ਵਿਦੇਸ਼

ਨਿਊਯਾਰਕ ਵਿੱਚ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ਜਨਮ ਦਿਨ ਮਨਾਇਆ ਗਿਆ

By ਸਿੱਖ ਸਿਆਸਤ ਬਿਊਰੋ

February 19, 2016

ਭਾਈ ਪੰਮਾ ਦੀ ਰਿਹਾਈ, ਭਾਰਤੀ ਸਿਸਟਮ ਉਪਰ ਸਿੱਖ ਪੰਥ ਦੀ ਜਿੱਤ: ਡਾ. ਅਮਰਜੀਤ ਸਿੰਘ

ਨਿਊਯਾਰਕ: ਸਥਾਨਕ ਰਿਚਮੰਡ ਹਿੱਲ ਸਥਿਤ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਦੋਆਬਾ ਸਿੱਖ ਐਸੋਸੀਏਸ਼ਨ ਵਲੋਂ ਵੀਹਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਦੀਵਾਨ ਸਜਾਏ ਗਏ। ਗੁਰੂਘਰ ਕਮੇਟੀ ਅਤੇ ਸਥਾਨਕ ਸੰਗਤ ਵਿੱਚ ਸੰਤ ਭਿੰਡਰਾਂਵਾਲਿਆਂ ਦੇ ਜਨਮ ਦਿਵਸ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।

ਵਿਸ਼ੇਸ਼ ਤੌਰ ’ਤੇ ਦੀਵਾਨ ਵਿੱਚ ਪਹੁੰਚੇ ਖਾਲਿਸਤਾਨ ਅਫੇਅਰਜ਼ ਸੈਂਟਰ ਦੇ ਸੰਚਲਕ ਡਾ. ਅਮਰਜੀਤ ਸਿੰਘ ਨੇ ਸੰਤ ਜਰਨੈਲ ਸਿੰਘ ਦੇ ਜਨਮ ਦਿਨ ਦੀ ਸੰਗਤ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਮੌਕੇ ਭਾਈ ਪਰਮਜੀਤ ਸਿੰਘ ਪੰਮਾ ਦੀ ਰਿਹਾਈ ਨਾਲ ਕੌਮ ਨੂੰ ਵੱਡੀ ਜਿੱਤ ਹਾਸਲ ਹੋਈ ਹੈ। ਉਹਨਾਂ ਕਿਹਾ ਕਿ ਪੁਰਤਗਾਲ ਵਲੋਂ ਭਾਈ ਪੰਮਾ ਦੀ ਭਾਰਤ ਹਵਾਲਗੀ ਤੋਂ ਇਨਕਾਰ ਕਰਨਾ ਜਿੱਥੇ ਭਾਰਤ ਦੇ ਅਖੌਤੀ ਲੋਕਤੰਤਰ ਦੇ ਮੂੰਹ ’ਤੇ ਕਰਾਰੀ ਚਪੇੜ ਹੈ, ਉ¤ਥੇ ਹੀ ਸਿੱਖਾਂ ਦੇ ਕੌਮੀ ਨਿਸ਼ਾਨੇ ਖਾਲਿਸਤਾਨ ਦੇ ਰਾਹ ਵਿੱਚ ਇੱਕ ਉਸਾਰੂ ਕਦਮ ਹੈ। ਡਾ. ਅਮਰਜੀਤ ਸਿੰਘ ਨੇ ਇਹ ਆਸ ਪ੍ਰਗਟਾਈ ਕਿ ਸਿੱਖ, ਸੰਤਾਂ ਦੇ ਬਚਨਾਂ ’ਤੇ ਦ੍ਰਿੜਤਾ ਨਾਲ ਪਹਿਰਾ ਦਿੰਦਿਆਂ ਕੌਮ ਦੀ ਚੜਦੀ ਕਲਾ ਲਈ ਸ਼ੰਘਰਸ਼ ਵਿੱਚ ਵਧ ਚੜਕੇ ਹਿੱਸਾ ਪਾਉਣਗੇ।

ਸਰਬੱਤ ਖਾਲਸਾ 2015 ਵਿੱਚ ਨੌਰਥ ਅਮੈਰਿਕਨ ਡੈਲੀਗੇਸ਼ਨ ਦਾ ਹਿੱਸਾ ਰਹੇ ਹਰਿੰਦਰ ਸਿੰਘ ਨੇ ਕਿਹਾ ਸੰਤ ਭਿੰਡਰਾਂਵਾਲੇ ਸਿੱਖ ਕੌਮ ਲਈ ਅਜੋਕੇ ਸਮੇਂ ਵਿੱਚ ਸੰਤ ਸਿਪਾਹੀ ਦੀ ਜਾਗਦੀ ਮਿਸਾਲ ਕਇਮ ਕਰ ਗਏ ਹਨ, ਜਿਨਾਂ ਦੀ ਸਖਸ਼ੀਅਤ ਨੂੰ ਢਾਹ ਲਾਉਣ ਲਈ ਸਰਕਾਰਾਂ ਵਲੋਂ ਤਰਾਂ ਤਰਾਂ ਦੇ ਹੱਥਕੰਡੇ ਅਪਣਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਅੱਜ ਸਾਨੂੰ ਲੋੜ ਹੈ ਕਿ ਅਸੀਂ ਸੰਤਾਂ ਦੀ ਸਖਸ਼ੀਅਤ ਨੂੰ ਪਹਿਚਾਣੀਏ ਅਤੇ ਉੁਹਨਾਂ ਦੇ ਬਚਨਾਂ ’ਤੇ ਪਹਿਰਾ ਦੇਣ ਦਾ ਯਤਨ ਕਰੀਏ।

ਕੈਲੀਫੋਰਨੀਆ ਤੋਂ ਅਕਾਲੀ ਦਲ (ਅ) ਦੇ ਸੀਨੀਅਰ ਲੀਡਰ ਸ.ਰੇਸ਼ਮ ਸਿੰਘ ਨੇ ਸੰਗਤ ਨੂੰ ਸਬੋਧਨ ਹੁੰਦਿਆਂ ਕਿਹਾ ਕਿ ਸਿੱਖ ਕੌਮ ਦੀ ਚੜਦੀ ਕਲਾ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ 2017 ਦੀਆਂ ਪੰਜਾਬ ਅਸੈਂਬਲੀ ਚੋਣਾਂ ਵਿੱਚ ਹੰਭਲਾ ਮਾਰਨ ਦੀ ਲੋੜ ਹੈ ਤਾਂ ਜੋ ਪੰਜਾਬ ਅਤੇ ਸਿੱਖ ਕੌਮ ਦੇ ਭਵਿੱਖ ਨੂੰ ਸੁਰੱਖਿਅਤ ਕੀਤਾ ਜਾ ਸਕੇ। ਇਸ ਪ੍ਰੋਗਰਾਮ ਨੂੰ ਨੇਪਰੇ ਚੜਉਣ ਵਿੱਚ ਅਕਾਲੀ ਦਲ (ਅ) ਦੇ ਯੂਥ ਵਿੰਗ ਨੇ ਮੋਢੀ ਰੋਲ ਅਦਾ ਕੀਤਾ। ਦੀਵਾਨ ਵਿੱਚ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਗੁਰਦੇਵ ਸਿੰਘ ਕੰਗ, ਗਿਆਨੀ ਭੁਪਿੰਦਰ ਸਿੰਘ, ਸਿੱਖ ਸੈਂਟਰ ਫਲੱਸ਼ਿੰਗ ਦੇ ਪ੍ਰਧਾਨ ਹਿੰਮਤ ਸਿੰਘ, ਸਿੱਖ ਯੂਥ ਆਫ ਅਮਰੀਕਾ ਤੋਂ ਜਸਬੀਰ ਸਿੰਘ ਅਤੇ ਕੁਲਵੰਤ ਸਿੰਘ, ਸਿੱਖਸ ਫਾਰ ਜਸਟਿਸ ਤੋਂ ਅਵਤਾਰ ਸਿੰਘ ਪੰਨੂ ਆਦਿ ਸ਼ਾਮਲ ਸਨ। ਇਸ ਸਮਾਗਮ ਦਾ ਸਿੱਧਾ ਲਾਈਵ ਪ੍ਰਸਾਰਨ ਟੀ.ਵੀ 84 ਵਲੋਂ ਕੀਤਾ ਗਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: