
December 19, 2015 | By ਸਿੱਖ ਸਿਆਸਤ ਬਿਊਰੋ
ਵਾਸ਼ਿੰਗਟਨ: ਅਮਰੀਕਾ ਦੀ ਧਰਮ ਅਤੇ ਸਿੱਖਿਆ ਬਾਰੇ ਸਿੱਖ ਕੌਂਸਲ ਦੇ ਨੁਮਾਇੰਦਿਆਂ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਮਿਲ ਕੇ ਮੰਗ ਕੀਤੀ ਕਿ ਸਿੱਖਾਂ ਨੂੰ ਅਮਰੀਕੀ ਫੌਜ ਵਿੱਚ ਬਿਨ੍ਹਾਂ ਕਿਸੇ ਰੋਕ ਤੋਂ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ।
ਅਮਰੀਕਾ ਦੀ ਧਰਮ ਅਤੇ ਸਿੱਖਿਆ ਬਾਰੇ ਸਿੱਖ ਕੌਂਸਲ ਦੇ ਨੁਮਾਇੰਦਿਆਂ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਕੀਤੀ ਗਈ ਮੁਲਾਕਾਤ
ਕੌਂਸਲ ਦੇ ਚੇਅਰਮੈਨ ਰਾਜਵੰਤ ਸਿੰਘ ਦੀ ਅਗਵਾਈ ਵਿੱਚ ਇੱਕ ਵਫਦ ਓਬਾਮਾ ਨੂੰ ਵਾਈਟ ਹਾਊਸ ਵਿੱਚ ਬੀਤੇ ਬੁੱਧਵਾਰ ਨੂੰ ਮਿਲਿਆ ਸੀ ਜਿੱਥੇ ਉਨ੍ਹਾਂ ਵੱਲੋਂ ਜੋਰ ਦੇ ਕੇ ਇਸ ਗੱਲ ਦੀ ਮੰਗ ਕੀਤੀ ਗਈ ਕਿ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਜਿਵੇਂ ਦਸਤਾਰ ਅਤੇ ਪਗੜੀ ਤੇ ਬਿਨ੍ਹਾਂ ਕਿਸੇ ਰੋਕ ਤੋਂ ਸਿੱਖਾਂ ਨੂੰ ਫੌਜ ਵਿੱਚ ਭਰਤੀ ਕੀਤਾ ਜਾਵੇ।
ਪ੍ਰੈਸ ਰਿਲੀਜ਼ ਵਿੱਚ ਇਹ ਕਿਹਾ ਗਿਆ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਨੇ ਇਸ ਗੱਲ ਤੇ ਵਿਚਾਰ ਕਰਨ ਤੇ ਇਸ ਮਸਲੇ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਹੈ।
ਰਾਜਵੰਤ ਸਿੰਘ ਨੇ ਰਾਸ਼ਟਰਪਤੀ ਨੂੰ ਕਿਹਾ ਕਿ “ਤੁਹਾਨੂੰ ਸਿੱਖਾਂ ਨੂੰ ਬਿਨ੍ਹਾਂ ਕਿਸੇ ਰੋਕ ਟੋਕ ਤੋਂ ਫੌਜ ਵਿੱਚ ਕੰਮ ਦੀ ਇਜਾਜ਼ਤ ਦੇਣੀ ਚਾਹੀਦੀ ਹੈ।ਸਿੱਖ ਤਾਂ ਹੀ ਆਪਣੀਆਂ ਸੇਵਾਵਾਂ ਦੇਸ਼ ਦੀ ਫੌਜ ਵਿੱਚ ਦੇ ਸਕਦੇ ਹਨ ਜੇਕਰ ਪੈਂਟਾਗਨ ਉਨ੍ਹਾਂ ਨੂੰ ਧਾਰਮਿਕ ਚਿੰਨ੍ਹਾਂ ਦੇ ਮਸਲੇ ਤੇ ਖਾਸ ਰਿਆਇਤਾਂ ਦੇਵੇ।ਇਹ ਹੋਣਾ ਚਾਹੀਦਾ ਹੈ।ਕ੍ਰਿਪਾ ਕਰਕੇ ਤੁਸੀਂ ਹੁਣ ਇਨ੍ਹਾਂ ਰੋਕਾਂ ਨੂੰ ਹਟਾਏ ਬਿਨਾਂ ਆਪਣੇ ਰਾਸ਼ਟਰਪਤੀ ਦਫਤਰ ਨੂੰ ਨਾਂ ਛੱਡਿਓ।”
ਇਸ ਦੌਰਾਨ ਰਾਸ਼ਟਰਪਤੀ ਓਬਾਮਾ ਨੇ ਕਿਹਾ ਕਿ “ਸਿੱਖ ਮਹਾਨ ਯੋਧੇ ਹਨ। ਮੈਂ ਇਸ ਮਸਲੇ ਨੂੰ ਘੋਖ ਕੇ ਇਸ ਦਾ ਹੱਲ ਕਰਾਂਗਾ।”
ਰਾਜਵੰਤ ਸਿੰਘ ਨੇ ਉਬਾਮਾ ਨੂੰ ਕਿਹਾ ਕਿ ਗਵਾਂਢੀ ਦੇਸ਼ ਕਨੇਡਾ ਵਿੱਚ ਇੱਕ ਦਸਤਾਰ ਧਾਰੀ ਸਿੱਖ ਰੱਖਿਆ ਮੰਤਰੀ ਦੇ ਅਹੁਦੇ ਤੇ ਸੇਵਾਵਾਂ ਨਿਭਾ ਰਿਹਾ ਹੈ।
ਜਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਇੱਕ ਅਮਰੀਕੀ ਸਿੱਖ ਫੌਜੀ ਨੂੰ ਧਾਰਮਿਕ ਚਿੰਨਾਂ ਦੇ ਮਸਲੇ ਤੇ ਇੱਕ ਖਾਸ ਰਿਆਇਤ ਦਿੰਦਿਆਂ ਦਾੜੀ ਅਤੇ ਦਸਤਾਰ ਨਾਲ ਡਿਊਟੀ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ।
Related Topics: American Military, Barack Obama, Pentagon, Rajwant Singh, Sikh Council on Religion and Education, White House