ਭਾਈ ਧਿਆਨ ਸਿੰਘ ਨੂੰ ਡਾਕਟਰੀ ਮੁਆਇਨੇ ਲਈ ਲੈ ਕੇ ਜਾਂਦੀ ਪੁਲਿਸ

ਪੰਜਾਬ ਦੀ ਰਾਜਨੀਤੀ

ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰ ਅਤੇ ਸਿੱਖ ਆਗੂ ਗ੍ਰਿਫਤਾਰ ਕਰਕੇ ਵੱਖ ਵੱਖ ਜੇਲ ਭੇਜੇ

By ਸਿੱਖ ਸਿਆਸਤ ਬਿਊਰੋ

November 13, 2015

ਸਿਮਰਨਜੀਤ ਸਿੰਘ ਮਾਨ ਨੂੰ ਕੀਤਾ ਗਿਆ ਰਿਹਾਅ ਅੰਮ੍ਰਿਤਸਰ ਸਾਹਿਬ: ਸਰਬੱਤ ਖਾਲਸਾ ਸਮਾਗਮ ਵਿੱਚ ਚੁਣੇ ਗਏ ਜਥੇਦਾਰਾਂ ਅਤੇ ਸਮਾਗਮ ਦੇ ਸੰਚਾਲਕਾਂ ਨੂੰ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਵੱਖ ਵੱਖ ਜੇਲਾਂ ਵਿੱਚ ਨਿਆਇਕ ਹਿਰਾਸਤ ਤੇ ਭੇਜ ਦਿੱਤਾ ਗਿਆ ਹੈ।

ਅਕਾਲ ਤਖ਼ਤ ਸਾਹਿਬ ਦੇ ਨਵੇਂ ਥਾਪੇ ਗਏ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੂੰ ਬੀਤੇ ਦਿਨ ਅੰਮ੍ਰਿਤਸਰ ਸਾਹਿਬ ਦੇ ਕਮਿਸ਼ਨਰ ਕੋਲ ਪੇਸ਼ ਕੀਤਾ ਗਿਆ ਤੇ ਕਮਿਸ਼ਨਰ ਵੱਲੋਂ ਉਨ੍ਹਾਂ ਨੂੰ ਭਾਈ ਸਿਕੰਦਰ ਸਿੰਘ ਵਰਾਣਾ ਸਮੇਤ 23 ਨਵੰਬਰ ਤੱਕ ਨਿਆਇਕ ਹਿਰਾਸਤ ਵਿੱਚ ਨਾਭਾ ਜੇਲ ਭੇਜ ਦਿੱਤਾ ਗਿਆ ਹੈ।ਉਨ੍ਹਾਂ ਨਾਲ ਹਿਰਾਸਤ ਵਿੱਚ ਲਏ ਗਏ ਭਾਈ ਸਤਨਾਮ ਸਿੰਘ ਮਨਾਵਾਂ ਨੂੰ ਪਠਾਨਕੋਟ ਜੇਲ ਅਤੇ ਭਾਈ ਜਸਕਰਨ ਸਿੰਘ ਕਾਹਨਸਿੰਘ ਵਾਲਾ ਨੂੰ ਰੋਪੜ ਜੇਲ ਭੇਜਿਆ ਗਿਆ ਹੈ।

ਭਾਈ ਅਮਰੀਕ ਸਿੰਘ ਅਜਨਾਲਾ ਅਤੇ ਉਨ੍ਹਾਂ ਦੇ ਸਾਥੀ ਭਾਈ ਗੁਰਪ੍ਰੀਤ ਸਿੰਘ ਨੂੰ ਥਾਣਾ ਅਜਨਾਲਾ ਦੇ ਐਸ.ਐਚ.ਓ ਸ਼ਿਵਦਰਸ਼ਨ ਸਿੰਘ ਵੱਲੋਂ ਡਿਊਟੀ ਮੈਜਿਸਟਰੇਟ ਜਗਸੀਰ ਸਿੰਘ ਮਿੱਤਲ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਨ੍ਹਾਂ ਵੱਲੋਂ ਧਾਰਾ 107/51 ਤਹਿਤ ਕਾਰਵਾਈ ਕਰਦੇ ਹੋਏ ਦੋਵਾਂ ਨੂੰ 23 ਨਵੰਬਰ ਤੱਕ ਨਿਆਇਕ ਹਿਰਾਸਤ ਤੇ ਸੈਂਟਰਲ ਜੇਲ ਫਿਰੋਜ਼ਪੁਰ ਭੇਜ ਦਿੱਤਾ ਗਿਆ ਹੈ।

ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਉਨ੍ਹਾਂ ਦੇ ਚਾਰ ਸਾਥੀਆਂ ਸਮੇਤ ਪੁਲਿਸ ਥਾਣਾ ਪੱਟੀ ਦੀ ਐਸ.ਐਚ.ਓ ਰਾਜਵਿੰਦਰ ਕੌਰ ਬਾਜਵਾ ਵੱਲੋਂ ਧਾਰਾ 107,108,51 ਅਧੀਨ ਐਸ.ਡੀ.ਐਮ ਪੱਟੀ ਸ.ਅਮਨਦੀਪ ਸਿੰਘ ਭੱਟੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਭਾਈ ਦਾਦੂਵਾਲ, ਭਾਈ ਤਰਨਬੀਰ ਸਿੰਘ, ਭਾਈ ਰਾਜਵਿੰਦਰ ਸਿੰਘ ਅਤੇ ਭਾਈ ਨਰਿੰਦਰ ਸਿੰਘ ਨੂੰ 14 ਦਿਨ ਦੀ ਨਿਆਇਕ ਹਿਰਾਸਤ ਤੇ ਕੇਂਦਰੀ ਜੇਲ ਪਟਿਆਲਾ ਵਿਖੇ ਭੇਜ ਦਿੱਤਾ ਗਿਆ।

ਭਾਈ ਮੋਹਕਮ ਸਿੰਘ ਨੂੰ ਕੱਲ੍ਹ ਸ਼ਾਮ ਅੰਮ੍ਰਿਤਸਰ ਸਾਹਿਬ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਉਨ੍ਹਾਂ ਨੂੰ 23 ਨਵੰਬਰ ਤੱਕ ਨਿਆਇਕ ਹਿਰਾਸਤ ਵਿੱਚ ਲੁਧਿਆਣਾ ਜੇਲ ਭੇਜ ਦਿੱਤਾ ਗਿਆ ਹੈ।ਭਾਈ ਵੱਸਣ ਸਿੰਘ ਜ਼ਫਰਵਾਲ ਨੂੰ ਗੁਰਦਾਸਪੁਰ ਦੇ ਐਸ.ਡੀ.ਐਮ ਦੀ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ 23 ਨਵੰਬਰ ਤੱਕ ਗੁਰਦਾਸਪੁਰ ਜੇਲ੍ਹ ਭੇਜ ਦਿੱਤਾ ਗਿਆ।

11 ਨਵੰਬਰ ਨੂੰ ਅੰਮ੍ਰਿਤਸਰ ਸਾਹਿਬ ਤੋਂ ਗ੍ਰਿਫਤਾਰ ਕੀਤੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸਿਮਰਨਜੀਤ ਸਿੰਘ ਮਾਨ ਨੂੰ ਕੱਲ੍ਹ ਪੁਲਿਸ ਵੱਲੋਂ ਰਿਹਾਅ ਕਰ ਦਿੱਤਾ ਗਿਆ।

ਸਰਬੱਤ ਖਾਲਸਾ ਸਮਾਗਮ ਹੋਣ ਤੋਂ ਅਗਲੇ ਦਿਨ ਹੀ ਪੰਜਾਬ ਪੁਲਿਸ ਵੱਲੋਂ ਸਰਬੱਤ ਖਾਲਸਾ ਸਮਾਗਮ ਦੇ ਸੰਚਲਾਕ ਆਗੂਆਂ ਅਤੇ ਸਰਬੱਤ ਖਾਲਸਾ ਸਮਾਗਮ ਵਿੱਚ ਚੁਣੇ ਗਏ ਜਥੇਦਾਰਾਂ ਨੂੰ ਵੱਖ ਵੱਖ ਜਗ੍ਹਾ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ।ਸਿਮਰਨਜੀਤ ਸਿੰਘ ਮਾਨ, ਭਾਈ ਮੋਹਕਮ ਸਿੰਘ ਨੂੰ ਅੰਮ੍ਰਿਤਸਰ ਸਾਹਿਬ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਜਦ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਣਾਏ ਗਏ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਅੰਮ੍ਰਿਤਸਰ ਸਾਹਿਬ-ਪੱਟੀ ਮਾਰਗ ਤੇ ਪਿੰਡ ਜੌੜਾ ਤੋਂ ਹਿਰਾਸਤ ਵਿੱਚ ਲਿਆ ਗਿਆ ਸੀ।

ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਬਣਾਏ ਗਏ ਭਾਈ ਅਮਰੀਕ ਸਿੰਘ ਅਜਨਾਲਾ ਨੂੰ 11 ਨਵੰਬਰ ਵਾਲੇ ਦਿਨ ਦਮਦਮੀ ਟਕਸਾਲ ਅਜਨਾਲਾ ਵਿਖੇ ਨਜਰਬੰਦ ਕਰ ਦਿੱਤਾ ਗਿਆ ਤੇ ਸ਼ਾਮ ਵੇਲੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਜਦੋਂ ਸਰਬੱਤ ਖਾਲਸਾ ਵਿੱਚ ਕੀਤੇ ਹੋਏ ਐਲਾਨ ਮੁਤਾਬਿਕ ਬੰਦੀ ਛੋੜ ਦਿਹਾੜੇ ਮੌਕੇ ਅਕਾਲ ਤਖਤ ਸਾਹਿਬ ਤੇ ਸੰਦੇਸ਼ ਪੜ੍ਹਨ ਪਹੁੰਚੇ ਤਾਂ ਉੱਥੋਂ ਵਾਪਿਸ ਜਾਂਦਿਆਂ ਉਨ੍ਹਾਂ ਨੂੰ ਭਾਈ ਜਸਕਰਨ ਸਿੰਘ ਕਾਹਨਸਿੰਘ ਵਾਲਾ, ਭਾਈ ਸਿਕੰਦਰ ਸਿੰਘ ਵਰਾਣਾ ਅਤੇ ਭਾਈ ਸਤਨਾਮ ਸਿੰਘ ਮਨਾਵਾਂ ਸਮੇਤ ਹਿਰਾਸਤ ਵਿੱਚ ਲੈ ਲਿਆ ਗਿਆ।

ਭਾਈ ਗੁਰਦੀਪ ਸਿੰਘ ਬਠਿੰਡਾ ਨੂੰ ਐਸ.ਐਸ.ਪੀ ਬਠਿੰਡਾ ਰਾਜੇਸ਼ਵਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਪੁਲਿਸ ਨੇ ਗੁਰਦੁਆਰਾ ਸਿੰਘ ਸਭਾ ਬਠਿੰਡਾ ਤੋਂ ਗ੍ਰਿਫਤਾਰ ਕੀਤਾ।ਭਾਈ ਵਸਣ ਸਿੰਘ ਜਫਰਵਾਲ ਨੂੰ ਧਾਰੀਵਾਲ ਤੇ ਗੁਰਦਾਸਪੁਰ ਦੀ ਪੁਲਿਸ ਵੱਲੋਂ ਉਨ੍ਹਾਂ ਦੇ ਜੱਦੀ ਪਿੰਡ ਜ਼ਫਰਵਾਲ ਤੋਂ ਗ੍ਰਿਫਤਾਰ ਕੀਤਾ ਗਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: