ਸਿੱਖ ਖਬਰਾਂ

ਸਿੰਘ ਸਭਾ ਲਹਿਰ ਨੂੰ ਸਮਰਪਿਤ ਸੈਮੀਨਾਰ ਵਿਚ ਕਰਤਾਰਪੁਰ ਲਾਂਘੇ ਤੇ ਬੇਅਦਬੀ ਮਾਮਲਿਆਂ ‘ਤੇ ਹੋਈ ਵਿਚਾਰ

October 3, 2018 | By

ਹੁਸ਼ਿਆਰਪੁਰ: ਸਿੱਖ ਸੰਸਥਾਵਾਂ ਅਤੇ ਸ਼ਖ਼ਸੀਅਤਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਵਲੋਂ ਸਿੰਘ ਸਭਾ ਲਹਿਰ ਸਥਾਪਨਾ ਦਿਹਾੜੇ ਦਾ ਸਾਲਾਨਾ ਸਮਾਗਮ ਗੁਰਦੁਆਰਾ ਕਲਗੀਧਰ ਚਰਨ ਪਾਵਨ ਮਾਡਲ ਟਾਊਨ ਹੁਸ਼ਿਆਰਪੁਰ ਵਿਖੇ ਕਰਵਾਇਆ ਗਿਆ। ਇਸ ਮੌਕੇ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਨੇ ਕਿਹਾ ਕਿ ਗੁ: ਕਰਤਾਰਪੁਰ ਸਾਹਿਬ ਦੇ ਪਵਿੱਤਰ ਮੁੱਦੇ ‘ਤੇ ਨੀਚ ਸਿਆਸਤ ਕਰਕੇ ਸਿਆਸਤ ਨੂੰ ਹੀ ਕਲੰਕਤ ਕੀਤਾ ਜਾ ਰਿਹਾ ਹੈ। ਨਵਜੋਤ ਸਿੰਘ ਸਿੱਧੂ ‘ਤੇ ਝੂਠ ਬੋਲਣ ਦੇ ਦੋਸ਼ ਲਾ ਕੇ ਮੁੱਦੇ ਨੂੰ ਭਟਕਾਉਣ ਦੀ ਥਾਂ ਨਿੱਜੀ ਫੇਰੀ ਦੇ ਬਹਾਨੇ ਕਰਤਾਰਪੁਰ ਸਾਹਿਬ ਲਾਂਘੇ ਲਈ ਛਿੜੀ ਚਰਚਾ ਦੇ ਸੱਚ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ। ਉਹਨਾਂ ਭਾਰਤ ਪਾਕਿ ਵਿਦੇਸ਼ ਮੰਤਰੀਆਂ ਦੀ ਗੱਲ-ਬਾਤ ਤੋਂ ਭਾਰਤ ਵਲੋਂ ਪਾਸਾ ਵੱਟਣ ਦੀ ਕਾਰਵਾਈ ਨੂੰ ਸਿੱਖਾਂ ਪ੍ਰਤੀ ਖੋਟੀ ਨੀਅਤ ਕਰਾਰ ਦਿੱਤਾ। ਉਹਨਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਲਈ ਉਮਰ-ਕੈਦ ਵਰਗੇ ਕਾਨੂੰਨ ਦੀ ਲੋੜ ਤੋਂ ਸਾਬਤ ਹੁੰਦਾ ਹੈ ਕਿ ਮੁਰਦਾ ਸਿਆਸਤ ਤਹਿਤ ਧਾਰਮਿਕ ਗ੍ਰੰਥਾਂ ਦੀ ਵੀ ਬਲ਼ੀ ਦਿੱਤੀ ਜਾ ਰਹੀ ਹੈ।

