ਦਸੰਬਰ 1920 'ਚ ਖੇਤਰੀ ਆਸਟਰੇਲੀਆ 'ਚ ਹੋਏ ਪਹਿਲੇ ਅਖੰਡ ਪਾਠ ਸਮੇਂ ਦੀ ਇਤਿਹਾਸਿਕ ਤਸਵੀਰ

ਵਿਦੇਸ਼

ਖੇਤਰੀ ਵਿਕਟੋਰੀਆ ‘ਚ ਉਸਾਰੀ ਜਾਵੇਗੀ ਸਿੱਖ ਯਾਦਗਾਰ; ਇਕ ਸਦੀ ਬਾਅਦ ਇਤਿਹਾਸਿਕ ਸਥਾਨ ‘ਤੇ ਜੁੜੇ ਸਿੱਖ

By ਸਿੱਖ ਸਿਆਸਤ ਬਿਊਰੋ

March 27, 2017

ਮੈਲਬਰਨ (ਤੇਜਸ਼ਦੀਪ ਸਿੰਘ ਅਜਨੌਦਾ): ਆਸਟਰੇਲੀਆ ਦੇ ਸਿੱਖਾਂ ਨੇ 25 ਮਾਰਚ ਨੂੰ ਉਸ ਇਤਿਹਾਸਿਕ ਸਥਾਨ ਦਾ ਦੌਰਾ ਕੀਤਾ ਜਿੱਥੇ ਕਰੀਬ ਇੱਕ ਸਦੀ ਪਹਿਲਾਂ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੇ ਭੋਗ ਪਾਉਣ ਉਪਰੰਤ ਭਾਈਚਾਰਕ ਇਕੱਤਰਤਾ ਕੀਤੀ ਗਈ ਸੀ। ਕੁਝ ਸ੍ਰੋਤਾਂ ਮੁਤਾਬਿਕ ਇਹ ਆਸਟਰੇਲੀਆ ‘ਚ ਹੋਇਆ ਪਹਿਲਾ ਅਖੰਡ ਪਾਠ ਸੀ।

ਵਿਕਟੋਰੀਆ ਦੇ ਖੇਤਰੀ ਇਲਾਕੇ ਦਾ ਸ਼ਹਿਰ ਬਿਨਾਲਾ ਉਨ੍ਹਾਂ ਚੋਣਵੇਂ ਸਥਾਨਾਂ ਵਿਚੋਂ ਇੱਕ ਹੈ ਜੋ ਇਸ ਮੁਲਕ ‘ਚ ਸਿੱਖਾਂ ਦੇ ਸਥਾਪਤੀ ਸਮੇਂ ਨਾਲ ਸਿੱਧੇ ਤੌਰ ‘ਤੇ ਸੰਬੰਧਿਤ ਹਨ ਪਰ ਇਸ ਜਗ੍ਹਾ ‘ਤੇ ਪਹੁੰਚਣ ਲਈ ਸਿੱਖਾਂ ਨੂੰ ਕਰੀਬ 97 ਸਾਲ ਦਾ ਸਮਾਂ ਲੱਗ ਗਿਆ।

ਇਤਿਹਾਸਕਾਰ ਲਿਨ ਕੇਨਾ ਦੀ ਨਿਰੰਤਰ ਖੋਜ ਨਾਲ ਇਸ ਸਥਾਨ ਦੀ ਨਿਸ਼ਾਨਦੇਹੀ ਕੀਤੀ ਗਈ, ਜਿੱਥੇ ਹੁਣ ਇੱਕ ਚਿਮਨੀ ‘ਤੇ ਕੁਝ ਖਿਲਰਿਆ ਸਮਾਨ ਹੈ ਅਤੇ ਸ਼ੈੱਡ ਦੀ ਉਸਾਰੀ ਮਿਲੀ ਹੈ।

ਜਨਵਰੀ 1920 ‘ਚ ਇੱਥੇ ਇੱਕ ਸਿੱਖ ਕਿਸਾਨ ਦੀ ਮੌਤ ਹੋ ਗਈ ਸੀ ਉਪਰੰਤ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪੰਜਾਬ ਤੋਂ ਲਿਆਉਣ ਲਈ ਗਿਆਰਾਂ ਮਹੀਨੇ ਦਾ ਸਮਾਂ ਲੱਗਿਆ ਅਤੇ ਮ੍ਰਿਤਕ ਹਰਨਾਮ ਸਿੰਘ ਦੀ ਅੰਤਿਮ ਅਰਦਾਸ ਕੀਤੀ ਗਈ ਸੀ ਇਸ ਮੌਕੇ ਦੂਰ ਦੁਰਾਡੇ ਵਸੇ ਕਰੀਬ 30 ਸਿੱਖ ਇਕੱਠੇ ਹੋਏ ਸਨ।

25 ਮਾਰਚ ਦੀ ਇਸ ਇਕਤੱਰਤਾ ‘ਚ ਇਤਿਹਾਸਕਾਰ ਲਿਨ ਕੇਨਾ ਅਤੇ ਉਸਦੀ ਪਤਨੀ ਕਰਿਸਟਲ ਨੇ ਉਸ ਸਮੇਂ ਦੇ ਨਾਲ ਸੰਬੰਧਿਤ ਭਾਈਚਾਰਕ ਤੱਥਾਂ ਨੂੰ ਵੀ ਸਾਂਝਾ ਕੀਤਾ ਜਦੋਂ ਇੱਥੋਂ ਦੀਆਂ ਸਖ਼ਤ ਕਾਨੂੰਨੀ ਸ਼ਰਤਾਂ ਦੇ ਬਾਵਜੂਦ ਸਿੱਖ ਆਪਣੀਆਂ ਧਾਰਮਿਕ ਰਹੁ ਰੀਤਾਂ ਅਤੇ ਪਛਾਣ ਨੂੰ ਬਰਕਰਾਰ ਰੱਖਦੇ ਸਨ ਸ਼ਹਿਰ ਦੇ ਮੇਅਰ ਨੇ ਅੱਜ ਕਿਹਾ ਕਿ ਭਾਈਚਾਰੇ ਦੇ ਇਤਿਹਾਸ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਅਤੇ ਇਸ ਸਥਾਨ ਤੇ ਇੱਕ ਪੱਕੀ ਯਾਦਗਾਰ ਕੌਂਸਲ ਵਲੋਂ ਬਣਾਈ ਜਾਵੇਗੀ ਕੇਂਦਰ ਸਰਕਾਰ ਤੋਂ ਸੰਸਦ ਮੈਂਬਰ ਰੌਬ ਮਿੱਚਲ ਨੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।

ਸਮਾਜ ਸੇਵੀ ਜਸਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਸਦੀ ਪੁਰਾਣੇ ਸਿੱਖ ਇਤਿਹਾਸ ਦੀ ਇਸ ਯਾਦਗਾਰ ਨੂੰ ਬਚਾਉਣ ਲਈ ਭਾਈਚਾਰੇ ਵਲੋਂ ਆਰਥਿਕ ਅਤੇ ਸਮਾਜਿਕ ਉਪਰਾਲੇ ਕੀਤੇ ਜਾਣਗੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਮਨਮੋਹਨ ਸਿੰਘ ਸ਼ੇਰਗਿੱਲ, ਡਾ. ਸੰਤੋਖ ਸਿੰਘ ਕਰੇਗੀਬਰਨ, ਗੁਰਮੀਤ ਸਿੰਘ ਸ਼ੈਪਰਟਨ ਨੇ ਆਪਣੇ ਵਿਚਾਰ ਸਾਂਝੇ ਕੀਤੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: