ਕੌਮਾਂਤਰੀ ਖਬਰਾਂ » ਖਾਸ ਖਬਰਾਂ » ਸਿੱਖ ਖਬਰਾਂ

ਬਰਤਾਨਵੀ ਸਿੱਖਾਂ ਦਾ ਭਾਰਤੀ ਕਹਾਉਣ ਦੀ ਮਜ਼ਬੂਰੀ ਤੋਂ ਛੁੱਟੇਗਾ ਖਹਿੜਾ

July 23, 2018 | By

ਲੰਡਨ: ਬਰਤਾਨੀਆ ਵਿਚ ਹੁੰਦੀ ਮਰਦਮਸ਼ੁਮਾਰੀ ਵਿਚ ਸਿੱਖਾਂ ਨੂੰ ਸਿਰਫ ਇਕ ਵੱਖਰੇ ਧਰਮ ਵਜੋਂ ਹੀ ਨਹੀਂ ਬਲਕਿ ਇਕ ਵੱਖਰੀ ਨਸਲ (ਐਥਨੀਸਿਟੀ) ਵਜੋਂ ਮਾਨਤਾ ਮਿਲਣ ਉੱਤੇ ਲਗਭਗ ਮੋਹਰ ਲੱਗ ਚੁੱਕੀ ਹੈ। ਬਰਤਾਨੀਆ ਦੀ ਮਰਸਮਸ਼ੁਮਾਰੀ ਲਈ ਜ਼ਿੰਮੇਵਾਰ ਸੰਸਥਾ ਓਐਨਐਸ ਵਲੋਂ 2021 ਵਿਚ ਹੋਣ ਵਾਲੀ ਮਰਦਮਸ਼ੁਮਾਰੀ ਦੇ ਫਾਰਮਾਂ ਵਿਚ ‘ਸਿੱਖ ਨਸਲ’ (ਸਿੱਖ ਐਥਨੀਸਿਟੀ) ਦੇ ਖਾਨੇ ਨੂੰ ਪਾਉਣ ਦੀਆਂ ਸੰਭਾਵਨਾਵਾਂ ਉੱਤੇ ਵੱਡੇ ਪੱਧਰ ‘ਤੇ ਵਿਚਾਰ ਕੀਤੀ ਗਈ ਹੈ ਤੇ ਸਿੱਖ ਅਬਾਦੀ ਵਲੋਂ ਇਸ ਦਾ ਹਾਂ-ਪੱਖੀ ਹੁੰਗਾਰਾ ਭਰਿਆ ਗਿਆ ਹੈ।

2011 ਦੀ ਮਰਦਮਸ਼ੁਮਾਰੀ ਵਿਚ 83,000 ਤੋਂ ਵੱਧ ਸਿੱਖਾਂ ਨੇ ਫਾਰਮਾਂ ਵਿਚ ਦਿੱਤੇ ਗਏ ਭਾਰਤੀ ਹੋਣ ਦੇ ਖਾਨੇ ਨੂੰ ਖਾਲੀ ਛੱਡਦਿਆਂ ਹੋਰ ਖਾਨੇ ਉੱਤੇ ਮੋਹਰ ਲਾ ਕੇ ਖੁਦ ਨੂੰ ਸਿੱਖ ਲਿਖ ਕੇ ਆਪਣੀ ਪਛਾਣ ਨੂੰ ਭਾਰਤੀ ਮੰਨਣ ਤੋਂ ਇਨਕਾਰ ਕੀਤਾ ਗਿਆ ਸੀ।

ਬਰਤਾਨਵੀ ਸਿੱਖਾਂ ਲਈ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਵਲੋਂ ਓਐਨਐਸ ਦੀ ਸਿੱਖ ਨਸਲ (ਐਥਨੀਸਿਟੀ) ਦੇ ਖਾਨੇ ਦੀ ਸ਼ਮੂਲੀਅਤ ਬਾਰੇ ਲੋਕ ਰਾਇ ਜਾਣਨ ਵਿਚ ਮਦਦ ਕਰਨ ਲਈ ਬਰਤਾਨੀਆ ਦੇ ਗੁਰਦੁਆਰਿਆਂ ਰਾਹੀਂ ਚਿੱਠੀਆਂ ਪਾ ਕੇ ਸਲਾਹ ਮੰਗੀ ਗਈ ਸੀ।

2016 ਵਿਚ ਬਰਤਾਨੀਆ ਵਿਚ ਸਿੱਖਾਂ ਦੇ ਹੋਏ ਸਭ ਤੋਂ ਵੱਡੇ ਸਰਵੇਖਣ ਮੁਤਾਬਿਕ 93.5 ਫੀਸਦੀ ਦੇ ਕਰੀਬ ਸਿੱਖ 2021 ਦੀ ਮਰਦਮਸ਼ੁਮਾਰੀ ਵਿਚ ਸਿੱਖ ਨਸਲ ਦੇ ਖਾਨੇ ਦੀ ਸ਼ਮੂਲੀਅਤ ਦੇ ਪੱਖ ਵਿਚ ਹਨ।

ਬਰਤਾਨੀਆ ਦੀ ਪਾਰਲੀਮੈਂਟ ਵਿਚ ਮੈਂਬਰ ਚੁਣੀ ਗਈ ਪਹਿਲੀ ਸਿੱਖ ਬੀਬੀ ਅਤੇ ਆਲ ਪਾਰਟੀ ਗਰੁੱਪ ਦੀ ਮੁਖੀ ਪ੍ਰੀਤ ਕੌਰ ਗਿੱਲ ਨੇ ਕਿਹਾ ਕਿ ਸਿੱਖਾਂ ਨੇ ਮੁਕੰਮਲ ਰੂਪ ਵਿਚ ਸਿੱਖ ਨਸਲ ਦੇ ਖਾਨੇ ਦੀ ਹਮਾਇਤ ਕੀਤੀ ਹੈ। ਕਿਸੇ ਵੀ ਗੁਰਦੁਆਰੇ ਵਲੋਂ ਇਸ ਦਾ ਵਿਰੋਧ ਨਹੀਂ ਕੀਤਾ ਗਿਆ।

ਗੌਰਤਲਬ ਹੈ ਕਿ ਜੇ 60 ਫੀਸਦੀ ਤੋਂ ਵੱਧ ਗੁਰਦੁਆਰੇ ਇਸ ਦੇ ਹੱਕ ਵਿਚ ਭੁਗਤਦੇ ਹਨ ਤਾਂ ਓਐਨਐਸ ਇਸ ਨੂੰ 2021 ਦੀ ਮਰਦਮਸ਼ੁਮਾਰੀ ਦੇ ਫਾਰਮਾਂ ਵਿਚ ਸ਼ਾਮਿਲ ਕਰ ਲਵੇਗੀ।

ਬਰਤਾਨੀਆ ਵਿਚ ਸਿੱਖਾਂ ਦੀ ਸੰਸਥਾ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਅਮਰੀਕ ਸਿੰਘ ਗਿੱਲ ਨੇ ਕਿਹਾ ਕਿ ਸਿੱਖਾਂ ਵਲੋਂ ਸਿੱਖ ਇਕ ਵੱਖਰੀ ਨਸਲ ਦੇ ਮਤੇ ‘ਤੇ ਭਰਵੀਂ ਹਮਾਇਤ ਤੋਂ ਬਾਅਦ ਓਐਨਐਸ ਨੂੰ ਮਰਦਮਸ਼ੁਮਾਰੀ ਦੇ ਫਾਰਮਾਂ ਵਿਚ ਸਿੱਖ ਨਸਲ ਦੇ ਖਾਨੇ ਨੂੰ ਸ਼ਾਮਿਲ ਕਰਨ ਵਿਚ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ।

ਬੀਤੇ ਵਰ੍ਹੇ 113 ਵਿਧਾਇਕਾਂ ਵਲੋਂ ਸਿੱਖਾਂ ਨੂੰ ਇਕ ਵੱਖਰੀ ਨਸਲ ਵਜੋਂ ਮਰਦਮਸ਼ੁਮਾਰੀ ਵਿਚ ਥਾਂ ਦੇਣ ਦੇ ਪੱਖ ਵਿਚ ਓਐਨਐਸ ਨੂੰ ਲਿਖੀ ਚਿੱਠੀ ‘ਤੇ ਦਸਤਖਤ ਕੀਤੇ ਗਏ ਸੀ। ਸਿੱਖਾਂ ਤੋਂ ਇਲਾਵਾ ਜਹੂਦੀਆਂ, ਰੋਮਾ ਅਤੇ ਸੋਮਾਲੀਆਂ ਨੂੰ ਵੀ ਮਰਦਮਸ਼ੁਮਾਰੀ ਵਿਚ ਇਕ ਨਸਲ ਵਜੋਂ ਮਾਨਤਾ ਦੇਣ ‘ਤੇ ਵਿਚਾਰ ਚੱਲ ਰਹੀ ਹੈ।

1983 ਵਿਚ ਹਾਊਸ ਆਫ ਲਾਰਡਸ ਵਲੋਂ ਇਕ ਸਿੱਖ ਸਕੂਲੀ ਬੱਚੇ ਨਾਲ ਨਸਲੀ ਵਿਤਕਰੇ ਦੇ ਮਾਮਲੇ ਵਿਚ ਸੁਣਾਏ ਫੈਂਸਲੇ ਤੋਂ ਸਿੱਖਾਂ ਨੂੰ ਬਰਤਾਨੀਆ ਵਿਚ ਕਾਨੂੰਨੀ ਤੌਰ ‘ਤੇ ਇਕ ਨਸਲ ਮੰਨਿਆ ਗਿਆ ਹੈ। ਪਰ 1991, 2001 ਅਤੇ 2011 ਦੀਆਂ ਮਰਦਮਸ਼ੁਮਾਰੀਆਂ ਵਿਚ ਸਿੱਖਾਂ ਨੂੰ ਇਕ ਨਸਲ ਵਜੋਂ ਸ਼ਾਮਿਲ ਨਹੀਂ ਕੀਤਾ ਗਿਆ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,