ਜਸਵਿੰਦਰ ਸਿੰਘ ਐਡਵੋਕੇਟ ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਭਾਰਤ ਪਾਕਿਸਤਾਨ ਜਿਹੋ ਜਿਹੀ ਸਿਆਸਤ ਕਰਦੇ ਆ ਰਹੇ ਹਨ ਉਸ ਨੂੰ ਸਮਝਣ ਲਈ ਸਿੱਖ ਸਮੇਂ ਦੇ ਹਾਣੀ ਨਹੀਂ ਬਣ ਸਕੇ। ਭਾਰਤੀ ਮੀਡੀਏ ਦੀਆਂ ਸੁਰਾਂ ਦੇ ਸਰੋਤੇ ਬਣ ਧਾਰਨਾਵਾਂ ਬਣਾਉਣ ਕਰ ਕੇ ਸਿੱਖ ਰਾਸ਼ਟਰ ਵਿਰੋਧੀ ਖਾਤੇ ਵਿਚ ਡਿੱਗ ਰਹੇ ਹਨ। ਸਿੱਧੂ ਦੀ ਗਲਵਕੜੀ ਨੂੰ ਲੈ ਕੇ ਪਏ ਰੌਲੇ ਨਾਲ ਆਮ ਸਿੱਖ ਸਾਵਧਾਨ ਹੋਇਆ ਹੈ ਜਿਸ ਕਾਰਨ ਭਾਜਪਾ ਅਤੇ ਅਕਾਲੀਆਂ ਨੂੰ ਮਹਿੰਗਾ ਮੁੱਲ ਤਾਰਨਾ ਪੈ ਸਕਦਾ ਹੈ। ਉਹਨਾਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਘਟਨਾਵਾਂ ਦੇ ਮੁੱਦੇ ‘ਤੇ ਕਿਹਾ ਕਿ ਬਿਨਾਂ ਸ਼ੱਕ ਸਖ਼ਤ ਕਾਨੂੰਨਾਂ ਦੀ ਦੁਰਵਰਤੋਂ ਹੁੰਦੀ ਹੈ ਪਰ ਇਕ ਖ਼ਾਸ ਵਰਗ ਵਲੋਂ ਉਮਰ-ਕੈਦ ਕਾਨੂੰਨ ਦੀ ਵਿਰੋਧਤਾ ਸਿੱਖਾਂ ਅਤੇ ਪੰਜਾਬੀਆਂ ਦੀ ਪੀੜ੍ਹਾ ਨਾਲ ਮਜ਼ਾਕ ਕਰਨ ਦੇ ਬਰਾਬਰ ਹੈ।

ਰਾਜਵਿੰਦਰ ਸਿੰਘ ਰਾਹੀ ਨੇ ਕੁੰਜੀਵਤ ਭਾਸ਼ਨ ਵਿਚ ਕਿਹਾ ਕਿ ਸਿੱਖਾਂ ਦੁਆਰਾ ਬਣਦੀਆਂ ਆਈਆਂ ਸਰਕਾਰਾਂ ਨੇ ਹਮੇਸ਼ਾਂ ਸਿੱਖੀ ਅਤੇ ਸਿੱਖਾਂ ਨੂੰ ਅਣਗੌਲਿਆ ਹੈ। ਸਿੱਖ ਨੌਜਵਾਨੀ ਦਾ ਘਾਣ ਹੋਇਆ ਹੈ। ਸਿੱਖਾਂ ਦੁਆਰਾ ਹੋਂਦ ਵਿਚ ਆਈਆਂ ਸਰਕਾਰਾਂ ਨੇ ਕਦੇ ਮੰਥਨ ਨਹੀਂ ਕੀਤਾ ਕਿ ਸਿੱਖ ਅੰਸਤੁਸ਼ਟ ਕਿਉਂ ਹਨ। ਉਹਨਾਂ ਸਿੰਘ ਸਭਾ ਲਹਿਰ ਵਲੋਂ ਨਿਭਾਏ ਕਿਰਦਾਰ ਦੇ ਮਿਆਰ ਨੂੰ ਬਰਕਰਾਰ ਕਰਨ’ਤੇ ਜ਼ੋਰ ਦਿੱਤਾ।

ਡਾ: ਖੁਸ਼ਹਾਲ ਸਿੰਘ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਨੇ ਕਿਹਾ ਕਿ ਸਮੱਸਿਆਵਾਂ ਦੀ ਜੜ੍ਹ ਇਹ ਹੈ ਕਿ ਮੀਰੀ ਪੀਰੀ ਦੇ ਸਿਧਾਂਤ ਦੀ ਆੜ ਵਿਚ ਚਤਰ ਚਲਾਕ ਸਿਆਸਤ ਨੇ ਧਰਮ ਨੂੰ ਅਗਵਾ ਕਰਨ ਦੇ ਯਤਨ ਕੀਤੇ ਹਨ ਅਤੇ ਵਿਸ਼ਵ ਸਾਹਮਣੇ ਸਿੱਖੀ ਦੇ ਵਿਸ਼ਵਾਸ਼ ਨੂੰ ਵਧਾਉਣ ਦੀ ਥਾਂ ਮੋਕਲਾ ਕੀਤਾ ਹੈ।

ਸੁਰਿੰਦਰ ਸਿੰਘ ਕਿਸ਼ਨਪੁਰਾ ਚੰਡੀਗੜ੍ਹ ਧਾਰਮਿਕ ਤੇ ਸਿਆਸੀ ਆਗੂ ਨੇ ਕੌਮੀ ਸ਼ਕਤੀ ਦੇ ਏਕੀਕਰਨ ਦੀ ਲੋੜ ‘ਤੇ ਜ਼ੋਰ ਦੇਂਦਿਆਂ ਦਲਿਤ ਵਰਗ ਨਾਲ ਸੰਵਾਦ ਤੇ ਸਾਂਝੇ ਪ੍ਰੋਗਰਾਮ ਉਲੀਕਣ ਲਈ ਨਿੱਘਰ ਸੁਝਾਅ ਦਿੱਤੇ।

ਹਰਜਿੰਦਰ ਸਿੰਘ ਧਾਮੀ ਐਡਵੋਕੇਟ ਗੁਰਦੁਆਰਾ ਸਿੰਘ ਸਭਾ ਅਤੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸਿੰਘ ਸਭਾ ਲਹਿਰ ਇਨਕਲਾਬੀ ਲਹਿਰ ਸੀ ਜਿਸ ਨੇ ਨਿਰਮਲ ਪੰਥ ਦੀ ਵਿਲੱਖਣਤਾ ਲਈ ਮਿਸਾਲੀ ਹਿੱਸਾ ਪਾਇਆ। ਕੌਮ ਨੂੰ ਜੁਝਾਰੂ ਜਥੇਬੰਦੀਆਂ ਦਿੱਤੀਆਂ। ਅੱਜ ਉਸ ਲਹਿਰ ਸਾਹਮਣੇ ਅਸੀਂ ਬੌਣੇ ਹਾਂ ਅਤੇ ਪਛੜ ਰਹੇ ਹਾਂ।

ਮਾਸਟਰ ਗੁਰਚਰਨ ਸਿੰਘ ਬਸਿਆਲਾ ਨੇ ਸਵਾਰਥੀ ਸਿਆਸਤ ‘ਤੇ ਤੰਜ ਕੱਸਦਿਆਂ ਨਸੀਹਤ ਦਿੱਤੀ ਕਿ ਗੁਰਬਾਣੀ ਚਾਨਣ ਬਿਨਾਂ ਕੇਵਲ ਹਨੇਰਾ ਢੋਣਾ ਹੀ ਹਿੱਸੇ ਆਵੇਗਾ। ਕੌਮ ਤੋਂ ਸਨਮਾਨ ਨਹੀਂ ਮਿਲ ਸਕੇਗਾ।

ਪ੍ਰੋ: ਸ਼ਾਮ ਸਿੰਘ ਗੜ੍ਹਦੀਵਾਲਾ ਨੇ ਅੰਗਰੇਜ਼ ਰਾਜ ਤੋਂ ਲੈ ਕੇ ਅੱਜ ਤੱਕ ਸਿੱਖ ਕੌਮ ਨਾਲ ਹੁੰਦੇ ਛਲ ਦਾ ਡੂੰਘਾ ਲੇਖਾ ਜੋਖਾ ਕਰਦਿਆਂ ਰੂਹਾਨੀਅਤ ਨੂੰ ਆਧਾਰ ਬਣਾਉਣ ਲਈ ਵਿਚਾਰ ਰੱਖੇ। ਰਸ਼ਪਾਲ ਸਿੰਘ ਹੁਸ਼ਿਆਰਪੁਰ ਨੇ ਮੰਚ ਸੰਚਾਲਨ ਕਰਦਿਆਂ ਨਵੇਂ ਨਵੇਂ ਮੰਚਾਂ ਦੀ ਥਾਂ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਸਮਰਪਿਤ ਕੌਮਾਂਤਰੀ ਮੰਚ ਦੀ ਲੋੜ ‘ਤੇ ਜ਼ੋਰ ਦਿੱਤਾ।

ਰਣਬੀਰ ਸਿੰਘ ਦਲ ਖਾਲਸਾ ਅਤੇ ਭਰਪੂਰ ਸਿੰਘ ਕਪੂਰਥਲਾ ਨੇ ਵੀ ਆਪਣੇ ਵਿਚਾਰ ਰੱਖੇ। ਉਹਨਾਂ ਇਕੱਠ ਵਲੋਂ ਮਤੇ ਪੜ੍ਹੇ ਕਿ ਪੰਜਾਬ ਸਰਕਾਰ ਵਲੋਂ ਭਾਰਤੀ ਦੰਡਾਵਲੀ (ਪੰਜਾਬ ਸੋਧ) ਬਿਲ 2018 ਅਤੇ ਫੌਜਦਾਰੀ ਦੰਡ ਵਿਧਾਨ (ਪੰਜਾਬ ਸੋਧ) ਬਿਲ 2018 ਦੇ ਕੋਡ ਰਾਹੀਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਨੂੰ ਉਮਰ-ਕੈਦ ਦੀ ਸਜ਼ਾ ਦੇਣ ਲਈ ਪਾਸ ਕੀਤੇ ਕਾਨੂੰਨ ਦੀ ਪੁਰ ਜ਼ੋਰ ਹਮਾਇਤ ਕਰਦੇ ਹਾਂ। ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਕ ਜੀਵਤ ਗੁਰੂ ਹਨ ਇਸ ਲਈ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਬੰਧ ਵਿਚ ਇਹ ਕਾਨੂੰਨ ਖ਼ਾਸ ਅਹਿਮੀਅਤ ਰੱਖਦਾ ਹੈ।

“ਪਰ ੩੪ ਸਾਬਕਾ ਨੌਕਰਸ਼ਾਹਾਂ ਵਲੋਂ ਮੁੱਖ ਮੰਤਰੀ ਪੰਜਾਬ ਨੂੰ ਖੁੱਲ੍ਹਾ ਪੱਤਰ ਲਿਖ ਕੇ ਉਮਰ-ਕੈਦ ਕਾਨੂੰਨ ਦੀ ਵਿਰੋਧਤਾ ਕਰਦਿਆਂ ਕਿਹਾ ਗਿਆ ਹੈ ਕਿ ਕੁਫ਼ਰ ਵਿਰੋਧੀ ਨਿਯਮ ਭਾਰਤੀ ਸੰਵਿਧਾਨ ਦੀ ਉਲੰਘਣਾ ਕਰਦੇ ਹਨ। ਇਸ ਕਾਨੂੰਨ ਨਾਲ ਧਾਰਮਿਕ ਕੱਟੜਪੰਥੀਆਂ ਦੇ ਹੱਥ ਮਜ਼ਬੂਤ ਹੁੰਦੇ ਹਨ। ਇਹਨਾਂ ਵਲੋਂ ਲਿਖਿਆ ਪੱਤਰ ਪੰਜਾਬ ਅੰਦਰ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਨਜ਼ਰ-ਅੰਦਾਜ਼ ਕਰ ਕੇ ਤਰਕ-ਹੀਣ ਦਲੀਲਾਂ ਦੇਂਦਾ ਹੈ। ਜਿਸ ਲਈ ਇਸ ਨੂੰ ਸਿੱਖ ਕੌਮ ਅਤੇ ਘੱਟ-ਗਿਣਤੀਆਂ ਵਿਰੋਧੀ ਪੱਤਰ ਮੰਨਦਿਆਂ ਅਰਥ-ਹੀਣ ਕਰਾਰ ਦਿੱਤਾ ਜਾਂਦਾ ਹੈ। ਅੱਜ ਦਾ ਇਕੱਠ ਬਰਗਾੜੀ ਮੋਰਚੇ ਵਲੋਂ ਰੱਖੀਆਂ ਤਿੰਨਾਂ ਮੰਗਾਂ ਨਾਲ ਪੂਰਨ ਸਹਿਮਤੀ ਪ੍ਰਗਟਾਉਂਦਾ ਹੈ।”

