ਸਮਾਲਸਰ (7 ਅਕਤੂਬਰ, 2015): ਸੌਦਾ ਸਾਧ ਨੂੰ ਜੱਥੇਦਾਰਾਂ ਵੱਲੋਨ ਦਿੱਤੇ ਮਾਫੀਨਾਮੇ ਖਿਲਾਫ ਰੋਸ ਪ੍ਰਦਰਸ਼ਨ ਕਰਨ ਲਈ ਇਕੱਠਿਆਂ ਹੋਈਆਂ ਸਿੱਖ ਜੱਥੇਬੰਦੀਆਂ ਦੇ ਆਗੂਆਂ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ।ਅੱਜ ਇਲਾਕੇ ਭਰ ਦੀਆਂ ਇਕੱਠੀਅਾਂ ਹੋਈਆਂ ਸਿੱਖ ਜਥੇਬੰਦੀਆਂ ਦਾ ਕਾਫ਼ਲਾ ਜਿਉਂ ਹੀ ਹੋਰਾਂ ਪਿੰਡਾਂ ਵਿੱਚ ਰੋਸ ਮਾਰਚ ਕੱਢਣ ਲਈ ਤੁਰਿਆ ਤਾਂ ਭਾਰੀ ਪੁਲੀਸ ਫੋਰਸ ਨੇ ਇਨ੍ਹਾਂ ਨੂੰ ਗੁਰਦੁਆਰੇ ਦੇ ਗੇਟ ਅੱਗੇ ਹੀ ਰੋਕ ਲਿਆ।
ਇਸ ਮੌਕੇ ਪੁਲੀਸ ਨੇ ਇਸ ਕਾਫ਼ਲੇ ਦੀ ਅਗਵਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਗਤਾਰ ਸਿੰਘ ਰੋਡੇ, ਸ਼੍ਰੋਮਣੀ ਕਮੇਟੀ ਮੈਂਬਰ ਅਵਤਾਰ ਸਿੰਘ ਔਲਖ, ਬਲਵਿੰਦਰ ਸਿੰਘ ਬਾਵਾ, ਅਵਤਾਰ ਸਿੰਘ ਖੋਸਾ ਆਦਿ ਸਮੇਤ 13 ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ। ਸਿੱਖ ਜਥੇਬੰਦੀਆਂ ਨੇ ਖ਼ਾਲਿਸਤਾਨ ਪੱਖੀ ਅਤੇ ਪੰਜਾਬ ਸਰਕਾਰ ਵਿਰੋਧੀ ਨਾਅਰੇ ਲਾਏ। ਮਗਰੋਂ ਸਿੱਖ ਜਥੇਬੰਦੀਆਂ ਦੇ ਕਾਰਕੁਨਾਂ ਨੇ ਮੋਟਰਸਾੲੀਕਲਾਂ ਅਤੇ ਕਾਰਾਂ ਵਿੱਚ ਸਵਾਰ ਹੋ ਕੇ ਹੋਰ ਪਿੰਡਾਂ ਵਿੱਚ ਰੋਸ ਮਾਰਚ ਕੀਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਵੱਲੋਂ ਜਗਤਾਰ ਸਿੰਘ ਨੂੰ ਰੋਕ ਕੇ ਗ੍ਰਿਫਤਾਰ ਕਰਨ ਦੀ ਗੱਲ ਕੀਤੀ ਗਈ, ਜਿਸ ਕਰਕੇ ਜਥੇਬੰਦੀਆਂ ਦਾ ਗੁੱਸਾ ਵਧ ਗਿਆ। ਪੁਲੀਸ ਨਾਲ ਧੱਕਾ ਮੁੱਕੀ ਹੁੰਦਾ ਹੋਇਆ ਇਹ ਜਥਾ ਪਿੰਡ ਰੋਡੇ ਦੇ ਖ਼ਾਲਸਾ ਸਟੇਡੀਅਮ ਪਹੁੰਚਿਆ, ਜਿਥੇ ਭਾਈ ਜਗਤਾਰ ਸਿੰਘ ਅਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਐਸ.ਪੀ. ਨੂੰ ਗ੍ਰਿਫ਼ਤਾਰੀ ਦੇ ਕਾਰਨ ਪੁੱਛੇ ਗਏ ਪ੍ਰੰਤੂ ਪੁਲੀਸ ਕੋਲ ਇਸ ਦਾ ਕੋਈ ਠੋਸ ਜਵਾਬ ਨਹੀਂ ਸੀ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਜੇਕਰ ਕੁਝ ਸਿੰਘਾਂ ਨੂੰ ਪੁਲੀਸ ਗ੍ਰਿਫ਼ਤਾਰ ਕਰ ਲੈਂਦੀ ਹੈ ਤਾਂ ਵੀ ਉਨ੍ਹਾਂ ਵੱਲੋਂ 11 ਅਕਤੂਬਰ ਨੂੰ ਅਕਾਲ ਤਖ਼ਤ ਜਾ ਕੇ ਅਰਦਾਸ ਕਰਨ ਦਾ ੳੁਲੀਕਿਆ ਗਿਆ ਪ੍ਰੋਗਰਾਮ ਰੋਕਿਆ ਨਹੀਂ ਜਾਵੇਗਾ ਸਗੋਂ ਭਾਈ ਜਗਤਾਰ ਸਿੰਘ ਦੀ ਥਾਂ ਹੋਰ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਆਪਣੇ ਕਾਫ਼ਲਿਆਂ ਸਮੇਤ ਅਕਾਲ ਤਖ਼ਤ ਪਹੁੰਚ ਕੇ ਅਰਦਾਸ ਕਰਨਗੇ ਅਤੇ ਜਥੇਦਾਰਾਂ ਨੂੰ ਮੁਆਫ਼ੀਨਾਮਾ ਰੱਦ ਕਰਨ ਲਈ ਮੰਗ ਪੱਤਰ ਸੌਂਪਣਗੇ।
ਉਨ੍ਹਾਂ ਦੋਸ਼ ਲਾਇਆ ਕਿ ਇਸ ਸਾਰੇ ਘਟਨਾਕ੍ਰਮ ਪਿੱਛੇ ਸ਼੍ਰੋਮਣੀ ਅਕਾਲੀ ਦਲ ਦਾ ਹੱਥ ਹੈ, ਜਿਸ ਕਾਰਨ ਸਿੱਖ ਕੌਮ ਨੂੰ ਭਾਰੀ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਜਿਹੜੀ ਪਾਰਟੀ ਨੂੰ ਬਣਾਉਣ ਲਈ ਸਿੱਖਾਂ ਨੇ ਜੇਲ੍ਹਾਂ ਭਰੀਆਂ ਸਨ ਅੱਜ ਉਹੀ ਪਾਰਟੀ ਸਿੱਖ ਕੌਮ ਦੇ ਉਲਟ ਹੋ ਗਈ ਹੈ ਅਤੇ ਆਰ.ਐਸ.ਐਸ. ਦੇ ਹੱਥੇ ਚੜ੍ਹ ਕੇ ਸਾਡਾ ਵਜੂਦ, ਸਾਡੀ ਕੌਮ ਨੂੰ ਖ਼ਤਮ ਕਰਨ ਦੀਆਂ ਚਾਲਾਂ ਚੱਲ ਰਹੀ ਹੈ। ੳੁਨ੍ਹਾਂ ਦੋਸ਼ ਲਾਇਆ ਸਰਕਾਰਾਂ ਵੱਲੋਂ ਪੰਜਾਬ ਵਿੱਚ ਡੇਰਾਵਾਦ ਨੂੰ ਪ੍ਰਫੁੱਲਤ ਕਰਨ ਲਈ ਅਕਾਲ ਤਖ਼ਤ ਦੇ ਜਥੇਦਾਰਾਂ ਦੀ ਮੋਹਰ ਲਵਾਈ ਗੲੀ ਹੈ।
ਸਿੱਖ ਜਥੇਬੰਦੀਆਂ ਦੇ ਆਗੂਆਂ ਦੀ ਗ੍ਰਿਫਤਾਰੀ ਬਾਰੇ ਬਲਵਿੰਦਰ ਸਿੰਘ ਬਾਵਾ, ਅਵਤਾਰ ਸਿੰਘ ਖੋਸਾ ਨੇ ਦੱਸਿਆ ਕਿ ਪੁਲੀਸ ਨੂੰ ਸ਼ਾਂਤ ਕਰਨ ਲਈ ਉਨ੍ਹਾਂ ਵੱਲੋਂ ਪਹਿਲਾਂ ਹੀ ਇਹ ਪ੍ਰੋਗਰਾਮ ਉਲੀਕਿਆ ਗਿਆ ਸੀ ਕਿ ਭਾਈ ਜਗਤਾਰ ਸਿੰਘ ਕੁਝ ਸਿੰਘਾਂ ਸਮੇਤ ਗ੍ਰਿਫ਼ਤਾਰੀ ਦੇਣਗੇ ਅਤੇ ਬਾਅਦ ਵਿੱਚ ਉਲੀਕੇ ਹੋਏ ਪ੍ਰੋਗਰਾਮ ਅਨੁਸਾਰ ਰੋਸ ਮਾਰਚ ਕਰਦਾ ਜਥਾ ਵੱਖ-ਵੱਖ ਪਿੰਡਾਂ ਨੂੰ ਰਵਾਨਾ ਹੋਵੇਗਾ।
ਇਸ ਤਹਿਤ ਸਿੱਖ ਜਥੇਬੰਦੀਆਂ ਵੱਲੋਂ ਆਪਣੀਆਂ ਗੱਡੀਆਂ ਅਤੇ ਮੋਟਰਸਾਈਕਲਾਂ ’ਤੇ ਸ਼ਾਂਤਮਈ ਰੋਸ ਮਾਰਚ ਕਰਦਾ ਜਥਾ ਨੇਡ਼ਲੇ ਪਿੰਡਾਂ ਲੲੀ ਰਵਾਨਾ ਹੋਇਆ ਅਤੇ ਸਿੱਖ ਸੰਗਤ ਨੂੰ ਅਕਾਲ ਤਖ਼ਤ ਵਿਖੇ 11 ਅਕਤੂਬਰ ਨੂੰ ਹੋਣ ਵਾਲੇ ਅਰਦਾਸ ਸਮਾਗਮ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਬਾਬਾ ਬਲਦੇਵ ਸਿੰਘ ਜੋਗੇਵਾਲਾ ਦਾ ਵੱਡਾ ਜਥਾ ਰੋਸ ਮਾਰਚ ਲਈ ਪਹੁੰਚਿਆ, ਦਮਦਮੀ ਟਕਸਾਲ ਤੋਂ ਜਥਾ, ਧਰਮ ਪ੍ਰਚਾਰ ਕਮੇਟੀ ਸਮਾਲਸਰ ਤੋਂ ਜਥੇਦਾਰ ਜਸਵਿੰਦਰ ਸਿੰਘ ਨੰਬਰਦਾਰ, ਅਮਰ ਸਿੰਘ, ਜਸਵੀਰ ਸਿੰਘ, ਸਰਪੰਚ ਹਰਜੀਤ ਸਿੰਘ ਰੋਡੇ, ਸਾਬਕਾ ਸਰਪੰਚ ਨਛੱਤਰ ਸਿੰਘ, ਗੁਰਦਿਆਲ ਸਿੰਘ ਲੰਗੇਆਣਾ, ਜਗਰੂਪ ਸਿੰਘ ਖਾਲਸਾ, ਕੁਲਵੰਤ ਸਿੰਘ ਗਿੱਲ, ਭਜਨ ਸਿੰਘ ਆਦਿ ਤੋਂ ਇਲਾਵਾ ਵੱਖ-ਵੱਖ ਪਿੰਡਾਂ.ਸ਼ਹਿਰਾਂ ਤੋਂ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਹੋਏ।