ਖਾਸ ਖਬਰਾਂ

ਇਤਿਹਾਸ ਦੇ ਪੰਨਿਆਂ ਵਿੱਚੋਂ ਅਣਗੌਲੀ ਕਰ ਦਿੱਤੀ ਗਈ ਮੁਲਾਕਾਤ ਨੂੰ ਦਰਸਾਉਂਦੀ ਹੈ ਨਵੀਂ ਫਿਲਮ “ਭਗਤ ਸਿੰਘ”

By ਸਿੱਖ ਸਿਆਸਤ ਬਿਊਰੋ

June 30, 2017

ਚੰਡੀਗੜ: ਪੰਜ ਤੀਰ ਰਿਕਾਰਡਸ ਵੱਲੋਂ ਬੀਤੇ ਦਿਨੀਂ ਜਾਰੀ ਕੀਤੀ ਗਈ ਛੋਟੀ ਫਿਲਮ “ਭਗਤ ਸਿੰਘ” ਇਤਿਹਾਸ ਦੇ ਪੰਨਿਆਂ ਵਿੱਚੋਂ ਅਣਗੌਲੀ ਕਰ ਦਿੱਤੀ ਗਈ ਮੁਲਾਕਾਤ ’ਤੇ ਚਾਨਣ ਪਾਉਂਦੀ ਹੈ। ਇਹ ਮੁਲਾਕਾਤ ਸ਼ਹੀਦ ਭਗਤ ਸਿੰਘ ਅਤੇ ਗਦਰੀ ਇਨਕਲਾਬੀ ਤੇ ਪੰਥ ਦੀ ਉਸ ਵੇਲੇ ਦੀ ਸਿਰਮੌਰ ਸਖਸ਼ੀਅਤ ਭਾਈ ਰਣਧੀਰ ਸਿੰਘ ਦਰਮਿਆਨ 4 ਅਕਤੂਬਰ, 1930 ਨੂੰ ਕੇਂਦਰੀ ਜੇਲ੍ਹ ਲਾਹੌਰ ਵਿੱਚ ਹੋਈ ਸੀ ਜਿਸ ਦੇ ਵੇਰਵੇ ਭਾਈ ਰਣਧੀਰ ਸਿੰਘ ਦੀਆਂ ਜੇਲ੍ਹ ਚਿੱਠੀਆਂ ਵਿੱਚ ਅੰਕਤ ਹਨ।

ਭਾਈ ਰਣਧੀਰ ਸਿੰਘ ਪੰਜਾਬ ਵਿਚਲੇ ਗਦਰ ਲਹਿਰ ਦੇ ਪ੍ਰਮੁੱਖ ਆਗੂਆਂ ਵਿੱਚੋਂ ਸਨ ਤੇ ਉਨ੍ਹਾਂ ਨੂੰ ਬਰਤਾਨਵੀ ਰਾਜ ਦੀਆਂ ਜੜ੍ਹਾਂ ਪੁੱਟਣ ਦੀ ਕੋਸ਼ਿਸ਼ ਕਰਨ ਬਦਲੇ ਅੰਗਰੇਜ਼ ਹਕੂਮਤ ਨੇ ਉਮਰ ਕੈਦ ਦੀ ਸਜਾ ਸੁਣਾਈ ਸੀ। ਜਦੋਂ ਭਗਤ ਸਿੰਘ ਤੇ ਉਸਦੇ ਸਾਥਆਂ ਦੀ ਗ੍ਰਿਫਤਾਰੀ ਹੋਈ ਤੇ ਉਨ੍ਹਾਂ ਨੂੰ ਕੇਂਦਰੀ ਜੇਲ੍ਹ ਵਿੱਚ ਕੈਦ ਕੀਤਾ ਗਿਆ ਤਾਂ ਉਸ ਵੇਲੇ ਭਾਈ ਰਣਧੀਰ ਸਿੰਘ ਵੀ ਕੇਂਦਰੀ ਜੇਲ੍ਹ ਵਿੱਚ ਕੈਦ ਸਨ। ਭਗਤ ਸਿੰਘ ਦੀ ਭਾਈ ਸਾਹਿਬ ਨਾਲ ਮੁਲਾਕਾਤ ਉਨ੍ਹਾਂ ਦੀ ਰਿਹਾਈ ਵੇਲੇ ਕਰਵਾਈ ਗਈ ਸੀ।

ਇਸ ਮੁਲਾਕਾਤ ਦੇ ਜੋ ਵੇਰਵੇ ਭਾਈ ਰਣਧੀਰ ਸਿੰਘ ਹੋਰਾਂ ਆਪਣੀਆਂ ਜੇਲ੍ਹ ਚਿੱਠੀਆਂ ਵਿੱਚ ਅੰਕਤ ਕੀਤੇ ਹਨ ਉਨ੍ਹਾਂ ਤੋਂ ਅਜੋਕੀ ਪੀੜੀ ਅਣਜਾਣ ਹੈ ਕਿਉਂਕਿ ਬਾਅਦ ਵਿੱਚ ਇਤਿਹਾਸਕਾਰਾਂ ਨੇ ਭਾਰਤੀ ਰਾਸ਼ਟਰਵਾਦ ਦੇ ਅਸਰ ਹੇਠ ਭਗਤ ਸਿੰਘ ਦੀ ਜੋ ਸਖਸ਼ੀਅਤ ਉਸਾਰੀ ਉਹ ਇਸ ਮੁਲਾਕਾਤ ਦੇ ਵੇਰਵਿਆਂ ਨੂੰ ਨਸ਼ਰ ਕਰਕੇ ਨਹੀਂ ਸੀ ਹੋ ਸਕਦੀ।

ਫਿਲਮ ਦੇ ਨਿਰਦੇਸ਼ਕਾਂ ਪਰਦੀਪ ਸਿੰਘ ਅਤੇ ਜਸਬੀਰ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਦੀ ਫਿਲਮ ਇਤਿਹਾਸ ਦੇ ਠੋਸ ਤੱਥਾਂ ਦੇ ਹਵਾਲੇ ਨਾਲ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਭਾਈ ਰਣਧੀਰ ਸਿੰਘ ਦੇ ਸਾਹਮਣੇ ਸ਼ਹੀਦ ਭਗਤ ਸਿੰਘ ਨੇ ਜੋ ਇਕਬਾਲ ਕੀਤੇ ਸਨ ਉਨ੍ਹਾਂ ਦਾ ਆਮ ਇਤਿਹਾਸਕਾਰ ਹੁਣ ਜ਼ਿਕਰ ਤੱਕ ਨਹੀਂ ਕਰਦੇ ਤੇ ਇਹ ਫਿਲਮ ਉਸ ਪੱਖ ਨੂੰ ਨਸ਼ਰ ਕਰਦੀ ਹੈ।

ਅਮਰੀਕਾ ਵਿੱਚ ਸਿੱਖ ਨੈਟ ਵੱਲੋਂ ਕਰਵਾਏ ਜਾਂਦੇ ਸਲਾਨਾ ਫਿਲਮ ਮੇਲੇ ਵਿਚ ਦੋ ਵਾਰ ਅੱਵਲ ਰਹਿਣ ਵਾਲੀਆਂ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਨੌਜਵਾਨ ਫਿਲਮ ਨਿਰਦੇਸ਼ਕ ਪਰਦੀਪ ਸਿੰਘ ਨੇ ਕਿਹਾ: “ਅਸੀਂ ਫਿਲਮ ਦੀ ਕਾਹਣੀ ਨੂੰ ਭਾਈ ਰਣਧੀਰ ਸਿੰਘ ਹੋਰਾਂ ਦੀਆਂ ਜੇਲ੍ਹ ਚਿੱਠੀਆਂ ਦੇ ਅਧਾਰ ’ਤੇ ਤਿਆਰ ਕੀਤਾ ਸੀ ਅਤੇ ਇਹ ਧਿਆਨ ਰੱਖਿਆ ਹੈ ਤੱਥ ਜਿਸ ਰੂਪ ਵਿਚ ਇਤਿਹਾਸ ਵਿਚ ਦਰਜ਼ ਹਨ ਉਵੇਂ ਹੀ ਫਿਲਮਾਏ ਜਾਣ”।

ਦਰਸ਼ਕ ਇਸ ਫਿਲਮ ਨੂੰ ਪੰਜ ਤੀਰ ਰਿਕਾਰਡਸ ਦੇ ਯੂ-ਟਿਊਬ ਉੱਤੇ ਵੇਖ ਸਕਦੇ ਹਨ।

ਪੁਰੀ ਫਿਲਮ ਹੇਠਾਂ ਦੇਖੋ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: