ਪਾਕਿਸਤਾਨੀ ਫੌਜ ਦੇ ਅਫਸਰ ਨਾਲ ਸਥਾਨਕ ਸਿੱਖ | ਸਰੋਤ: ਪਿਛਾਵਰ ਟੂਡੇ

ਸਿੱਖ ਖਬਰਾਂ

ਕਿਲ੍ਹਾ ਜਮਰੌਦ ਵਿਖੇ ਸਿਰਦਾਰ ਹਰੀ ਸਿੰਘ ਨਲਵਾ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ

By ਸਿੱਖ ਸਿਆਸਤ ਬਿਊਰੋ

May 01, 2019

ਪਿਸ਼ਾਵਰ/ਚੰਡੀਗੜ੍ਹ: ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਪਿਸ਼ਾਵਰ ਸ਼ਹਿਰ ‘ਚ ਸਥਿਤ ਕਿਲ੍ਹਾ ਜਮਰੌਦ ਵਿਖੇ ਖਾਲਸਾ ਰਾਜ ਦੇ ਸੂਰਬੀਰ ਜਰਨੈਲ ਸਿਰਦਾਰ ਹਰੀ ਸਿੰਘ ਨਲੂਆ ਦਾ ਸ਼ਹੀਦੀ ਦਿਹਾੜਾ ਮਨਾਏ ਜਾਣ ਦੀ ਜਾਣਕਾਰੀ ਮਿਲੀ ਹੈ। ਇਸ ਦਿਹਾੜੇ ਤੇ ਇਕ ਸ਼ਹੀਦੀ ਸਮਾਗਮ ਕਿਲ੍ਹਾ ਜਮਰੌਦ ਵਿਚ ਸਿਰਦਾਰ ਹਰੀ ਸਿੰਘ ਨਲੂਆ ਦੀ ਸਮਾਧ ਦੇ ਸਥਾਨ ਤੇ ਮਨਾਇਆ ਗਿਆ।

ਇਸ ਬਾਬਤ ਪੰਜਾਬੀ ਅਖਬਾਰ ਅਜੀਤ ਵਿਚ ਛਪੀ ਖਬਰ ਮੁਤਾਬਕ ਪਿਸ਼ਾਵਰ ਦੀ ਗੁਰੂ ਕਲਗੀਧਰ ਸਿੰਘ ਸਭਾ ਗੁਰਦੁਆਰਾ ਭਾਈ ਜੋਗਾ ਸਿੰਘ ਕਮੇਟੀ ਵਲੋਂ 30 ਅਪਰੈਲ ਨੂੰ ਸਵੇਰੇ 11:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਪਾਕਿਸਤਾਨੀ ਸੈਨਾ ਦੇ ਅਧਿਕਾਰ ਅਧੀਨ ਉਕਤ ਕਿਲ੍ਹੇ ‘ਚ ਇਹ ਸ਼ਹੀਦੀ ਦਿਹਾੜਾ ਮਨਾਇਆ ਗਿਆ।

ਅਜੀਤ ਅਖਬਾਰ ਦੀ ਖਬਰ ਮੁਤਾਬਕ ਇਸ ਦੌਰਾਨ ਕਿਲ੍ਹੇ ‘ਚ ਸ: ਨਲੂਆ ਦੀ ਸਮਾਧ ਦੇ ਸਾਹਮਣੇ ਉਸਾਰੇ ਗਏ ਥੜੇ ‘ਤੇ ਸ੍ਰੀ ਸੁਖਮਨੀ ਸਾਹਿਬ, ਚੌਪਈ ਸਾਹਿਬ ਅਤੇ ਆਨੰਦ ਸਾਹਿਬ ਦੇ ਪਾਠ ਉਪਰੰਤ ਭਾਈ ਜੋਗਿੰਦਰ ਸਿੰਘ, ਭਾਈ ਹਰਵਿੰਦਰ ਸਿੰਘ, ਭਾਈ ਜਸਬੀਰ ਸਿੰਘ ਤੇ ਭਾਈ ਸੁਰਿੰਦਰ ਸਿੰਘ ਦੇ ਰਾਗੀ ਜਥਿਆਂ ਵਲੋਂ ਗੁਰਬਾਣੀ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ ਗਿਆ।

ਭਾਈ ਜੋਗਿੰਦਰ ਸਿੰਘ ਨੇ ਅਰਦਾਸ ਕੀਤੀ ਅਤੇ ਹੁਕਮਨਾਮਾ ਲਿਆ ਗਿਆ, ਇਸ ਮੌਕੇ 70 ਦੇ ਕਰੀਬ ਪਿਸ਼ਾਵਰੀ ਸਿੱਖ ਅਤੇ ਪਾਕਿ ਫ਼ੌਜ ਦੇ ਅਧਿਕਾਰੀ ਹਾਜ਼ਰ ਰਹੇ। ਸ: ਗੁਰਪਾਲ ਸਿੰਘ ਦੇ ਉਦਮ ਸਦਕਾ ਸ: ਹਰੀ ਸਿੰਘ ਨਲੂਆ ਦੀ ਸਮਾਧ ਵਿਖੇ ਫ਼ੌਜ ਦੇ ਅਧਿਕਾਰੀਆਂ ਵਲੋਂ ਸਥਾਈ ਤੌਰ ‘ਤੇ ਉਨ੍ਹਾਂ ਦੀ ਤਸਵੀਰ ਵੀ ਲਗਾਈ ਗਈ।

ਫ਼ੌਜ ਦੇ ਅਧਿਕਾਰੀਆਂ ਨੇ ਕਿਲ੍ਹੇ ‘ਚ ਬਰਸੀ ਮਨਾਉਣ ਪਹੁੰਚੇ ਪਿਸ਼ਾਵਰੀ ਸਿੱਖਾਂ ਨੂੰ ਕਿਲ੍ਹੇ ‘ਚ ਮੌਜੂਦ ਇਤਿਹਾਸਕ , ਨਿਸ਼ਾਨੀਆਂ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਕਿਲ੍ਹੇ ਦੀਆਂ ਹੋਰ ਯਾਦਗਾਰਾਂ ਦਾ ਵੀ ਦੌਰਾ ਕਰਵਾਇਆ ਗਿਆ। ਦੱਸਣਯੋਗ ਹੈ ਕਿ ਖਾਲਸਾ ਰਾਜ ਦੀਆਂ ਸਰਹੱਦਾਂ ਦੀ ਰਾਖੀ ਕਰਦਿਆਂ ਸਿਰਦਾਰ ਹਰੀ ਸਿੰਘ ਨਲੂਆ ਦੀ 30 ਮੌਤ 30 ਅਪ੍ਰੈਲ 1837 ਨੂੰ ਗੋਲੀ ਲੱਗਣ ਕਾਰਨ ਹੋਈ ਸੀ ਅਤੇ ਉਨ੍ਹਾਂ ਦਾ ਅੰਤਿਮ ਸਸਕਾਰ ਕਿਲ੍ਹੇ ‘ਚ ਮੌਜੂਦ ਉਕਤ ਸਮਾਧ ਦੇ ਸਥਾਨ ‘ਤੇ ਉਨ੍ਹਾਂ ਦੇ ਪਾਲਿਤ ਪੁੱਤਰ ਸ: ਮਹਾਂ ਸਿੰਘ ਮੀਰਪੁਰੀਆ ਵਲੋਂ ਪ੍ਰਮੁੱਖ ਸਰਦਾਰਾਂ ਦੀ ਦੇਖ-ਰੇਖ ‘ਚ ਕੀਤਾ ਗਿਆ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: