰਕਾਰ ਕੋਲ ਲਿਜਾਣ ਦਾ ਫ਼ੈਸਲਾ ਕੀਤਾ ਹੈ।

ਬਾਦਲ ਦਲ ਦੇ ਜਨਰਲ ਸਕੱਤਰ ਅਤੇ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮੁੱਦੇ ’ਤੇ ਚੁੱਪ ਧਾਰੀ ਹੋਈ ਹੈ ਤੇ ਮਾਫੀਆ ਵੱਲੋਂ ਪਹਿਲਾਂ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਤੇ ਫਿਰ ਵਿਧਾਇਕ ’ਤੇ ਹਮਲਾ ਕੀਤਾ ਗਿਆ, ਪਰ ਸਰਕਾਰ ਫਿਰ ਵੀ ਨਹੀਂ ਜਾਗੀ। ਇਸ ਮੁੱਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਕੇਂਦਰੀ ਵਾਤਾਵਰਣ ਮੰਤਰੀ ਡਾ.ਹਰਸ਼ ਵਰਧਨ ਨੂੰ ਮਿਲ ਕੇ ਕਾਰਵਾਈ ਕਰਨ ਦੀ ਮੰਗ ਕਰੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: