ਪੰਜਾਬੀ ਬੋਲੀ ਨਾਲ ਵਿਤਕਰਾ ਕਰਕੇ ਸਭ ਤੋਂ ਹੇਠਾਂ ਥਾਂ ਦੇਣ 'ਤੇ ਸਿੱਖ ਜਥੇਬੰਦੀ ਪ੍ਰਗਟਾਇਆ ਰੋਸ

ਸਿਆਸੀ ਖਬਰਾਂ

ਪੰਜਾਬੀ ਬੋਲੀ ਨਾਲ ਵਿਤਕਰਾ ਕਰਕੇ ਸਭ ਤੋਂ ਹੇਠਾਂ ਥਾਂ ਦੇਣ ‘ਤੇ ਸਿੱਖ ਜਥੇਬੰਦੀ ਨੇ ਪ੍ਰਗਟਾਇਆ ਰੋਸ

By ਸਿੱਖ ਸਿਆਸਤ ਬਿਊਰੋ

October 25, 2017

ਅੰਮ੍ਰਿਤਸਰ: ਇਤਿਹਾਸਕ ਜਲ੍ਹਿਆਂਵਾਲਾ ਬਾਗ਼ ਦੇ ਮੁਖ ਦਰਵਾਜ਼ੇ ਅਤੇ ਅੰਦਰ ਲਾਏ ਗਏ ਬੋਰਡਾਂ ‘ਤੇ ਪੰਜਾਬੀ ਭਾਸ਼ਾ ਨੂੰ ਤੀਸਰਾ ਦਰਜਾ ਦੇਣ ‘ਤੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਨੇ ਰੋਸ ਪ੍ਰਗਟਾਉਂਦਿਆਂ ਹੱਥਾਂ ਵਿੱਚ ਬੈਨਰ ਫੜ੍ਹਕੇ ਪੰਜਾਬੀ ਨੂੰ ਅੱਵਲ ਥਾਂ ਦੇਣ ਲਈ ਮੁਹਿੰਮ ਚਲਾਈ। ਫ਼ੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਜ਼ਿਲ੍ਹਾ ਪ੍ਰਧਾਨ ਗਿਆਨੀ ਸਿਮਰਨਜੀਤ ਸਿੰਘ ਦੀ ਅਗਵਾਈ ‘ਚ ਜਥੇਬੰਦੀ ਦੇ ਨੌਜਵਾਨਾਂ ਨੇ ਆਪਣਾ ਰੋਸ ਪ੍ਰਗਟ ਕੀਤਾ।