“ਦੂਜਾ ਗੁਰਦੁਆਰਾ ਕਰਤਾਰਪੁਰ ਸਾਹਿਬ ਲਾਂਘੇ ਦੇ ਮੁੱਦੇ ‘ਤੇ ਸਪੱਸ਼ਟ ਪ੍ਰਤੀਕਰਮ ਦੇਂਦੇ ਹਾਂ ਕਿ ਪਾਕਿਸਤਾਨ ਸਰਕਾਰ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਵੀ ਸਿੱਖਾਂ ਮੁਤਾਬਿਕ ਨਹੀਂ ਤੁਰੇਗੀ। ਭਾਰਤ ਸਰਕਾਰ ਤੁਰੇਗੀ ਹੀ ਨਹੀਂ। ਕਿਉਂਕਿ ਰਾਸ਼ਟਰਵਾਦੀ ਸਿਆਸਤ ਨੂੰ ਦੋਹਾਂ ਪੰਜਾਬਾਂ ਦੇ ਸੰਭਾਵੀ ਰਿਸ਼ਤੇ ਰਾਸ਼ਟਰ ਲਈ ਖ਼ਤਰਾ ਲੱਗਦੇ ਹਨ।”

“ਸਿੱਖਾਂ ਦੇ ਹਵਾਲੇ ਨਾਲ ਜਿਹੋ ਜਿਹੀ ਸਿਆਸਤ ਹੋ ਰਹੀ ਹੈ ਉਸ ਬਾਰੇ ਸਿੱਖਾਂ ਨੇ ਅੱਜ ਤੱਕ ਨਹੀਂ ਸੋਚਿਆ। ਸਿਆਸਤ ਹੁੰਦੀ ਆ ਰਹੀ ਹੈ ਪਰ ਸਿੱਖਾਂ ਦੀ ਮਰਜ਼ੀ ਕਿਤੇ ਵੀ ਸ਼ਾਮਲ ਨਹੀਂ ਹੁੰਦੀ। ਵੰਡ ਤੋਂ ਲੈ ਕੇ ਸਿੱਖਾਂ ਦਾ ਜੋ ਨੁਕਸਾਨ ਹੋਇਆ ਹੈ ਉਸ ਸਬੰਧੀ ਸਿੱਖ ਸੋਚਣ-ਸਮਝਣ ਤੇ ਸਾਂਝਾ ਮੰਥਨ ਕਰਨ ਵਿਚ ਅਯੋਗ ਸਾਬਤ ਹੋਏ ਹਨ। ਭਾਰਤ ਅਤੇ ਪਾਕਿਸਤਾਨ ਦੀ ਸਿਆਸਤ ਚੱਲਦਿਆਂ ਅੱਜ ਕਰਤਾਰਪੁਰ ਲਾਂਘਾ ਸਿਆਸਤ ਦੇ ਕੇਂਦਰ ਵਿਚ ਆ ਗਿਆ ਹੈ। ਅੱਜ ਨਵਜੋਤ ਸਿੰਘ ਸਿੱਧੂ ਦੀ ਜੱਫੀ ਨੂੰ ਆਧਾਰ ਬਣਾ ਕੇ ਸਿੱਖਾਂ ਦੁਆਰਾ ਹੀ ਵਿਰੋਧਤਾ ਕਰਵਾ ਕੇ ਸਿੱਖ ਕੌਮ ਫਿਰ ਅਯੋਗ ਸਿੱਧ ਹੋਣ ਜਾ ਰਹੀ ਹੈ। ਜਿਸ ਲਈ ਸਿੱਖ ਕੌਮ ਸਿਆਸਤ ਤੋਂ ਉੁੱਪਰ ਉੱਠ ਕੇ ਪੂਰੀ ਸਾਵਧਾਨੀ ਨਾਲ ਫੈਸਲਾਕੁੰਨ ਚਾਰਾਜੋਈ ਕਰੇ। ਫਿਰ ਵੀ ਦੋਵੇਂ ਸਰਕਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੀ ਨੈਤਿਕ ਜ਼ਿੰਮੇਵਾਰੀ ਨੂੰ ਪਛਾਣਨ ਅਤੇ ਕਰਤਾਰਪੁਰ ਲਾਂਘੇ ਲਈ ਸੁਹਿਰਦਤਾ ਵਿਖਾਉਣ।”

ਇਸ ਮੌਕੇ ਮਨਪ੍ਰੀਤ ਸਿੰਘ, ਪਰਮਜੀਤ ਸਿੰਘ ਖਾਲਸਾ, ਡਾ: ਹਰਵਿੰਦਰਪਾਲ ਸਿੰਘ ਗੁਰਦਾਸਪੁਰ, ਹਰਵਿੰਦਰ ਸਿੰਘ ਹਰਮੋਏ, ਗੁਰਪ੍ਰੀਤ ਸਿੰਘ ਮੂਨਕ, ਗੁਰਦੀਪ ਸਿੰਘ ਕਾਲਕਟ, ਨੋਬਲਜੀਤ ਸਿੰਘ ਬੁਲ੍ਹੋਵਾਲ, ਭੁਪਿੰਦਰ ਸਿੰਘ ਸੱਜਣ, ਚਰਨਦੀਪ ਸਿੰਘ ਸਿੱਖ ਫੈਡਰੇਸ਼ਨ, ਵਿਜੈ ਸਿੰਘ ਧਾਲੀਵਾਲ, ਬਲਬੀਰ ਸਿੰਘ ਫਤਹਿਗੜ੍ਹ, ਬਲਵੰਤ ਸਿੰਘ ਖੇੜਾ ਸ਼ੋਸ਼ਿਲਿਸਟ ਪਾਰਟੀ, ਮਾ: ਓਮ ਸਿੰਘ, ਜਗਵਿੰਦਰ ਸਿੰਘ ਰਾਮਗੜ੍ਹ, ਬੁਧ ਸਿੰਘ ਅਨੰਦਗੜ੍ਹ, ਅਮੋਲਕ ਸਿੰਘ ਵਿਰਦੀ, ਹਰਜੀਤਪਾਲ ਸਿੰਘ, ਧਰਮਵੀਰ ਸਿੰਘ, ਸੇਵਾ ਸਿੰਘ ਦਸੂਹਾ, ਰਾਜਨਦੀਪ ਸਿੰਘ ਅੰਮ੍ਰਿਤਸਰ, ਸੁਖਦੇਵ ਸਿੰਘ, ਰਾਜਿੰਦਰ ਸਿੰਘ ਅਤੇ ਇੰਦਰਪ੍ਰੀਤ ਸਿੰਘ ਆਦਿਕ ਉਚੇਚੇ ਤੌਰ’ਤੇ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , ,