ਖਾਸ ਖਬਰਾਂ

ਬਹਿਰਾਮ ਬੇਅਦਬੀ ਮਾਮਲੇ ਵਿਚ ਪ੍ਰਬੰਧਕਾਂ ਨੇ ਸੰਗਤ ਅੱਗੇ ਅਣਗਹਿਲੀ ਕਬੂਲੀ

By ਸਿੱਖ ਸਿਆਸਤ ਬਿਊਰੋ

July 21, 2023

ਪਠਾਨਕੋਟ: ਕੁਝ ਦਿਨ ਪਹਿਲਾਂ ਪਠਾਨਕੋਟ ਜਿਲ੍ਹੇ ਦੇ ਕਸਬਾ ਬਹਿਰਾਮ ਦੇ ਇਤਿਹਾਸਿਕ ਗੁਰਦੁਆਰਾ ਬਾਬਾ ਸੁਥਰਾ ਜੀ ਪਿੰਡ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਸੀ। ਇਸ ਸੰਬੰਧ ਵਿੱਚ ਅਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦਾ ਭੋਗ ਪਾ ਕੇ ਪਸਚਾਤਾਪ ਦੀ ਅਰਦਾਸ ਕੀਤੀ ਗਈ। ਸੰਗਤਾਂ ਵਡੀ ਗਿਣਤੀ ਵਿੱਚ ਹਾਜ਼ਰ ਸਨ।ਸਿੱਖ ਆਗੂਆਂ ਨੇ ਵਾਰਦਾਤਾਂ ਨੂੰ ਸਦੀਵੀ ਠੱਲ੍ਹ ਪਾਉਣ ਲਈ ਗੰਭੀਰਤਾ ਨਾਲ ਵਿਚਾਰਾਂ ਕੀਤੀਆਂ ਅਤੇ ਕਿਹਾ ਕਿ ਬੇਅਦਬੀ ਦੀਆਂ ਵਾਰਦਾਤਾਂ ਗੁਰੂ ਪੰਥ ਨੂੰ ਵੱਡੀ ਚਨੌਤੀ ਹੈ। ਇਸ ਨੂੰ ਠੱਲਣਾ ਅਤੇ ਦੋਸ਼ੀਆਂ ਨੂੰ ਸਜ਼ਾ ਦੇਣੀ ਖ਼ਾਲਸੇ ਦਾ ਮੁੱਖ ਫ਼ਰਜ਼ ਤੇ ਜ਼ਿੰਮੇਵਾਰੀ ਹੈ।

ਇਹ ਫ਼ਰਜ਼ ਤੇ ਜ਼ਿੰਮੇਵਾਰੀ ਤਾਂ ਹੀ ਨਿਭਾਈ ਜਾ ਸਕਦੀ ਹੈ, ਜੇ ਹਰੇਕ ਸਿੱਖ, ਗੁਰੂ ਘਰ ਦੇ ਪ੍ਰਬੰਧਕ ਅਤੇ ਸੇਵਾਦਾਰ ਗੁਰੂ ਬਖ਼ਸ਼ੇ ਗੁਰਿਆਈ ਦੇ ਸਿਧਾਂਤ ਅਤੇ ਮਾਣ ਮਰਯਾਦਾ ਦੇ ਸੋਝੀਵਾਨ ਹੋਣ। ਸਤਿਗੁਰੂ ਦਸਮੇਸ਼ ਪਿਤਾ ਜੀ ਨੇ ਗੁਰਿਆਈ ਇਕੱਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀਂ, ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਬਖ਼ਸ਼ੀ ਹੈ। ਗੁਰੂ ਪੰਥ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿੱਚ ਰਹਿਣਾ ਅਤੇ ਪਹਿਰੇਦਾਰੀ ਕਰਨੀ ਹੈ। ਗੁਰਿਆਈ ਦੇ ਇਸ ਸਿਧਾਂਤ ’ਤੇ ਪਹਿਰਾ ਦੇਣ ਵਿੱਚ ਅਵੇਸਲਾਪਨ ਤੇ ਅਣਗਹਿਲੀ ਹੀ ਗੁਰੂ ਪੰਥ ਦੇ ਦੋਖੀਆਂ ਨੂੰ ਬੇਅਦਬੀ ਕਰਨ ਦਾ ਮੌਕਾ ਦਿੰਦੀ ਹੈ। ਇਸ ਸਿਧਾਂਤ ਦੇ ਪਹਿਰੇਦਾਰ ਬਣਨ ਨਾਲ ਹੀ ਇਹਨਾਂ ਵਾਰਦਾਤਾਂ ਨੂੰ ਸਦੀਵੀ ਠੱਲ੍ਹ ਪਾਈ ਜਾ ਸਕਦੀ ਹੈ।

ਗੁਰੂ ਅਦਬ ਦੀ ਪਰੰਪਰਾ ਤੇ ਮਰਯਾਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਵਿਖੇ ਗ੍ਰੰਥੀ ਸਿੰਘ, ਚੌਰ ਬਰਦਾਰ, ਸੇਵਾਦਾਰ, ਬਰਸ਼ਾ ਬਰਦਾਰ ਅਤੇ ਲਾਂਗਰੀ ਪੰਜ ਸਿੰਘ ਸੁਚੇਤ ਹੋ ਕੇ ਹਾਜ਼ਰ ਰਹਿਣ।

ਸ੍ਰੀ ਗੁਰੂ ਸਾਹਿਬ ਜੀ ਦੀ ਬੇਅਦਬੀ ਦੀਆਂ ਬਹੁਤੀਆਂ ਵਾਰਦਾਤਾਂ ਉੱਥੇ ਹੀ ਵਾਪਰੀਆਂ ਹਨ ਤੇ ਦੋਸ਼ੀ ਫੜਨੇ ਵੀ ਮੁਸ਼ਕਲ ਹੋ ਜਾਂਦੇ ਹਨ, ਜਿੱਥੇ ਗੁਰਮਤਿ ਦੀ ਸਥਾਪਤ ਇਸ ਪਰੰਪਰਾ ਤੇ ਮਰਯਾਦਾ ’ਤੇ ਪੂਰਨ ਪਹਿਰਾ ਨਹੀਂ ਦਿੱਤਾ ਜਾਂਦਾ। ਜਿੱਥੇ ਇਸ ਪਰੰਪਰਾ ਤੇ ਮਰਯਾਦਾ ’ਤੇ ਪਹਿਰਾ ਦਿੱਤਾ ਜਾਂਦਾ ਹੈ, ਉਥੇ ਜੇ ਕਿਸੇ ਨੇ ਬੇਅਦਬੀ ਕਰਨ ਦਾ ਹੀਆ ਕੀਤਾ ਤਾਂ ਉਹ ਮੌਕੇ ’ਤੇ ਹੀ ਕਾਬੂ ਕਰ ਲਿਆ ਗਿਆ।

ਇਸ ਗੁਰੂ ਘਰ ਵਿੱਚ ਸੀ ਸੀ ਟੀ ਵੀ ਕੈਮਰੇ ਲਾਉਣ ਵਿੱਚ ਫ਼ਰਵਰੀ ਮਹੀਨੇ ਤੋਂ ਅੱਜ ਤੱਕ ਲੰਮੀ ਸਪਸ਼ਟ ਅਣਗਹਿਲੀ ਵਰਤੀ ਗਈ ਹੈ। ਵਾਰਦਾਤ ਸਮੇ ਕੋਈ ਵੀ ਪ੍ਰਬੰਧਕ ਤੇ ਸੇਵਾਦਾਰ ਗੁਰੂ ਘਰ ਵਿੱਚ ਮੌਜੂਦ ਨਾ ਹੋਣਾ ਵੀ ਪ੍ਰਬੰਧਕਾਂ ਤੇ ਸੇਵਾਦਾਰਾਂ ਦੀ ਵੱਡੀ ਲਾਪਰਵਾਹੀ ਸੀ। ਬੇਅਦਬੀ ਕਰਨ ਵਾਲੇ ਨੇ ਇਸ ਦਾ ਪੂਰਾ ਫ਼ਾਇਦਾ ਉਠਾਇਆ ਹੈ। ਇਸ ਅਣਗਹਿਲੀ ਦੇ ਜ਼ਿੰਮੇਵਾਰ ਇਸ ਗੁਰੂ ਘਰ ਦੇ ਪ੍ਰਬੰਧਕ ਹਨ।

ਬੇਅਦਬੀ ਦੀਆਂ ਵਾਰਦਾਤਾਂ ਵਿੱਚ ਇਹਨਾਂ ਲੋਕਾਂ ਦਾ ਹੱਥ ਹੈ :

1. ਦੇਹਧਾਰੀ ਗੁਰੂ ਦੰਭ

2. ਪੰਥ ਦੋਖੀ ਤਾਕਤਾਂ

3. ਸ਼ਰਾਰਤੀ ਅੰਸਰ

4. ਚੋਰ

5. ਆਪਸੀ ਰੰਜਿਸ਼ ਵਾਲੇ

ਬੇਅਦਬੀ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਾਉਣ ਲਈ:

1. ਇਹ ਮੰਨ ਲੈਣਾ ਚਾਹੀਦਾ ਹੈ ਕਿ ਗੁਰੂ ਪਰੰਪਰਾ ਅਤੇ ਮਰਯਾਦਾ ’ਤੇ ਪਹਿਰਾ ਦੇਣ ਵਿੱਚ ਅਣਗਹਿਲੀ ਵਰਤਣ ਵਾਲੇ ਪ੍ਰਬੰਧਕ ਵੀ ਬੇਅਦਬੀ ਕਰਨ ਵਾਲਿਆਂ ਨੂੰ ਮੌਕਾ ਦੇਣ ਦੇ ਜ਼ਿੰਮੇਵਾਰ ਹਨ।

2. ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ ਤੇ ਸਥਾਨਕ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਸਥਾਨ ’ਤੇ ਪੰਜ ਤਿਆਰ ਬਰ ਤਿਆਰ ਸਿੰਘਾਂ ਦੀ ਹਾਜ਼ਰੀ ਯਕੀਨੀ ਬਣਾਉਣ।

3. ਵਾਰਦਾਤ ਦੀ ਖ਼ਾਲਸਾਈ ਸੁਰ ਵਿੱਚ ਜਾਂਚ ਕਰਨ ਲਈ ਯੋਗ ਸਿੰਘ ਦੀ ਕਮੇਟੀ ਬਣਾਈ ਜਾਵੇ।

4. ਪੁਲਿਸ ਜਾਂਚ ਦੀ ਨਿਗਰਾਨੀ ਕਰਨ ਅਤੇ ਉਸ ਨੂੰ ਸਹੀ ਲੀਹ ’ਤੇ ਲਿਆਉਣ ਲਈ ਯੋਗ ਸਿੰਘਾਂ ਦੀ ਨਿਗਰਾਨ ਕਮੇਟੀ ਬਣਾਈ ਜਾਵੇ।

5. ਇਲਾਕੇ ਦੇ ਸਾਰੇ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ, ਸੇਵਾਦਾਰਾਂ ਤੇ ਪਤਵੰਤੇ ਸਿੰਘਾਂ ਦੀ ਮੀਟਿੰਗ ਬੁਲਾ ਕੇ ਅੱਗੇ ਤੋਂ ਵਾਪਰਨ ਵਾਲੀਆਂ ਵਾਰਦਾਤਾਂ ਨੂੰ ਰੋਕਣ ਲਈ ਦਿਸ਼ਾ ਨਿਰਦੇਸ਼ ਦਿੱਤੇ ਜਾਣ ਤੇ ਪਹਿਰੇਦਾਰੀ ਵਿਚਲੀਆਂ ਕਮੀਆਂ ਦੂਰ ਕੀਤੀਆਂ ਜਾਣ।

6. ਸੰਗਤ ਵੱਲੋਂ ਇੱਕ ਤੱਥ ਖੋਜ ਜਥਾ ਬਣਾਇਆ ਜਾਵੇ, ਜਿਹੜਾ ਨਿਰਪੱਖਤਾ ਨਾਲ ਵਾਰਦਾਤ ਨਾਲ ਜੁੜੇ ਹਰ ਪਹਿਲੂ ਦੇ ਤੱਥ ਇਕੱਤਰ ਕਰੇ ਅਤੇ ਇਹ ਸਚਾਈ ਸਾਹਮਣੇ ਲਿਆਏ ਕਿ ਬੇਅਦਬੀ ਹੋਣ ਵਿੱਚ ਸਥਾਨਕ ਪ੍ਰਬੰਧ ਵਿੱਚ ਕਿੱਥੇ ਅਤੇ ਕੀ ਕਮੀ ਰਹੀ ਹੈ।

7. ਬੇਅਦਬੀ ਦੀ ਵਾਰਦਾਤ ਲਈ ਸਿਰਫ ਪੁਲਿਸ ਕਾਰਵਾਈ ਤੱਕ ਸੀਮਤ ਰਹਿਣਾ ਤੇ ਉਸ ਵਿਰੁੱਧ ਧਰਨੇ ਤੇ ਮੁਜਾਹਰੇ ਕਰਨੇ ਖ਼ਾਲਸਾਈ ਪਰੰਪਰਾ ਨਹੀਂ, ਗੁਰੂ ਪੰਥ ਨੂੰ ਖ਼ਾਲਸਾਈ ਪਰੰਪਰਾ ਦਾ ਵੀ ਪਹਿਰੇਦਾਰ ਬਣਨਾ ਚਾਹੀਦਾ ਹੈ।

8. ਪੰਥਕ ਮਰਯਾਦਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ’ਚ ਬੈਠ ਕੇ ਪੰਜ ਸਿੰਘਾਂ ਵੱਲੋਂ ਗੁਰੂ ਘਰ ਦੇ ਪ੍ਰਬੰਧਕਾਂ ਤੋਂ ਸਾਰੀ ਗੱਲ ਪੁੱਛੀ ਜਾਵੇ ਅਤੇ ਉਹਨਾਂ ਵੱਲੋਂ ਵਰਤੀ ਅਣਗਹਿਲੀ ਤੇ ਕੀਤੀ ਭੁੱਲ ਲਈ ਪੰਥਕ ਮਰਯਾਦਾ ਅਨੁਸਾਰ ਤਨਖਾਹ ਲਗਾਈ ਜਾਵੇ।

9. ਪ੍ਰਬੰਧਕ ਗੁਰੂ ਮਰਯਾਦਾ ਅੱਗੇ ਸਿਰ ਝਕਾਉਣ, ਤਨਖ਼ਾਹ ਪੂਰੀ ਕਰਨ ਅਤੇ ਅੱਗੇ ਤੋਂ ਕਮੀਆਂ ਦੂਰ ਕਰਨ। ਗੁਰਸਿੱਖੀ ਮਾਰਗ ਵਿਚ ਹੋਈ ਭੁੱਲ-ਚੁਕ ਨੂੰ ਪੰਜ ਸਿੰਘਾਂ ਅੱਗੇ ਮੰਨ ਕੇ ਤਨਖਾਹ ਪੂਰੀ ਕਰਨ ਦਾ ਵਿਧਾਨ ਹੈ। ਇਸ ਤੋਂ ਮੁਨਕਰ ਹੋ ਕੇ ਕਿਸੇ ਨੂੰ ਵੀ ਗੁਰੂ ਦਰਗਾਹ ਵਿਚ ਕਸੂਰਵਾਰ ਨਹੀਂ ਬਣਨਾ ਚਾਹੀਦਾ।

10. ਜਿਸ ਇਲਾਕੇ ਦੇ ਕਿਸੇ ਵੀ ਇਕ ਗੁਰਦੁਆਰਾ ਸਾਹਿਬ ’ਚ ਬੇਅਦਬੀ ਦੀ ਵਾਰਦਾਤ ਹੋਈ ਹੋਵੇ, ਉਸ ਇਲਾਕੇ ਦੇ ਹੋਰਨਾਂ ਗੁਰਦੁਆਰਾ ਸਾਹਿਬਾਨ ਵਿਚ ਵੀ ਉਹੋ ਜਿਹੇ ਹਾਲਾਤ ਹੀ ਹੁੰਦੇ ਹਨ, ਜਿਹਨਾਂ ਕਰਕੇ ਉਸ ਇੱਕ ਗੁਰਦੁਆਰਾ ਸਾਹਿਬ ਵਿਚ ਬੇਅਦਬੀ ਹੋਈ ਹੁੰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਨੂੰ ਮੁੱਖ ਰੱਖ ਕੇ ਅਜਿਹਾ ਜਥਾ ਬਣਨਾ ਚਾਹੀਦਾ ਹੈ, ਜੋ ਉਸ ਇਲਾਕੇ ਦੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਨਾਲ ਮਿਲ ਕੇ ਉੱਥੋਂ ਦੇ ਸਥਾਨਕ ਹਾਲਾਤ ਦੀ ਜਾਣਕਾਰੀ ਲੈਣ ਤੇ ਇਸ ਦਾ ਲੇਖਾ-ਜੋਖਾ ਕਰਨ। ਜਿਸ ਅਸਥਾਨ ’ਤੇ ਜੋ ਵੀ ਕਮੀ-ਪੇਸ਼ੀ ਨਜ਼ਰ ਆਵੇ, ਉਹ ਪ੍ਰਬੰਧਕਾਂ ਦੇ ਧਿਆਨ ਵਿੱਚ ਲਿਆਂਦੀ ਜਾਵੇ ਅਤੇ ਉਸ ਨੂੰ ਦੂਰ ਕਰਨ ਲਈ ਪ੍ਰਬੰਧਕਾਂ ਨੂੰ ਕਿਹਾ ਜਾਵੇ। ਸੰਗਤ ਇਹ ਯਕੀਨੀ ਬਣਾਵੇ ਕਿ ਸਾਹਮਣੇ ਆਈਆਂ ਕਮੀਆਂ ਦੂਰ ਹੋਣ ਤਾਂ ਕਿ ਬੇਅਦਬੀ ਜਿਹੀਆਂ ਹਿਰਦੇ ਵੇਦਕ ਵਾਰਦਾਤਾਂ ਨਾ ਵਾਪਰਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਦਬ ਸਦਾ ਬੁਲੰਦ ਰਹੇ।

ਅੱਜ ਦੀ ਇਕੱਤਰਤਾ ਵਿਚ ਪਠਾਨਕੋਟ ਜਿਲ੍ਹੇ ਦੇ ਕਸਬਾ ਬਹਿਰਾਮ ਦੇ ਇਤਿਹਾਸਿਕ ਗੁਰਦੁਆਰਾ ਬਾਬਾ ਸੁਥਰਾ ਜੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕਾਰਸੇਵਾ ਕਰਾ ਰਹੇ ਬਾਬਾ ਜੋਗਾ ਸਿੰਘ ਨੇ ਆਪਣੀ ਅਣਗਹਿਲੀ ਦੀ ਸੰਗਤ ਕੋਲੋਂ ਮੁਆਫੀ ਮੰਗੀ। ਸੰਗਤ ਨੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਵਿਖੇ ਪੰਜਾਂ ਪਿਆਰਿਆਂ ਕੋਲ ਪੇਸ਼ ਹੋ ਕੇ ਤਨਖਾਹ ਲਵਾਉਣ ਦਾ ਆਦੇਸ਼ ਦਿੱਤਾ। ਪ੍ਰਬੰਧਕਾਂ ਅਤੇ ਬਾਬਾ ਜੋਗਾ ਸਿੰਘ ਨੇ ਇਸ ਆਦੇਸ਼ ਅਗੇ ਸਿਰ ਨਿਵਾਇਆ।

ਇਸ ਮੌਕੇ ਪੰਜ ਸਿੰਘਾਂ ਦੀ ਕਮੇਟੀ ਬਣਾਈ ਗਈ, ਜੋ ਪੁਲਿਸ ਵਲੋਂ ਕੀਤੀ ਜਾ ਰਹੀ ਕਾਰਵਾਈ ‘ਤੇ ਨਿਗ੍ਹਾ ਰਖੇਗੀ।

ਇਲਾਕੇ ਦੀਆਂ ਸਾਰੀਆਂ ਗੁਰਦੁਆਰਾ ਕਮੇਟੀਆਂ, ਪਤਵੰਤਿਆਂ ਤੇ ਗ੍ਰੰਥੀ ਸਿੰਘਾਂ ਦੀ ਇਕਤਰਤਾ ਬੁਲਾ ਕੇ ਬੇਅਦਬੀ ਦੀਆਂ ਵਾਰਦਾਤਾਂ ਨੂੰ ਹੋਣ ਤੋਂ ਰੋਕਣ ਲਈ ਕਦਮ ਚੁੱਕਣ ਦਾ ਫੈਸਲਾ ਵੀ ਲਿਆ ਗਿਆ। ਇਸ ਮੌਕੇ ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਨਰਾਇਣ ਸਿੰਘ, ਭਾਈ ਜਸਵਿੰਦਰ ਸਿੰਘ, ਭਾਈ ਸੁਖਜੀਤ ਸਿੰਘ ਖੋਸਾ ਤੇ ਹੋਰਨਾਂ ਨੇ ਸੰਗਤ ਸਾਹਮਣੇ ਵਿਚਾਰ ਰਖੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: