ਚੰਡੀਗੜ੍ਹ: ਸੰਤ ਸਮਾਜ ਨੇ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਕਿਹਾ ਕਿ ਕੇਜਰੀਵਾਲ ਤੇ ਉਸ ਦੇ ਸਹਿਯੋਗੀਆਂ ਨੇ ਪੰਥ ਦੀ ਕੀਤੀ ਤੌਹੀਨ ਲਈ ਮੁਆਫ਼ੀ ਮੰਗ ਦਿਆਂ ਅੱਗੇ ਤੋਂ ਤੌਬਾ ਨਾ ਕੀਤੀ ਤਾਂ ਉਨ੍ਹਾਂ ਨੂੰ ਸਿੱਖ ਪੰਥ ਦੇ ਰੋਸ ਦਾ ਸਾਹਮਣਾ ਕਰਨਾ ਪਵੇਗਾ, ਕੇਜਰੀਵਾਲ ਪੰਥ ਵੱਲੋਂ ਦਿੱਤੇ ਜਾਣ ਵਾਲੇ ਮੂੰਹ ਤੋੜ ਜਵਾਬ ਤੇ ਨਿਕਲਣ ਵਾਲੇ ਸਿੱਟਿਆਂ ਲਈ ਖੁਦ ਜ਼ਿੰਮੇਵਾਰ ਹੋਵੇਗਾ।
ਗੁਰਦੁਆਰਾ ਬਾਬੇ ਸ਼ਹੀਦਾਂ, ਸਰਮਸਤਪੁਰ ਵਿਖੇ ਸੰਤ ਸਮਾਜ ਦੀ ਕੀਤੀ ਗਈ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਹਰਨਾਮ ਸਿੰਘ ਨੇ ਕਿਹਾ ਕਿ ਕੇਜਰੀਵਾਲ ਐਂਡ ਕੰਪਨੀ ਪੰਥ ਵਿਰੋਧੀ ਹਰਕਤਾਂ ਕਰਕੇ ਨਾ ਕੇਵਲ ਸਿੱਖ ਪੰਥ ਨੂੰ ਚੁਣੌਤੀ ਦੇ ਰਿਹਾ ਹੈ ਸਗੋਂ ਪੰਜਾਬ ਦੀ ਸ਼ਾਂਤੀ ਤੇ ਅਮਨ ਕਾਨੂੰਨ ਦੀ ਸਥਿਤੀ ‘ਤੇ ਵੀ ਗੰਭੀਰ ਸਵਾਲੀਆ ਨਿਸ਼ਾਨ ਲਾ ਰਿਹਾ ਹੈ। ਉਨ੍ਹਾਂ ਰਾਜ ਸਰਕਾਰ ਨੂੰ ਉਕਤ ਮੁੱਦੇ ਵੱਲ ਖਾਸ ਤਵੱਜੋਂ ਦੇਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਅਜਿਹੇ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਤੁਰੰਤ ਕੀਤੀ ਜਾਣੀ ਚਾਹੀਦੀ ਹੈ।
ਸੰਤ ਸਮਾਜ ਦੇ ਮੁਖੀ ਨੇ ਪਾਸ ਮਤੇ ਸਬੰਧੀ ਦੱਸਿਆ ਕਿ ਕੇਜਰੀਵਾਲ ਤੇ ਸਾਥੀਆਂ ਵੱਲੋਂ ਪਿਛਲੇ ਲੰਮੇ ਅਰਸੇ ਤੋਂ ਸਿੱਖ ਪੰਥ ਉੱਪਰ ਕੀਤੇ ਜਾ ਰਹੇ ਹਮਲਿਆਂ ਨਾਲ ਉਹ ਸਿੱਖ ਪੰਥ ਦਾ ਵੱਡਾ ਦੁਸ਼ਮਣ ਬਣਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖੀ ਦਾ ਨੁਕਸਾਨ ਕਰਨ ਹਿਤ ਉਹ ਸਿੱਖ ਕੌਮ ਤੇ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾ ਰਿਹਾ ਹੈ। ਸੰਤ ਸਮਾਜ ਨੇ ਕਿਹਾ ਕਿ ਕੇਜਰੀਵਾਲ ਵੱਲੋਂ ਨਿਹੰਗ ਸਿੰਘ ਦੇ ਬਾਣੇ ਨਾਲ ਉਸ ਦੀ ਤਸਵੀਰ ਛਾਪਣ ਵਾਲੇ ਮੈਗਜ਼ੀਨ ਵਿਰੁੱਧ ਕੋਈ ਕਾਰਵਾਈ ਨਾ ਕਰਨ ਤੋਂ ਉਸ ਦੀ ਬਦ-ਨੀਯਤ ਸਪੱਸ਼ਟ ਹੋ ਜਾਂਦੀ ਹੈ।
ਸੰਤਾਂ ਨੇ ਕੇਜਰੀਵਾਲ ਨੂੰ ਪੰਥ ਦੋਖੀਆਂ ਦੀ ਕਤਾਰ ਵਿੱਚ ਖੜ੍ਹਾ ਕੀਤਾ। ਉਨ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜੀ ਸ਼ਹੀਦੀ ਸ਼ਤਾਬਦੀ ਮੌਕੇ ਉਨ੍ਹਾਂ ਦੀ ਯਾਦ ਨੂੰ ਸਦੀਵੀ ਬਣਾਈ ਰੱਖਣ ਲਈ ਦਿੱਲੀ ਕਮੇਟੀ ਵੱਲੋਂ ਮਹਿਰੌਲੀ ਦੇ ਕੁਤਬ ਮੀਨਾਰ ਨੇੜੇ 7.5 ਏਕੜ ‘ਤੇ ਵਿਕਸਤ ਕੀਤੇ ਗਏ ਮੈਮੋਰੀਅਲ ਪਾਰਕ ਵਿਖੇ ਬੰਦਾ ਸਿੰਘ ਬਹਾਦਰ ਦਾ ਵਿਸ਼ਾਲ ਬੁੱਤ ਲਾਉਣ ਤੋਂ ਕੇਜਰੀਵਾਲ ਸਰਕਾਰ ਵੱਲੋਂ ਰੋਕਣ ਦੀ ਵੀ ਨਿਖੇਧੀ ਕੀਤੀ। ਸੰਤ ਸਮਾਜ ਨੇ ਕੇਜਰੀਵਾਲ ਸਰਕਾਰ ਵੱਲੋਂ ਗੁਰਦੁਆਰਾ ਸੀਸ ਗੰਜ ਸਾਹਿਬ ਦੇ ਬਾਹਰ ਬਣੇ ਪਿਆਓ ਨੂੰ ਤੋੜਨ, ਦਿੱਲੀ ਸਰਕਾਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਛੁੱਟੀ ਬੰਦ ਕਰਨ, ‘ਆਪ’ ਆਗੂ ਕੁਮਾਰ ਵਿਸ਼ਵਾਸ ਵੱਲੋਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੂੰ ਭਸਮਾ ਸੁਰ ਕਹਿਣ, ਭਗਵੰਤ ਮਾਨ ਵੱਲੋਂ ਨਸ਼ੇ ਦੀ ਹਾਲਤ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਜਾਣ ਤੇ ਕੇਜਰੀਵਾਲ ਵੱਲੋਂ ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਆਪਣੇ ਨਾਲ ਲਾ ਕੇ ਸੰਤਾਂ ਦੀ ਸ਼ਹੀਦੀ ਨੂੰ ਛੁਟਿਆਉਣ ਦੀ ਕੀਤੀ ਗਈ ਕੋਸ਼ਿਸ਼ ਦਾ ਵੀ ਸਖ਼ਤ ਨੋਟਿਸ ਲਿਆ।
ਅਖੀਰ ‘ਚ ਸੰਤ ਸਮਾਜ ਦੇ ਪ੍ਰਧਾਨ ਨੇ ਕਿਹਾ ਕਿ ਕੇਜਰੀਵਾਲ ਨੇ ਉਕਤ ਸਮੁੱਚੀਆਂ ਗਲਤੀਆਂ ਲਈ ਪੰਥ ਤੋਂ ਤੁਰੰਤ ਮੁਆਫ਼ੀ ਨਾ ਮੰਗੀ ਤਾਂ ਨਿਕਲਣ ਵਾਲੇ ਸਿੱਟਿਆਂ ਲਈ ਉਹ ਆਪ ਜ਼ਿੰਮੇਵਾਰ ਹੋਵੇਗਾ। ਇਸ ਮੌਕੇ ਭਾਈ ਜਸਬੀਰ ਸਿੰਘ ਰੋਡੇ, ਸੰਤ ਸਮਾਜ ਦੇ ਸਕੱਤਰ ਜਨਰਲ ਬਾਬਾ ਸੁਖਚੈਨ ਸਿੰਘ ਧਰਮਪੁਰਾ, ਸੰਤ ਲੱਖਾ ਸਿੰਘ ਨਾਨਕਸਰ ਵੱਲੋਂ ਭਾਈ ਰਣਜੀਤ ਸਿੰਘ, ਬੁੱਢਾ ਦਲ ਵਲੋਂ ਜਥੇਦਾਰ ਬਾਬਾ ਸਰਵਨ ਸਿੰਘ ਰਸਾਲਦਾਰ ਬੁੱਢਾ ਦਲ ਮਾਛੀਵਾੜਾ, ਸੰਤ ਬੁੱਧ ਸਿੰਘ ਨਿੱਕੇ ਘੁੰਮਣਾਂ ਵਾਲੇ, ਸੰਤ ਮਨਜੀਤ ਸਿੰਘ ਹਰਖੋਵਾਲ ਵਲੋਂ ਬਾਬਾ ਸੁਰਜੀਤ ਸਿੰਘ, ਸੰਤ ਨਿਰਮਲਦਾਸ ਜੌੜੇਵਾਲੇ, ਸੰਤ ਕਰਮਜੀਤ ਸਿੰਘ ਤੇ ਬਾਬਾ ਬਲਬੀਰ ਸਿੰਘ ਟਿੱਬਾ ਸਾਹਿਬ ਹੁਸ਼ਿਆਰਪੁਰ, ਸੰਤ ਗੁਰਮੀਤ ਸਿੰਘ ਤਰਲੋਕੇਵਾਲੇ, ਸੰਤ ਗੁਰਦਿਆਲ ਸਿੰਘ ਟਾਂਡੇਵਾਲਿਆਂ ਵਲੋਂ ਬਾਬਾ ਬਲਜੀਤ ਸਿੰਘ, ਸੰਤ ਹਰਦੀਪ ਸਿੰਘ ਅਨੰਦਪੁਰ ਸਾਹਿਬ, ਬਾਬਾ ਸਤਨਾਮ ਸਿੰਘ ਵਲੀਆ, ਬਾਬਾ ਸੁਲੱਖਣ ਸਿੰਘ ਮੁਰਾਦਪੁਰਾ, ਸੰਤ ਸੁਖਤੇਜ ਸਿੰਘ ਡੁਮੇਲੀਵਾਲੇ, ਸੰਤ ਦਰਸ਼ਨ ਸਿੰਘ ਘੋੜੇਵਾਹ ਗੁਰਦਾਸਪੁਰ, ਸੰਤ ਸਤਨਾਮ ਸਿੰਘ ਜ਼ਫਰਵਾਲ, ਸੰਤ ਦਰਸ਼ਨ ਸਿੰਘ ਟਾਹਲਾ ਸਾਹਿਬ ਵਾਲੇ, ਸੰਤ ਸੱਜਣ ਸਿੰਘ ਬੇਰ ਸਾਹਿਬ, ਬਾਬਾ ਸੁਰਿੰਦਰ ਸਿੰਘ ਟਾਹਲੀ ਸਾਹਿਬ, ਬਾਬਾ ਸੁਰਜੀਤ ਸਿੰਘ ਘਨੁੜਕੀਵਾਲੇ, ਸੰਤ ਚਰਨਜੀਤ ਸਿੰਘ ਜੱਸੋਵਾਲ, ਸੰਤ ਸਵਰਨਜੀਤ ਸਿੰਘ ਨਿਹੰਗ ਸਿੰਘ, ਸੰਤ ਹਰੀ ਸਿੰਘ ਬਾਬਾ ਬਕਾਲਾ ਸਾਹਿਬ, ਬਾਬਾ ਪ੍ਰਤਾਪ ਸਿੰਘ ਦੇ ਸਪੁੱਤਰ ਬਾਬਾ ਗੁਰਦਿਆਲ ਸਿੰਘ ਲੰਗੇਆਣਾ, ਬਾਬਾ ਸੁਖਵਿੰਦਰ ਸਿੰਘ ਮਲਿਕਪੁਰ, ਬਾਬਾ ਸੁਖਵੰਤ ਸਿੰਘ ਚੰਨਣਕੇ, ਬਾਬਾ ਸੁਲੱਖਣ ਸਿੰਘ ਮੁਰਾਦਪੁਰਾ, ਜਥੇਦਾਰ ਤਰਲੋਚਨ ਸਿੰਘ ਹੁਸ਼ਿਆਰਪੁਰ, ਬਾਬਾ ਗੁਰਭੇਜ ਸਿੰਘ ਖਜਾਲਾ, ਬਾਬਾ ਮਨਮੋਹਨ ਸਿੰਘ ਬਾਬਾ ਬੀਰ ਸਿੰਘ ਭੰਗਾਲੀ ਕਲਾਂ, ਸੰਤ ਅਜੀਤ ਸਿੰਘ ਮੁਖੀ ਤਰਨਾ ਦਲ ਮਹਿਤਾ ਚੌਕ, ਭਾਈ ਅਜੈਬ ਸਿੰਘ ਅਬਿਆਸੀ, ਜਥੇਦਾਰ ਸੁਖਦੇਵ ਸਿੰਘ ਅਨੰਦਪੁਰ, ਭਾਈ ਜੀਵਾ ਸਿੰਘ, ਬਾਬਾ ਲੱਖਾ ਸਿੰਘ ਰਾਮ ਥੰਮਣ, ਭਾਈ ਪਰਨਾਮ ਸਿੰਘ, ਭਾਈ ਜਰਨੈਲ ਸਿੰਘ, ਭਾਈ ਅਵਤਾਰ ਸਿੰਘ ਬੁਟਰ, ਭਾਈ ਸੁਖਵਿੰਦਰ ਸਿੰਘ ਅਗਵਾਣ, ਗਿਆਨੀ ਪਲਵਿੰਦਰਪਾਲ ਸਿੰਘ ਬੁਟਰ, ਭਾਈ ਜਗਤਾਰ ਸਿੰਘ ਰੋਡੇ ਮੈਂਬਰ ਸ਼੍ਰੋਮਣੀ ਕਮੇਟੀ, ਗਿਆਨੀ ਬਲਜੀਤ ਸਿੰਘ, ਭਾਈ ਗੁਰਪ੍ਰੀਤ ਸਿੰਘ ਤੇ ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।