January 3, 2011 | By ਪਰਦੀਪ ਸਿੰਘ
ਫ਼ਤਿਹਗੜ੍ਹ ਸਾਹਿਬ (2 ਜਨਵਰੀ, 2010) : ਭੀਖੀ ਵਿਚ ਸੰਤ ਬਲਜੀਤ ਸਿੰਘ ਦਾਦੂਵਾਲ ਦੇ ਧਾਰਮਿਕ ਦੀਵਾਨ ਵਿਚ ਪੁਲਿਸ ਵਲੋਂ ਪਾਏ ਗਏ ਵਿਘਨ ਦੀ ਸਖ਼ਤ ਨਿਖੇਧੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਪ੍ਰਜ਼ੀਡੀਅਮ ਮੈਂਬਰਾਂ ਭਾਈ ਕੁਲਬੀਰ ਸਿੰਘ ਬੜਾ ਪਿੰਡ, ਦਇਆ ਸਿੰਘ ਕੱਕੜ ਤੇ ਕੌਮੀ ਵਿਸ਼ੇਸ਼ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਇਲਜ਼ਾਮ ਲਗਾਇਆ ਕਿ ਪੁਲਿਸ ਨੇ ਬਾਦਲ-ਭਾਜਪਾ ਸਰਕਾਰ ਦੇ ਇਸ਼ਾਰੇ ’ਤੇ ਸੌਦਾ ਸਾਧ ਨੂੰ ਖੁਸ਼ ਕਰਨ ਲਈ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਵਾਲੇ ਧਾਰਮਿਕ ਦੀਵਾਨ ਵਿੱਚ ਗੁਰਬਾਣੀ ਦੀ ਹੋ ਰਹੀ ਵਿਆਖਿਆ ਵਿਚ ਵਿਘਨ ਪਾ ਕੇ ਸਿੱਖ ਮਰਿਯਾਦਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕੀਤਾ ਹੈ।
ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਉਕਤ ਆਗੂਆਂ ਨੇ ਕਿਹਾ ਕਿ ਸਿੱਖਾਂ ਨਾਲ ਹੁੰਦਾ ਇਹ ਧੱਕਾ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸਦੇ ਨਾਲ ਹੀ ਉਨ੍ਹਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੋਂ ਵੀ ਮੰਗ ਕੀਤੀ ਕਿ ਸ਼ਬਦ ਗੁਰੂ ਦੇ ਕੀਤੇ ਗਏ ਇਸ ਅਪਮਾਨ ਦੇ ਦੋਸ਼ ਵਿਚ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਇਸ ਘਟਨਾ ਲਈ ਜਿੰਮੇਵਾਰ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਅਕਾਲ ਤਖ਼ਤ ਸਾਹਿਬ ’ਤੇ ਤਲਬ ਕਰਕੇ ਸਿੱਖ ਪ੍ਰੰਪਰਾਵਾਂ ਅਨੁਸਾਰ ਸ਼ਜ਼ਾ ਲਗਾਉਣ ਅਤੇ ਅੱਗੇ ਤੋਂ ਅਜਿਹੀ ਹਰਕਤ ਕਰਨ ਤੋਂ ਤਾੜਣਾ ਕਰਨ। ਉਨ੍ਹਾ ਕਿਹਾ ਕਿ ਦੇਸ਼ ਵਿਚ ਹਰ ਧਰਮ ਦੇ ਲੋਕਾਂ ਨੂੰ ਅਪਣੇ ਧਰਮ ਦਾ ਪ੍ਰਚਾਰ ਕਰਨ ਦੀ ਆਜ਼ਾਦੀ ਪ੍ਰਾਪਤ ਹੈ। ਇੱਥੋਂ ਤੱਕ ਕਿ ਸੌਦਾ ਸਾਧ ਵਰਗੇ ਲੋਕ ਵੀ ਧਰਮ-ਪ੍ਰਚਾਰ ਦੇ ਨਾਂ ’ਤੇ ਸਰਕਾਰੀ ਸਰਪ੍ਰਸਤੀ ਹੇਠ ਸਿੱਖ ਧਰਮ ਅਤੇ ਗੁਰੂ ਸਾਹਿਬਾਨ ਦਾ ਅਪਮਾਨ ਕਰ ਰਹੇ ਹਨ ਤੇ ਸਰਕਾਰ ਸਿੱਖਾਂ ਤੋਂ ਗੁਰਬਾਣੀ ਦੀ ਵਿਆਖਿਆ ਕਰਨ ਦਾ ਹੱਕ ਵੀ ਖੋਹ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਿੱਧੇ ਤੌਰ ’ਤੇ ਗੁਰਬਾਣੀ ’ਤੇ ਪਾਬੰਦੀ ਲਗਾਉਣ ਵਾਲੀ ਕਾਰਵਾਈ ਹੈ ਜੋ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਕਤ ਆਗੂਆਂ ਨੇ ਕਿਹਾ ਕਿ ਸਿੱਖ ਕਿਸੇ ਨਾਲ ਟਕਰਾਅ ਨਹੀਂ ਚਾਹੁੰਦੇ ਸਿਰਫ਼ ਧਰਮ ਪ੍ਰਚਾਰ ਦਾ ਅਪਣਾ ਬੁਨਿਆਦੀ ਹੱਕ ਮੰਗਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਬਾਦਲ ਸਰਕਾਰ ਤੇ ਪੁਲਿਸ ਸ਼ਾਂਤਮਈ ਸਿੱਖਾਂ ਵਿਰੁੱਧ ਕਾਰਵਈ ਕਰਕੇ, ਸਿੱਖਾ ਨਾਲ ਲੜਾਈ ਮੁੱਲ ਲੈਣ ਵਾਲੇ ਸੌਦਾ ਸਾਧ ਦੇ ਚੇਲਿਆਂ ਨੂੰ ਹੱਲਾਸ਼ੇਰੀ ਦੇ ਰਹੀ ਹੈ। ਇਸ ਤੋਂ ਉਤਸ਼ਾਹਿਤ ਹੋ ਕੇ ਇਹ ਲੋਕ ਪੰਜਾਬ ਦੇ ਮਹੌਲ ਨੂੰ ਵਿਗਾੜਣ ਕਿਸੇ ਵੀ ਘਟੀਅ ਪੱਧਰ ਦੀ ਹਰਕਤ ਕਰ ਸਕਦੇ ਹਨ ਇਸ ਲਈ ਪੰਜਾਬ ਸਰਕਾਰ ਨੂੰ ਹੁਣੇ ਤੋਂ ਸੰਭਲ ਜਾਣਾ ਚਾਹੀਦਾ ਹੈ।
Related Topics: Akali Dal Panch Pardhani, Anti-Sikh Deras, Anti-Sikh Mindset