ਨੌਜਵਾਨਾਂ ਦੇ ਹੱਥਾਂ ਵਿੱਚ ਬੈਨਰ ਫੜੇ ਵੇਖ ਕੇ ਕਈ ਰਾਹਗੀਰ ਅਤੇ ਦਰਬਾਰ ਸਾਹਿਬ ਆਉਣ ਵਾਲੀਆਂ ਸੰਗਤਾਂ ਇਕੱਠੀਆਂ ਹੋ ਗਈਆਂ। ਭਾਈ ਰਣਜੀਤ ਸਿੰਘ ਨੇ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਹੁੰਦਿਆਂ ਕਿਹਾ 1919 ਵਿੱਚ ਇਸ ਅਸਥਾਨ ‘ਤੇ ਗੋਲੀਆਂ ਚਲਾ ਕੇ ਸੈਂਕੜੇ ਪੰਜਾਬੀਆਂ ਨੂੰ ਮੌਤ ਦੇ ਘਾਟ ਉਤਾਰਨ ਵਾਲਿਆਂ ਦੀ ਭਾਸ਼ਾ ਅੰਗਰੇਜੀ ਨੂੰ ਪਹਿਲ ਦਿੱਤੀ ਗਈ ਹੈ ਤੇ ਗੋਲੀਆਂ ਖਾਣ ਵਾਲੇ ਪੰਜਾਬੀਆਂ ਦੀ ਭਾਸ਼ਾ ਨੂੰ ਤੀਜਾ ਥਾਂ। ਉਨ੍ਹਾਂ ਕਿਹਾ ਭਾਰਤ ਦੇ ਹਰ ਸੂਬੇ ਵਿੱਚ ਉਥੋਂ ਦੇ ਲੋਕਾਂ ਦੀ ਮਾਤ ਭਾਸ਼ਾ ਨੂੰ ਪਹਿਲ ਦਿੱਤੀ ਜਾਂਦੀ ਹੈ ਅਤੇ ਮਿਲਣੀ ਵੀ ਚਾਹੀਦੀ ਹੈ ਫਿਰ ਇਹ ਪੰਜਾਬ ਵਿੱਚ ਪੰਜਾਬੀ ਭਾਸ਼ਾ ਨਾਲ ਵਿਤਕਰਾ ਕਿਉਂ? ਉਨ੍ਹਾਂ ਕਿਹਾ ਕਿ ਜਲ੍ਹਿਆਂਵਾਲਾ ਬਾਗ ਵਿੱਚ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਣ ਵਾਲੇ ਸਭ ਤੋਂ ਵੱਧ ਪੰਜਾਬੀ ਲੋਕ ਸਨ ਅਤੇ ਦਰਦਨਾਕ ਸਾਕੇ ਦਾ ਬਦਲਾ ਲੈਣ ਵਾਲਾ ਸੂਰਮਾ ਵੀ ਪੰਜਾਬੀ ਨੌਜਵਾਨ ਸ਼ਹੀਦ ਊਧਮ ਸਿੰਘ ਸੀ। ਫ਼ੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਗਿਆਨੀ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਜਲ੍ਹਿਆਂਵਾਲਾ ਬਾਗ ਦੇ ਅੰਦਰ ਲਾਏ ਗਏ ਹਰ ਬੋਰਡ ‘ਤੇ ਪੰਜਾਬੀ ਨੂੰ ਤੀਜੇ ਥਾਂ ‘ਤੇ ਰੱਖ ਕੇ ਸਾਡੀ ਬੋਲੀ ਦੀ ਤੌਹੀਨ ਕੀਤੀ ਗਈ ਹੈ ਜਿਸਨੂੰ ਕਿ ਪੰਜਾਬ ਦੇ ਲੋਕ ਹੁਣ ਬਰਦਾਸ਼ਤ ਨਹੀਂ ਕਰਨਗੇ।

ਫ਼ੈਡਰੇਸ਼ਨ ਆਗੂਆਂ ਨੇ ਇੱਕ ਘੰਟਾ ਆਪਣਾ ਰੋਸ ਪ੍ਰਗਟ ਕਰਨ ਤੋਂ ਬਾਅਦ ਬਾਗ ਦੀ ਪ੍ਰਬੰਧਕੀ ਕਮੇਟੀ ਦੇ ਸਕੱਤਰ ਮੁਖਰਜੀ ਨੂੰ ਮੰਗ ਪੱਤਰ ਵੀ ਸੌਂਪਿਆ ਤੇ ਮੰਗ ਕੀਤੀ ਕਿ ਪੰਜਾਬੀ ਬੋਲੀ ਨੂੰ ਪਹਿਲਾ ਥਾਂ ਦਿੱਤਾ ਜਾਵੇ। ਜਥੇਬੰਦੀ ਨੇ ਚਿਤਾਵਨੀ ਦਿੱਤੀ ਕਿ ਅਮਲ ਨਾ ਹੋਣ ਦੀ ਸੂਰਤ ਵਿਚ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਹਰਪ੍ਰੀਤ ਸਿੰਘ ਟੋਨੀ, ਪਾਰਸ ਸਿੰਘ, ਗਗਨਦੀਪ ਸਿੰਘ, ਨਵਪ੍ਰੀਤ ਸਿੰਘ, ਮਲਕੀਤ ਸਿੰਘ, ਗੁਰਿੰਦਰ ਸਿੰਘ ਆਦਿ ਫ਼ੈਡਰੇਸ਼ਨ ਕਾਰਜਕਰਤਾ ਹਾਜ਼ਰ ਸਨ।

ਸਬੰਧਤ ਖ਼ਬਰ: ਪੰਜਾਬੀ ਦੇ ਹੱਕ ‘ਚ ਹਿੰਦੀ ਸਾਈਨ ਬੋਰਡਾਂ ‘ਤੇ ਕਾਲਖ ਪੋਤਣ ਵਾਲਿਆਂ ‘ਤੇ ਨੇਹਿਆਂਵਾਲਾ ‘ਚ ਕੇਸ ਦਰਜ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: