ਲੇਖ » ਸਿੱਖ ਖਬਰਾਂ

ਸਰਾਪੀਆਂ ਰੂਹਾਂ

December 13, 2019 | By

ਫਰੀਦਕੋਟ ਤੋਂ ਸ. ਸ਼ਿਵਜੀਤ ਸਿੰਘ ਆਪਣੇ ਸਾਥੀਆਂ ਸਮੇਤ 8 ਦਸੰਬਰ 2019 ਨੂੰ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਗਏ ਸਨ। ਕਰਤਾਰਪੁਰ ਸਾਹਿਬ ਵਿਖੇ ਪਾਕਿਸਤਾਨ ਦੇ ਕੁਝ ਪੰਜਾਬੀਆਂ ਨਾਲ ਹੋਈ ਮੁਲਾਕਾਤ ਦਾ ਤਜ਼ਰਬਾ ਅਤੇ ਆਪਣੇ ਮਨ ਦੇ ਵਲਵਲੇ ਉਹਨਾਂ ਆਪਣੇ ਫੇਸਬੁੱਕ ਸਫੇ ਉੱਤੇ ਸਾਂਝੇ ਕੀਤੇ ਸਨ ਜੋ ਕਿ ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਹਿਤ ਇਥੇ ਮੁੜ ਸਾਂਝੇ ਕੀਤੇ ਜਾ ਰਹੇ ਹਨ – ਸੰਪਾਦਕ।

ਸਰਾਪੀਆਂ ਰੂਹਾਂ

– ਸ਼ਿਵਜੀਤ ਸਿੰਘ

ਗੁਰਦੁਆਰਾ ਸਾਹਿਬ ਦੇ ਨਾਲ ਵਾਲੀ ਮਿੰਨੀ ਮਾਰਕੀਟ ਵਿੱਚ ਖੜ੍ਹਿਆਂ ਗਰੇਅ ਕੁੜਤੇ ਪਜਾਮੇ ਵਾਲੇ ਮੀਆਂ ਜੀ ਨੇ ਆ ਪੁੱਛਿਆ,

“ਸਰਦਾਰ ਜੀ ਸਾਸਰੀ ਕਾਲ, ਕਿੱਥੋਂ ਆਏ ਜੇ?”

“ਸਤਿ ਸ੍ਰੀ ਅਕਾਲ, ਫਰੀਦਕੋਟ ਤੋਂ” ਮੈਂ ਜਵਾਬ ਦਿੱਤਾ।

“ਸਾਡਾ ਅੱਬਾ ਦੱਸਦਾ ਹੁੰਦਾ ਸੀ ਕਿ ਫਰੀਦਕੋਟੋੰ ਰੇਲੋਂ ਉੱਤਰ ਕੇ ਪਿੰਡ ਜਾਂਦੇ ਸਾਂ” ਉਸਨੇ ਅੱਖਾਂ ‘ਚ ਚਮਕ ਲਿਆਉਂਦਿਆਂ ਕਿਹਾ।

“ਵਾਹ! ਕਿਹੜਾ ਪਿੰਡ ਸੀ?”

“ਜੀ, ਬੁੱਢੀਮਾਲ”

“ਇਹ ਤਾਂ ਸਾਡੇ ਕੋਲ ਈ ਆ, ਫਰੀਦਕੋਟੋਂ ਵੀਹ-ਬਾਈ ਕਿੱਲੋਮੀਟਰ ਪੈਂਦਾ, ਮੈਂ ਕਾਫ਼ੀ ਵਾਰ ਗਿਆ ਤੁਹਾਡੇ ਪਿੰਡ”

ਮੈਂ ਬੁੱਢੀਮਾਲ ਦਾ ਸਾਰਾ ਨਕਸ਼ਾ ਦੱਸ ਦਿੱਤਾ।

ਮੇਰਾ ਏਨਾ ਕਹਿਣਾ ਹੀ ਸੀ ਕਿ ਉਸਨੇ ‘ਵਾਜਾਂ ਮਾਰ-ਮਾਰ ਨਾਲ ਦੇ ਬੁਲਾ ਲਏ,

“ਆਜੋ ਉਏ ਆਪਣੇ ਪਿੰਡੋਂ ਆਇਆ ਸਰਦਾਰ”

ਨਾਲ ਹੀ ਜੱਫੀ ‘ਚ ਭਰ ਲਿਆ, ਇੱਕ ਛੱਡੇ ਤੇ ਦੂਜਾ ਪਾਵੇ, ਮੈਨੂੰ ਕੁਰਸੀ ‘ਤੇ ਬਿਠਾ ਲਿਆ,

“ਸਰਦਾਰਾ ਸੇਵਾ ਕੀ ਕਰੀਏ ਤੁਹਾਡੀ, ਸਾਡੇ ਪਿੰਡੋਂ ਆਇਆਂ” ਮੇਰੇ ਨਾਲ ਇਵੇਂ ਗੱਲਾਂ ਕਰਨ ਜਿਵੇਂ ਮੈਂ ਉਹਨਾਂ ਦੇ ਪਿੰਡ ਬੁੱਢੀਮਾਲ ਦਾ ਹੋਵਾਂ”

ਸਰਦਾਰਾਂ ਕਦੇ ਸਬੱਬ ਬਣਿਆ ਤਾਂ ਆਵਾਂਗੇ ਆਪਣਾ ਪਿੰਡ ਦੇਖਣ, ਅਸੀੰ ਫੈਸਲਾਬਾਦ ਹਾਂ, ਟੀਚਰ ਦੀ ਜੌਬ ਕਰਦਾਂ ਹਾਂ। ਮੈਂ, ਮੈਂ ਬਾਈ ਭਿੰਡਰ ਵੱਲ ਇਸ਼ਾਰਾ ਕਰਦਿਆਂ ਕਿਹਾ,” ਤੁਹਾਨੂੰ ਫਰੀਦਕੋਟ ਦੇ ਟੀਚਰ ਨਾਲ ਮਿਲਾਵਾਂ।”

ਮੈਂ ਕਿਹਾ ਜ਼ਰੂਰ ਆਓ, ਸਬੱਬ ਬਣੇ ਤੇ ਤੁਹਾਡੇ ਦਰਸ਼ਨ ਕਰੀਏ, ਫੈਸਲਾਬਾਦ ਤਾਂ ਸਰਦਾਰਾਂ ਦਾ ਲਾਇਲਪੁਰ ਹੈ।

ਹਾਂ ਜੀ, ਹਾਂ ਜੀ ਕਹਿੰਦਿਆਂ ਕੱਲੇ ਕੱਲੇ ਨੇ ਸਾਡੇ ਨਾਲ ਬੈਠ ਕੇ ਫੋਟੋ ਖਿਚਵਾਈ।

ਇਸ ਸਾਰੇ ਵਰਤਾਰੇ ਅਤੇ ਜਦੋੰ ਉੱਥੇ ਕੁਝ ਲੋਕ ਆਪਣੇ ਚੜ੍ਹਦੇ ਪੰਜਾਬ ਦੇ ਪਿੰਡਾਂ ਦਾ ਨਾਂ ਲੈ ਕੇ ਪਿੰਡੋਂ ਆਏ ਬਸ਼ਿੰਦਿਆਂ ਨੂੰ ਭਾਲ ਰਹੇ ਸਨ (ਜਿਹੜੇ ਲੋਕ ਅਨਪੜ੍ਹਤਾ ਜਾਂ ਆਰਥਿਕਤਾ ਕਰਕੇ ਸ਼ੋਸ਼ਲ ਮੀਡੀਆ ‘ਤੇ ਨਹੀੰ ਹਨ) ਤਾਂ ਮੈਂ ਸੋਚ ਰਿਹਾ ਸੀ ਕਿ ਅਸੀੰ ਕਿੰਨੀਆਂ ਸਰਾਪੀਆਂ ਰੂਹਾਂ ਹਾਂ, ਸਾਡੀ ਮਿੱਟੀ, ਸਾਡਾ ਪਾਣੀ, ਸਾਡਾ ਖ਼ੂਨ, ਸਾਡਾ ਖਾਣ ਪਾਣ, ਸਾਡਾ ਸੱਭਿਆਚਾਰ ਜੋ ਸਾਂਝਾ ਸੀ, ਦਿੱਲੀ-ਇਸਲਾਮਾਬਾਦ ਵਾਲਿਆਂ ਨੇ ਚੌਧਰ ਖ਼ਾਤਰ ਵੰਡ ਦਿੱਤਾ ਤੇ ਅਸੀੰ ਦੁਸ਼ਮਣ ਦੇ ਗਲ਼ਾਵੇਂ ਫੜਨ ਦੀ ਥਾਵੇਂ ਆਪੋ ਵਿੱਚ ਲੜ ਪਏ ਤੇ ਵੀਹਵੀਂ ਸਦੀ ਦੇ ਸਭ ਤੋਂ ਵੱਡੇ ਕਤਲੇਆਮ ਦਾ ਕਾਰਨ ਬਣੇ… ਚਲੋ ਹੁਣ ਵਾਲੀ ਪੀੜ੍ਹੀ ਬਹੁਤ ਕੁਝ ਸਮਝ ਗਈ ਹੈ, ਇਹਨਾਂ ਸਰਾਪੀਆਂ ਰੂਹਾਂ ਨੇ ਵੀ ਇਹਨਾਂ ਨੂੰ ਵੰਡਣ ਵਾਲਿਆਂ ਦੀ ਰੂਹਾਂ ਅਤੇ ਉਮਤਾਂ ਨੂੰ ਅਜ਼ਲਾਂ ਤੱਕ ਸਕੂਨ ਨੀ ਆਉਣ ਦੇਣਾ।

ਪਰ ਪੰਜਾਬੀਓ, ਤੁਹਾਨੂੰ ਬੇਨਤੀ ਆ, ਕਰਤਾਰਪੁਰ ਸਾਹਿਬ ਜ਼ਰੂਰ ਜਾਓ, ਸ਼ਾਇਦ ਤੁਹਾਡੇ ਜਾਣ ਨਾਲ, ਤੁਹਾਡੇ ਨਾਲ ਗੱਲ ਕਰਕੇ, ਉੱਥੇ ਫਿਰਦੀ ਕੋਈ ਰੂਹ ਆਪਣੇ ਪਿੰਡ ਦੇ ਦਰਸ਼ਨ ਕਰਕੇ ਤ੍ਰਿਪਤ ਹੀ ਹੋ ਜਾਏ।

ਬੁੱਢੀਮਾਲ ਵਾਲੇ ਮੀਆਂ ਜੀ ਜਾਵੇਦ ਇਕਬਾਲ ਬੁੱਢੀਮਾਲਵੀ ਤੇ ਉਹਨਾਂ ਦੇ ਸਾਥੀਆਂ ਦੇ ਮੂੰਹ ਉਤਲੇ ਖੇੜੇ ਤੋਂ ਤੁਸੀਂ ਉਹਨਾਂ ਦੀ ਖ਼ੁਸ਼ੀ ਦਾ ਅੰਦਾਜ਼ਾ ਲੱਗਾ ਸਕਦੇ ਹੋ – ਸ਼ਿਵਜੀਤ ਸਿੰਘ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,