ਪੰਜਾਬ ਦੀ ਰਾਜਨੀਤੀ

ਖਾਲਿਸਤਾਨ ਬਣਨ ਤੇ ਬੇ-ਜਮੀਨੇ ਲੋਕਾਂ ਨੂੰ ਦਿੱਤੀ ਜਾਵੇਗੀ ਜਮੀਨ ਦੀ ਮਾਲਕੀ: ਮਾਨ

By ਸਿੱਖ ਸਿਆਸਤ ਬਿਊਰੋ

February 13, 2016

ਫਤਿਹਗੜ੍ਹ ਸਾਹਿਬ: ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੇ 69ਵੇਂ ਜਨਮ ਦਿਹਾੜੇ ਨੂੰ ਮਨਾਉਦੇ ਹੋਏ ਸ. ਸਿਮਰਨਜੀਤ ਸਿੰਘ ਮਾਨ ਨੇ ਫਤਹਿਗੜ੍ਹ ਸਾਹਿਬ ਦੀ ਧਰਤੀ ਤੇ ਭਰਵੇਂ ਇਕੱਠ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਖਾਲਿਸਤਾਨ ਬਣਨ ਤੇ ਉਸ ਵਿੱਚ ਰਹਿਣ ਵਾਲੇ ਗੈਰ-ਜਿੰਮੀਦਾਰ ਲੋਕਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਵਾਂਗ ਖ਼ਾਲਿਸਤਾਨ ਸਟੇਟ ਕਾਇਮ ਹੋਣ ਦੇ ਪਹਿਲੇ ਦਿਨ ਹੀ ਸਟੇਟ ਵੱਲੋ ਜਮੀਨਾਂ ਦੀ ਵੰਡ ਕਰਕੇ ਦੂਸਰਿਆ ਦੇ ਬਰਾਬਰ ਮਾਲਕ ਬਣਾਇਆ ਜਾਵੇਗਾ  ਤਾਂ ਕਿ ਖ਼ਾਲਿਸਤਾਨ ਸਟੇਟ ਦਾ ਕੋਈ ਵੀ ਨਿਵਾਸੀ ਜਮੀਨਾਂ-ਜ਼ਾਇਦਾਦਾਂ ਤੋ ਬਗੈਰ ਨਾ ਹੋਵੇ ਅਤੇ ਸਭਨਾਂ ਦੀ ਮਾਲੀ ਹਾਲਤ ਮਜ਼ਬੂਤ ਰਹੇ ।

ਐਡਵੋਕੇਟ ਅਮਰ ਸਿੰਘ ਚਹਿਲ ਵੱਲੋਂ ਸਰਬੱਤ ਖਾਲਸਾ ਵਿੱਚ ਚੁਣੇ ਗਏ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦਾ ਸੁਨੇਹਾ ਪੜਿਆ ਗਿਆ, ਜਿਸ ਵਿੱਚ ਉਨ੍ਹਾਂ ਨੇ ਕੌਮੀ ਏਕਤਾ ਦੀ ਅਪੀਲ ਕਰਦਿਆਂ ਸੰਗਤਾਂ ਨੂੰ ਸੰਤ ਭਿੰਡਰਾਂਵਾਲਿਆਂ ਦੇ ਜਨਮ ਦਿਹਾੜੇ ਦੀਆਂ ਮੁਬਾਰਕਾਂ ਦਿੱਤੀਆਂ ਤੇ ਪੰਥਕ ਆਗੂਆਂ ਨੂੰ ਨਸੀਹਤ ਦਿੱਤੀ ਕਿ ਉਹ ਪੰਥਕ ਨਿਸ਼ਾਨੇ ਲਈ ਪੰਥਕ ਸ਼ਕਤੀ ਨੂੰ ਜਥੇਬੰਦ ਕਰਨ।

ਹਲਾਂਕਿ ਪਿੰਡ ਚੱਬਾ ਵਿਖੇ ਹੋਏ ਸਰਬੱਤ ਖਾਲਸਾ ਸਮਾਗਮ ਦੌਰਾਨ ਪਾਏ ਗਏ ਮਤਿਆਂ ਵਿੱਚ ਇਹ ਕਿਹਾ ਗਿਆ ਸੀ ਕਿ ਸਰਬੱਤ ਖਾਲਸਾ ਆਦੇਸ਼ ਕਰਦਾ ਹੈ ਕਿ ਚਲ ਰਹੇ ਅਜਾਦੀ ਦੇ ਸੰਘਰਸ਼ ਦੌਰਾਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਖੁਦਮੁਖਤਿਆਰੀਦੀ ਬਹਾਲੀ ਤਕ ਸਿੱਖਾਂ ਦੇ ਅੰਦਰੂਨੀ ਵਖਰੇਵੇਂ ਵਾਲੇ ਧਾਰਮਿਕ ਮੁੱਦੇਆਂ ਨੂੰ ਨਾ ਉਠਾਇਆ ਜਾਵੇ, ਪਰ ਕੱਲ੍ਹ ਸ. ਮਾਨ ਨੇ ਦਸਮ ਗ੍ਰੰਥ ਦੇ ਮੁੱਦੇ ਤੇ ਵੱਖਰੇ ਵਿਚਾਰ ਰੱਖਣ ਵਾਲੀਆਂ ਕਈ ਸਖਸ਼ੀਅਤਾਂ ਦੀ ਸਖਤ ਅਲੋਚਨਾ ਕੀਤੀ।

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਰਬੱਤ ਖ਼ਾਲਸਾ ਜਥੇਬੰਦੀਆਂ ਵੱਲੋ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਕਰਵਾਏ ਗਏ ਇਸ ਸਮਾਗਮ ਵਿੱਚ ਸੰਤ ਭਿੰਡਰਾਂਵਾਲਿਆਂ ਵੱਲੋਂ ਮਿੱਥੀ ਗਈ ਗਈ ਕੌਮੀ ਮੰਜਿਲ ਨੂੰ ਪਹਿਲੇ ਨਾਲੋ ਵੀ ਵਧੇਰੇ ਦ੍ਰਿੜਤਾ ਅਤੇ ਸੰਜ਼ੀਦਗੀ ਨਾਲ ਇਕ ਤਾਕਤ ਹੋ ਕੇ ਪ੍ਰਾਪਤ ਕਰਨ ਦਾ ਤਹਈਆ ਕੀਤਾ ਗਿਆ । ਸ. ਮਾਨ ਨੇ ਆਪਣੀ ਤਕਰੀਰ ਵਿਚ ਇਸ ਗੱਲ ਤੇ ਉਚੇਚੇ ਤੌਰ ਤੇ ਜੋਰ ਦਿੱਤਾ ਕਿ ਖ਼ਾਲਿਸਤਾਨ ਰਾਜ ਜਮਹੂਰੀਅਤ ਅਤੇ ਅਮਨਮਈ ਕਦਰਾ-ਕੀਮਤਾ ਉਤੇ ਅਧਾਰਿਤ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦਾ ਕੱਛ ਸਿੱਖ ਵਸੋ ਵਾਲੇ ਇਲਾਕੇ ਵਿਚ ਜਲਦੀ ਹੀ ਕਾਇਮ ਹੋਵੇਗਾ । ਇਸ ਰਾਜ ਵਿਚ ਸਭ ਕੌਮਾਂ ਹਿੰਦੂ, ਮੁਸਲਿਮ, ਇਸਾਈ, ਸਿੱਖ, ਰੰਘਰੇਟੇ ਆਦਿ ਸਭਨਾਂ ਨੂੰ ਸੰਪੂਰਨ ਤੌਰ ਤੇ ਆਪੋ-ਆਪਣੇ ਧਰਮ ਵਿਚ ਕਾਇਮ ਰਹਿੰਦੇ ਹੋਏ ਜਿਥੇ ਆਜ਼ਾਦੀ ਨਾਲ ਵਿਚਰਣ ਦੀ ਪੂਰੀ ਖੁੱਲ੍ਹ ਹੋਵੇਗੀ, ਉਥੇ ਸਭਨਾਂ ਲਈ ਵਿਦਿਆ ਅਤੇ ਸਿਹਤ ਸਹੂਲਤਾਂ ਦਾ ਸਟੇਟ ਵੱਲੋ ਮੁਫਤ ਪ੍ਰਬੰਧ ਹੋਵੇਗਾ।

ਉਹਨਾਂ ਕਿਹਾ ਕਿ ਖ਼ਾਲਿਸਤਾਨ ਰਾਜ ਵਿਚ ਹਰ ਤਰ੍ਹਾਂ ਦੀ ਸਮਾਜਿਕ ਬੁਰਾਈ ਦਾ ਮੁਕੰਮਲ ਖਾਤਮਾ ਕਰਕੇ ਇਕ ਅਜਿਹਾ ਨਿਜਾਮ ਦਿੱਤਾ ਜਾਵੇਗਾ, ਜਿਸ ਵਿਚ ਹਰ ਧਰਮ ਤੇ ਕੌਮ ਦਾ ਨਿਵਾਸੀ ਖ਼ਾਲਿਸਤਾਨ ਦੇ ਇਨਸਾਫ਼ ਪਸੰਦ ਤੇ ਬਰਾਬਰਤਾ ਦੇ ਪ੍ਰਬੰਧ ਤੇ ਫਖ਼ਰ ਕਰੇਗਾ।

ਸ. ਮਾਨ ਨੇ ਇਕੱਠ ਨੂੰ ਅਪੀਲ ਕੀਤੀ ਕਿ 2017 ਨੂੰ ਪੰਜਾਬ ਵਿਚ ਨਿਰੋਲ ਪੰਥਕ ਸਰਕਾਰ ਕਾਇਮ ਕਰਨ ਹਿੱਤ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਸਹਿਯੋਗ ਕੀਤਾ ਜਾਵੇ।

ਸ. ਮਾਨ ਨੇ ਸਿੱਖ ਆਗੂਆਂ ਅਤੇ ਸਿੱਖ ਕੌਮ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਜਦੋ ਬੀਜੇਪੀ ਦੇ ਆਗੂ ਅਡਵਾਨੀ ਆਪਣੀ ਕਿਤਾਬ “ਮਾਈ ਕੰਟਰੀ ਮਾਈ ਲਾਈਫ” ਵਿਚ ਬਲਿਊ ਸਟਾਰ ਕਰਵਾਉਣ ਲਈ ਆਪਣੀ ਜਿੰਮੇਵਾਰੀ ਨੂੰ ਪ੍ਰਵਾਨ ਕਰਦੇ ਹਨ ਅਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਨੂੰ ਭਸਮਾਸੁਰ (ਦੈਂਤ) ਆਖਦੇ ਹਨ। ਫਿਰ ਮੌਜੂਦਾ ਹਿੰਦ ਦੇ ਸਦਰ ਪ੍ਰਣਾਬ ਮੁਖਰਜੀ ਆਪਣੇ ਵੱਲੋ ਲਿਖੀ ਕਿਤਾਬ “1980-96 ਅਸ਼ਾਂਤ ਵਰ੍ਹੇ” ਵਿਚ ਕਹਿੰਦੇ ਹਨ ਕਿ ਬਲਿਊ ਸਟਾਰ ਦੇ ਫੌਜੀ ਹਮਲੇ ਤੋ ਬਿਨ੍ਹਾਂ ਸਾਡੇ ਕੋਲ ਕੋਈ ਰਾਹ ਨਹੀਂ ਸੀ । ਇਸੇ ਤਰ੍ਹਾਂ ਆਪ ਪਾਰਟੀ ਦੇ ਕੇਜਰੀਵਾਲ ਦੇ ਵਿਸ਼ਵਾਸਪਾਤਰ ਕੁਮਾਰ ਵਿਸ਼ਵਾਸ ਸੰਤ ਜੀ ਨੂੰ ਦੈਂਤ ਕਹਿੰਦੇ ਹਨ ਅਤੇ ਬੀਤੇ ਦਿਨੀਂ ਅਕਾਲ ਚਲਾਣਾ ਹੋਣ ਵਾਲੇ ਕਾਂਗਰਸੀ ਆਗੂ ਬਲਰਾਮ ਜਾਖੜ ਇਹ ਕਹਿੰਦੇ ਸਨ ਕਿ ਜੇਕਰ ਸਾਨੂੰ ਹਿੰਦ ਦੀ ਅਖੰਡਤਾ ਲਈ 10 ਲੱਖ ਸਿੱਖ ਮਾਰਨੇ ਵੀ ਪਏ ਤਾਂ ਅਸੀਂ ਅਜਿਹਾ ਕਰਨ ਤੋ ਗੁਰੇਜ ਨਹੀਂ ਕਰਾਂਗੇ । ਜਦੋ ਸਭ ਹਿੰਦੂਤਵ ਜਮਾਤਾਂ ਅਤੇ ਆਗੂ ਸਿੱਖ ਕੌਮ ਪ੍ਰਤੀ ਇਕੋ ਜਿਹੀ ਰਾਏ ਰੱਖਦੇ ਹਨ ਅਤੇ ਸਿੱਖਾਂ ਵਿਰੁੱਧ ਅਮਲ ਕਰਦੇ ਹਨ, ਤਾਂ ਸਿੱਖ ਕੌਮ ਆਪਣੀ ਮੰਜਿਲ ਤੇ ਨਿਸਾਨੇ ਲਈ ਇਕ ਕਿਉ ਨਹੀਂ ਹੁੰਦੀ ?

ਉਹਨਾਂ ਕਿਹਾ ਕਿ ਜਦੋ ਪੰਜਾਬ ਵਿਚ ਅਮਨ-ਚੈਨ ਹੈ ਤਾਂ ਉਸ ਨੂੰ ਸੈਟਰ ਅਤੇ ਬਾਦਲ ਦਲੀਆਂ ਵੱਲੋ ਰਲਕੇ ਡਿਸਟਰਬ ਏਰੀਆ ਜਾਰੀ ਰੱਖਣ ਪਿੱਛੇ ਹਿੰਦੂਤਵ ਹੁਕਮਰਾਨਾਂ ਦੀ ਸਿੱਖ ਵਿਰੋਧੀ ਸੋਚ ਕੰਮ ਕਰਦੀ ਹੈ । ਇਸ ਐਕਟ ਰਾਹੀ ਕਿਸੇ ਵੀ ਨਾਗਰਿਕ ਨੂੰ ਬਿਨ੍ਹਾਂ ਕਿਸੇ ਵਾਰੰਟਾਂ ਦੇ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ, ਤਲਾਸੀ ਲਈ ਜਾ ਸਕਦੀ ਹੈ ਅਤੇ ਉਸਨੂੰ ਮਾਰਿਆ ਜਾ ਸਕਦਾ ਹੈ । ਜੇਕਰ ਇਸ ਵਿਰੁੱਧ ਸਿ਼ਕਾਇਤ ਕਰਨੀ ਹੋਵੇ ਤਾਂ ਉਹ ਸੈਟਰ ਦੀ ਕੇਵਲ ਹਿੰਦੂਤਵ ਹਕੂਮਤ ਕੋਲ ਹੀ ਹੋ ਸਕਦੀ ਹੈ । ਅਜਿਹੇ ਅਮਲ ਸਿੱਖ ਮਾਰੂ ਹਨ ਜਿਸ ਦੀ ਸਿੱਖ ਕੌਮ ਵਿਰੋਧਤਾ ਕਰਦੀ ਹੈ ।

ਅੱਜ ਦੇ ਇਕੱਠ ਵਿੱਚ ਪੰਥਕ ਸੇਵਾ ਲਹਿਰ ਦੇ ਬਾਬਾ ਪਰਦੀਪ ਸਿੰਘ ਚਾਂਦਪੁਰਾ ਨੇ 8 ਮਤੇ ਪੜੇ ਜਿਨ੍ਹਾਂ ਨੂੰ ਜੈਕਾਰਿਆਂ ਦੀ ਗੂੰਜ ਵਿੱਚ ਪ੍ਰਵਾਨ ਕੀਤਾ ਗਿਆ।ਪਹਿਲੇ ਮਤੇ ਵਿਚ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਉਹਨਾਂ ਲੋਕਾਂ ਅਤੇ ਤਾਕਤਾਂ ਤੋ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਜੋ ਗੁਰਸਿੱਖ ਦੀਆਂ ਨਿਤਨੇਮ ਦੀਆਂ ਪੰਜ ਬਾਣੀਆਂ, ਦਸਮ ਗ੍ਰੰਥ ਅਤੇ ਅਰਦਾਸ ਸੰਬੰਧੀ ਭੁਲੇਖੇ ਖੜੇ ਕਰਕੇ ਸਿੱਖ ਕੌਮ ਨੂੰ ਦੁਫਾੜ ਕਰਨਾ ਚਾਹੁੰਦੇ ਹਨ, ਦੂਸਰੇ ਮਤੇ ਵਿਚ “ਇਨ ਗਰੀਬ ਸਿੱਖਨ ਕੋ ਦੇਊ ਪਾਤਸਾਹੀ” ਉਤੇ ਅਧਾਰਿਤ ਸਮੁੱਚੇ ਧਰਮਾਂ, ਕੌਮਾਂ ਅਤੇ ਵਰਗਾਂ ਦੀ ਬਰਾਬਰੀ ਤੇ ਇਨਸਾਫ਼ ਵਾਲਾ ਰਾਜ ਪ੍ਰਬੰਧ ਦੇਣ ਲਈ ਖ਼ਾਲਿਸਤਾਨ ਸਟੇਟ ਕਾਇਮ ਕਰਨ, ਤੀਸਰੇ ਮਤੇ ਵਿਚ ਸਮੁੱਚੀਆਂ ਪੰਥਕ ਪਾਰਟੀਆਂ ਅਤੇ ਹਮਖਿਆਲ ਜਮਾਤਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿਚ ਇਕੱਤਰ ਕਰਕੇ ਵਿੱਢੇ ਆਜ਼ਾਦੀ ਦੇ ਸੰਘਰਸ਼ ਦੀ ਪ੍ਰਾਪਤੀ, ਸਰਬੱਤ ਖ਼ਾਲਸਾ ਵੱਲੋ ਨਿਯੁਕਤ ਕੀਤੇ ਗਏ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂਵਾਲ, ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਮੋਹਕਮ ਸਿੰਘ, ਗੁਰਦੀਪ ਸਿੰਘ ਬਠਿੰਡਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਵੱਸਣ ਸਿੰਘ ਜੱਫਰਵਾਲ, ਸਤਨਾਮ ਸਿੰਘ ਮਨਾਵਾ ਅਤੇ ਸ. ਸੂਰਤ ਸਿੰਘ ਖ਼ਾਲਸਾ ਦੀ ਜਿੰਦਗੀ ਨੂੰ ਬਚਾਉਣ ਹਿੱਤ ਸਮੁੱਚੇ ਸਿੰਘਾਂ ਦੀ ਰਿਹਾਈ ਦੀ ਮੰਗ, ਕਿਸਾਨਾਂ ਤੇ ਗਰੀਬਾਂ ਦੀਆਂ ਖੁਦਕਸੀਆਂ ਨੂੰ ਰੋਕਣ ਹਿੱਤ ਪੰਥਕ ਸਰਕਾਰ ਬਣਨ ਤੇ ਇਹਨਾਂ ਵਰਗਾਂ ਦੇ ਸਭ ਕਰਜੇ ਮੁਆਫ਼ ਕਰਨ ਅਤੇ ਕਿਸਾਨਾਂ ਦੀ ਪੈਦਾਵਾਰ ਲਈ ਬੀਜਾਂ, ਦਵਾਈਆਂ, ਖਾਦਾਂ ਵਿਚ ਹੋਣ ਵਾਲੀ ਮਿਲਾਵਟ ਨੂੰ ਸਖਤੀ ਨਾਲ ਰੋਕਣ ਅਤੇ ਉਹਨਾਂ ਨੂੰ ਮਾਲੀ ਤੌਰ ਤੇ ਮਜ਼ਬੂਤ ਕਰਨ ਦੇ ਨਾਲ-ਨਾਲ ਨਸ਼ੀਲੀਆਂ ਵਸਤਾਂ ਦੀ ਹਰ ਪੱਧਰ ਤੇ ਰੋਕਥਾਮ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੋਏ ਅਪਮਾਨ ਅਤੇ ਸ਼ਹੀਦ ਭਾਈ ਗੁਰਜੀਤ ਸਿੰਘ ਸਰਾਵਾ, ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਹਿੱਤ 27 ਫਰਵਰੀ 2016 ਨੂੰ ਬਰਗਾੜੀ ਤੋ ਲੈਕੇ ਫਰੀਦਕੋਟ ਤੱਕ “ਮਨੁੱਖੀ ਚੈਨ” ਬਣਾਉਣ ਦੇ ਉਲੀਕੇ ਗਏ ਪ੍ਰੋਗਰਾਮ ਵਿਚ ਸੰਗਤਾਂ ਨੂੰ ਸ਼ਾਮਿਲ ਹੋਣ ਦੀ ਬੇਨਤੀ, ਪੁਰਤਗਾਲ ਹਕੂਮਤ ਨੂੰ ਭਾਈ ਪਰਮਜੀਤ ਸਿੰਘ ਪੰਮਾ ਨੂੰ ਕਿਸੇ ਵੀ ਹਾਲਤ ਵਿਚ ਭਾਰਤ ਦੇ ਹਵਾਲੇ ਨਾ ਕਰਨ ਅਤੇ ਉਸ ਨੂੰ ਵਾਪਸ ਬਰਤਾਨੀਆ ਭੇਜਣ ਦੀ ਬੇਨਤੀ ਅਤੇ ਅਖੀਰਲੇ ਮਤੇ ਵਿਚ ਜਿਨ੍ਹਾਂ ਐਨ.ਆਰ.ਆਈਜ਼ ਦੀਆਂ ਜ਼ਮੀਨਾਂ-ਜ਼ਾਇਦਾਦਾਂ ਉਤੇ ਬਾਦਲ ਹਕੂਮਤ ਨੇ ਮਿਲੀਭੁਗਤ ਕਰਕੇ ਜ਼ਬਰੀ ਕਬਜੇ ਕੀਤੇ ਹਨ, ਉਹਨਾਂ ਦੀਆਂ ਜ਼ਾਇਦਾਦਾਂ ਨੂੰ 2017 ਵਿਚ ਬਣਨ ਵਾਲੀ ਸਾਡੀ ਪੰਥਕ ਸਰਕਾਰ ਵੱਲੋ ਵਾਪਸ ਦੇਣ ਅਤੇ ਉਹਨਾਂ ਦੀ ਸੁਰੱਖਿਆ ਦੀ ਗਾਰੰਟੀ ਸੰਬੰਧੀ ਮਤੇ ਪਾਸ ਕੀਤੇ ਗਏ ।

ਅੱਜ ਦੇ ਇਕੱਠ ਵਿੱਚ ਯੂਨਾਈਟਿਡ ਅਕਾਲੀ ਦਲ ਦੇ ਭਾਈ ਗੁਰਦੀਪ ਸਿੰਘ ਬਠਿੰਡਾ ਵੱਲੋਂ ਭਾਈ ਧਿਆਨ ਸਿੰਘ ਮੰਡ, ਭਾਈ ਅਮਰੀਕ ਸਿੰਘ ਅਜਨਾਲਾ ਅਤੇ ਭਾਈ ਬਲਜੀਤ ਸਿੰਘ ਦਾਦੂਵਾਲ ਦਾ ਸਾਂਝੇ ਰੂਪ ਵਿੱਚ ਸੁਨੇਹਾ ਪੜ੍ਹ ਕੇ ਸੁਣਾਇਆ ਜਿਸ ਵਿੱਚ ਕਿਹਾ ਗਿਆ ਕਿ ਉਹ ਹੁਣ ਕਿਸੇ ਧੜੇ ਦੇ ਮੈਂਬਰ ਨਹੀਂ ਹਨ ਤੇ ਉਨ੍ਹਾਂ ਧਰਮ ਪ੍ਰਚਾਰ ਦੀ ਲਹਿਰ ਪ੍ਰਚੰਡ ਕਰਨ ਦੀ ਅਪੀਲ ਕੀਤੀ ਤੇ ਕਿਹਾ ਕਿ ਸੰਗਤਾਂ ਦੀਆਂ ਅਰਦਾਸਾਂ ਸਦਕਾ ਉਹ ਜਲਦ ਹੀ ਜੇਲ ਤੋਂ ਰਿਹਾਅ ਹੋਣਗੇ।

ਇਸ ਮੌਕੇ ਬੀਬੀ ਪ੍ਰੀਤਮ ਕੌਰ, ਪਰਮਜੀਤ ਸਿੰਘ ਸਹੌਲੀ, ਬੂਟਾ ਸਿੰਘ ਰਣਸੀਹ, ਜਸਵੰਤ ਸਿੰਘ ਮਾਨ, ਸੁਰਜੀਤ ਸਿੰਘ ਕਾਲਾਬੁਲਾ ਅਤੇ ਪ੍ਰੋਫੈਸਰ ਮਹਿੰਦਰਪਾਲ ਸਿੰਘ ਨੇ ਵੀ ਆਪਣੇ ਵੀਚਾਰਾਂ ਦੀ ਸਾਂਝ ਪਾਈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: