ਖਾਸ ਖਬਰਾਂ

ਸ਼ਹੀਦਾਂ ਦੇ ਸਨਮਾਨ ਲਈ ਸਮਾਗਮ 16 ਦਸੰਬਰ ਨੂੰ ਗੁਰੂਸਰ ਮਹਿਰਾਜ ਵਿਖੇ

By ਸਿੱਖ ਸਿਆਸਤ ਬਿਊਰੋ

December 06, 2023

ਚੰਡੀਗੜ੍ਹ: ਤੀਜੇ ਘੱਲੂਘਾਰੇ ਤੋਂ ਬਾਅਦ ਉੱਭਰੇ ਖਾੜਕੂ ਸੰਘਰਸ਼ ਦੌਰਾਨ ਸ਼ਹੀਦ ਹੋਏ ਸਿੰਘਾਂ ਸਿੰਘਣੀਆਂ ਤੇ ਝੂਠੇ ਪੁਲਿਸ ਮੁਕਾਬਲਿਆਂ ਚ ਸ਼ਹੀਦ ਕੀਤੇ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਦਾ ਸਨਮਾਨ 1 ਪੋਹ ਭਾਵ 16 ਦਸੰਬਰ 2023 ਨੂੰ ਵੱਡਾ ਗੁਰੂਸਰ ਮਹਿਰਾਜ ਵਿਖੇ ਕਰਵਾਇਆ ਜਾ ਰਿਹਾ ਹੈ।

ਵੀਹਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਵੱਲੋਂ ਮੀਰੀ ਪੀਰੀ ਦੇ ਸਿਧਾਂਤ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਆਰੰਭੇ ਹਥਿਆਰਬੰਦ ਸੰਘਰਸ਼ ਦੌਰਾਨ ਸ਼ਹੀਦ ਸਿੰਘਾਂ ਦੇ ਵਾਰਸਾਂ ਲਈ ਇਹ ਸਨਮਾਨ ਸਮਾਰੋਹ ਲਹਿਰ ਦੌਰਾਨ ਸ਼ਹੀਦ ਹੋਏ ਬਾਬਾ ਹਰਦਿਆਲ ਸਿੰਘ ਗੁਰੂਸਰ ਮਹਿਰਾਜ, ਕਾਰ ਸੇਵਾ ਸਰਹਾਲੀ ਵਾਲਿਆਂ ਨੂੰ ਸਮਰਪਿਤ ਹੋਵੇਗਾ।

ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬਾਬਾ ਹਰਦੀਪ ਸਿੰਘ ਮਹਿਰਾਜ ਤੇ ਮੈਂਬਰਾਂ ਨੇ ਸਥਾਨਕ ਪ੍ਰੈੱਸ ਮਿਲਣੀ ਦੌਰਾਨ ਕੀਤਾ। ਉਨਾਂ ਕਿਹਾ ਕਿ ਇਲਾਕੇ ਦੇ ਸ਼ਹੀਦ ਦੇ ਤੇ ਝੂਠੇ ਪੁਲਿਸ ਮੁਕਾਬਲਿਆਂ ਚ ਸ਼ਹੀਦ ਕੀਤੇ ਗਏ ਨੌਜਵਾਨਾਂ ਦੇ ਵਾਰਸਾਂ ਬਾਰੇ ਜਾਣਕਾਰੀ ਇਕੱਠੀ ਕਰਨ ਅਤੇ ਉਨਾਂ ਨੂੰ ਬੇਨਤੀ ਸੱਦਾ ਪੱਤਰ ਦੇਣ ਲਈ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਜਿਸ ਵਿੱਚ ਜਥਾ ਬਲਜਿੰਦਰ ਸਿੰਘ ਕੋਟਭਾਰਾ, ਭਾਈ ਸਵਰਨ ਸਿੰਘ ਕੋਟ ਧਰਮੂ, ਭਾਈ ਜੀਵਨ ਸਿੰਘ ਗਿੱਲ ਕਲਾਂ, ਭਾਈ ਰਾਮ ਸਿੰਘ ਢਪਾਲੀ, ਭਾਈ ਰਾਜਵਿੰਦਰ ਸਿੰਘ ਟਿੱਬੀ ਅਤੇ ਹਰੀ ਸਿੰਘ ਵੱਖ ਵੱਖ ਪਿੰਡਾਂ ਚ ਉਹਨਾਂ ਦੇ ਘਰ ਘਰ ਜਾ ਕੇ ਉਹਨਾਂ ਨਾਲ ਰਾਬਤਾ ਕਰ ਰਹੀ ਹੈ।

ਉਨਾਂ ਸ਼ਹੀਦਾਂ ਦੇ ਪਰਿਵਾਰਿਕ ਮੈਂਬਰਾਂ ਅਤੇ ਇਲਾਕੇ ਦੀ ਸਿੱਖ ਸੰਗਤ ਨੂੰ ਇਸ ਸਮਾਗਮ ਲਈ ਸਹਿਯੋਗ ਦੇਣ ਤੇ ਹੁਮ ਹੁਮਾ ਕੇ ਪਹੁੰਚਣ ਦੀ ਅਪੀਲ ਕਰਦਿਆਂ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਉਹਨਾਂ ਨੂੰ ਵਿਸਾਰ ਦੇਣਾ ਇਤਿਹਾਸ ਨਾਲ ਦਗਾ ਕਰਨ ਵਾਲੀ ਗੱਲ ਹੋਵੇਗੀ।

ਸਮਾਗਮਾਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਸਵੇਰੇ 9:30 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ 10 ਵਜੇ ਤੱਕ ਕੀਰਤਨ ਦਰਬਾਰ, ਢਾਡੀ ਵਾਰਾਂ ਤੇ 11 ਵਜੇ ਸਨਮਾਨ ਸਮਾਰੋਹ ਸ਼ੁਰੂ ਹੋਵੇਗਾ।

ਇਸ ਮੌਕੇ ਭਾਈ ਸਵਰਨ ਸਿੰਘ ਕੋਟ ਧਰਮੂ, ਭਾਈ ਬਲਕਰਨ ਸਿੰਘ ਡੱਬਵਾਲੀ, ਭਾਈ ਸੁਰਿੰਦਰ ਸਿੰਘ ਨਥਾਣਾ, ਜਿਲ੍ਹਾਂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਫਤਿਹ, ਭਾਈ ਗੁਰਵਿੰਦਰ ਸਿੰਘ ਬਠਿੰਡਾ ਤੇ ਭਾਈ ਜੀਵਨ ਸਿੰਘ ਗਿੱਲ ਕਲਾਂ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: