ਸਿੱਖ ਖਬਰਾਂ

ਦਲ ਖ਼ਾਲਸਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕੀਤਾ ਗਿਆ ਅਰਦਾਸ ਸਮਾਗਮ

By ਸਿੱਖ ਸਿਆਸਤ ਬਿਊਰੋ

December 18, 2023

ਅੰਮ੍ਰਿਤਸਰ- ਸਿੱਖ ਕੌਮ ਨੂੰ ਡੂੰਘੀ ਸੱਟ ਮਾਰਨ ਵਾਲੀ ਦਰਬਾਰ ਸਾਹਿਬ ਅੰਦਰ ਬੇਅਦਬੀ ਦੀ ਘਟਨਾ ਨੂੰ ਦੋ ਸਾਲ ਪੂਰੇ ਹੋਣ ਮੌਕੇ ਅਕਾਲ ਤਖਤ ਸਾਹਿਬ ਵਿਖੇ ਦਲ ਖਾਲਸਾ ਦੇ ਮੈਂਬਰਾਂ ਵੱਲੋਂ ਅਰਦਾਸ ਕੀਤੀ ਗਈ ਜਿਸ ਦੀ ਅਗਵਾਈ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕੀਤੀ। ਜਥੇਦਾਰ ਸਾਹਿਬ ਨੇ ਕਿਹਾ ਕਿ ਅੱਜ ਦਾ ਅਰਦਾਸ ਸਮਾਗਮ ਸਾਡੇ ਸਮੂਹਿਕ ਰੋਹ ਅਤੇ ਨਿਆਂ ਲਈ ਚੱਲ ਰਹੀ ਜਦੋਜਹਿਦ ਦਾ ਪ੍ਰਤੀਕ ਹੈ।

ਜਥੇਦਾਰ ਸਾਹਿਬ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਵਿਖੇ ਇਹ ਅਰਦਾਸ ਸਮਾਗਮ ਨਾ ਸਿਰਫ਼ ਬੀਤੇ ਸਾਲ ਦੀ ਹਿਰਦੇਵੇਧਕ ਸਾਜ਼ਿਸ਼ੀ ਘਟਨਾ ਦੀ ਯਾਦ ਨੂੰ ਚੇਤੇ ਕਰਨਾ ਹੈ, ਸਗੋਂ ਗੁਰੂ ਸਾਹਿਬਾਨ ਦਾ ਅਦਬ ਅਤੇ ਗੁਰਧਾਮਾਂ ਦੀ ਮਾਣ-ਮਰਯਾਦਾ ਅਤੇ ਕੌਮੀ ਸਵੈਮਾਣ ਪ੍ਰਤੀ ਆਪਣੀ ਕੌਮੀ ਦ੍ਰਿੜਤਾ ਅਤੇ ਏਕਤਾ ਦਾ ਸਬੂਤ ਅਤੇ ਸੰਦੇਸ਼ ਦੇਣਾ ਵੀ ਹੈ।

ਸਮਾਗਮ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਅੱਜ ਅਸੀਂ ਅਕਾਲ ਪੁਰਖ ਅੱਗੇ ਬੇਨਤੀ ਕਰਦੇ ਹਾਂ ਕਿ ਉਹ ਬੇਅਦਬੀ ਕਰਨ ਵਾਲਿਆਂ ਦੀ ਪਛਾਣ ਅਤੇ ਨਾਪਾਕ ਇਰਾਦਿਆਂ ਨੂੰ ਪ੍ਰਗਟ ਕਰਨ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਨ੍ਹਾਂ ਨੂੰ ਸਜ਼ਾਵਾਂ ਦੇਣ ਅਤੇ ਨਿਆਂ ਦੀ ਪ੍ਰਾਪਤੀ ਲਈ ਲੜਦੇ ਰਹਿਣ ਦਾ ਬਲ ਪ੍ਰਦਾਨ ਕਰਨ।

ਅਰਦਾਸ ਉਪਰੰਤ ਦਲ ਖ਼ਾਲਸਾ ਦੇ ਮੈਂਬਰ ਨੇ ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰ ਆ ਕੇ ਸਰਕਾਰ ਵੱਲੋਂ ਇਸ ਅਪਰਾਧ ਨੂੰ ਅਣ-ਸੁਲਝਿਆ ਛੱਡਣ ਦੇ ਰੋਸ ਅਤੇ ਰੋਹ ਵਜੋਂ ਰੋਸ ਪ੍ਰਦਰਸ਼ਨ ਕੀਤਾ। ਤਖ਼ਤੀਆਂ ਲੈ ਕੇ ਖੜੇ ਦਲ ਖ਼ਾਲਸਾ ਦੇ ਕਾਰਜਕਰਤਾਵਾਂ ਨੇ ਕਿਹਾ ਕਿ ਅਸਲ ਸਾਜ਼ਿਸ਼ਕਰਤਾ ਨੂੰ ਬੇਨਕਾਬ ਕਰਨ ਅਤੇ ਢੁਕਵੀ ਸਜ਼ਾ ਦੇਣ ਤੱਕ ਪੰਥ ਖਾਮੋਸ਼ ਨਹੀ ਰਹੇਗਾ। ਉਹਨਾਂ ਪੰਜਾਬ ਸਰਕਾਰ, ਪੰਜਾਬ ਪੁਲਿਸ ਅਤੇ ਉਸਦੇ ਖੁਫੀਆ ਵਿਭਾਗ ਦੀ ਨਲਾਇਕੀ ਅਤੇ ਨਿੰਕਮੇਪਣ ਦੀ ਰੱਜ ਕੇ ਆਲੋਚਨਾ ਕੀਤੀ।

ਜਥੇਬੰਦੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਦੋਸ਼ ਲਾਇਆ ਗਿਆ ਕਿ ਭਾਰਤ ਦੀ ਡੀਪ ਸਟੇਟ ਨੇ ਦਰਬਾਰ ਸਾਹਿਬ ਅੰਦਰ ਬੇਅਦਬੀ ਦੀ ਘਟਨਾ ਦੀ ਸਾਜ਼ਿਸ਼ ਰਚ ਕੇ ਖ਼ਾਲਸਾ ਪੰਥ ਦੇ ਹਿਰਦੇ ਨੂੰ ਛਲਣੀ ਕੀਤਾ ਹੈ, ਜਿਸ ਦੀ ਕੋਈ ਤੇ ਕਦੇ ਵੀ ਮੁਆਫ਼ੀ ਨਹੀਂ ਹੋ ਸਕਦੀ।

ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 18 ਦਸੰਬਰ, 2021 ਨੂੰ ਭਾਰਤ ਦੇ ਡੀਪ ਸਟੇਟ ਨਾਲ ਜੁੜੇ ਇੱਕ ਮਾੜੇ ਅਨਸਰ ਨੇ ਦਰਬਾਰ ਸਾਹਿਬ ਦੇ ਪਾਵਨ ਅਸਥਾਨ ਦੀ ਬੇਅਦਬੀ ਦੀ ਕੋਸ਼ਿਸ਼ ਕੀਤੀ ਜੋ ਸਿੱਖ ਪੰਥ ਦੀ ਰੂਹ ਅਤੇ ਦਿਲ ਤੇ ਹਮਲਾ ਸੀ ਅਤੇ ਸਿੱਖ ਕੌਮ ਨੂੰ ਚੁਣੌਤੀ ਦੇਣ ਦੀ ਕੋਝੀ ਕੋਸ਼ਿਸ਼ ਸੀ।

ਭਾਈ ਚੀਮਾ ਨੇ ਕਿਹਾ ਕਿ ਬੇਅਦਬੀ ਦੀ ਇਸ ਹਿਰਦੇਵੇਧਕ ਘਟਨਾ ਤੋਂ ਬਾਅਦ ਸਿੱਖ ਪੰਥ ਦਿੱਲੀ ਨਿਜ਼ਾਮ ਦੇ ਤਾਜ਼ਾ ਨਿਸ਼ਾਨੇ ਦਾ ਸ਼ਿਕਾਰ ਬਣਿਆ ਆ ਰਿਹਾ ਹੈ। ਉਹਨਾਂ ਕਿਹਾ ਕਿ ਕਿਸਾਨ ਅੰਦੋਲਨ ਦੀ ਜਿੱਤ ਤੋਂ ਫੌਰੀ ਬਾਅਦ ਦਰਬਾਰ ਸਾਹਿਬ ਅੰਦਰ ਬੇਅਦਬੀ ਦੀ ਨਾਪਾਕ ਕੋਸ਼ਿਸ਼, ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਦੇ 2019 ਦੇ ਆਪਣੇ ਹੀ ਸਰਕਾਰੀ ਨੋਟੀਫੀਕੇਸ਼ਨ ਨੂੰ ਦਰ-ਕਿਨਾਰ ਕਰਨਾ, ਵਿਦੇਸ਼ਾ ਅੰਦਰ ਸਿੱਖ ਆਗੂਆਂ ਦੀਆਂ ਹਾਲ ਹੀ ਵਿੱਚ ਹੋਈਆਂ ਗੈਰ-ਨਿਆਇਕ ਹੱਤਿਆਵਾਂ, ਸਿੱਖ ਕੌਮ ਨੂੰ ਹਰ ਪੱਖ ਤੋਂ ਕਮਜ਼ੋਰ ਕਰਨ ਦੀ ਇੱਕ ਗੁਪਤ ਨੀਤੀ ਦੇ ਮੁੰਹ-ਬੋਲਦੇ ਪ੍ਰਮਾਣ ਹਨ।

ਉਹਨਾਂ ਆਪਣੀ ਗੱਲ ਦੀ ਪ੍ਰੋੜਤਾ ਲਈ ਕੈਨੇਡਾ ਅਤੇ ਅਮਰੀਕਾ ਸਰਕਾਰਾਂ ਵੱਲੋਂ ਸਬੂਤਾਂ ਸਮੇਤ ਇਹਨਾਂ ਕਤਲਾਂ ਪਿੱਛੇ ਭਾਰਤ ਦੇ ਖੁਫੀਆ ਤੰਤਰ ਦੇ ਲੁਕਵੇਂ ਹੱਥਾਂ ਦੀ ਭੂਮਿਕਾ ਬਾਰੇ ਸੰਕੇਤ ਦਿੱਤੇ ਹਨ, ਦਾ ਹਵਾਲਾ ਦੇਦਿੰਆ ਕਿਹਾ ਕਿ ਭਾਰਤ ਦੀ ਖੁਫੀਆ ਏਜੰਸੀਆਂ ਦੇ ਸਿੱਖ-ਵਿਰੋਧੀ ਏਜੰਡੇ ਬਾਰੇ ਸਾਡੀ ਰਾਏ ਨੂੰ ਪੁਖ਼ਤਾ ਕਰਦੇ ਹਨ।

ਸੀਨੀਅਰ ਆਗੂ ਕੰਵਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਪੁਲਿਸ ਦੀ ਅਡਵਾਂਸ ਬਾਇਓਮੀਟ੍ਰਿਕ ਤਕਨੀਕਾਂ ਤੱਕ ਪਹੁੰਚ ਦੇ ਬਾਵਜੂਦ, ਬੇਅਦਬੀ ਦੇ ਦੋਸ਼ੀ ਦੀ ਪਛਾਣ ਦਾ ਇੱਕ ਰਹੱਸ ਬਣਨਾ, ਜਾਂਚ ਅਤੇ ਖੁਫੀਆ ਵਿਭਾਗ ਬਾਰੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ ਅਤੇ ਡੂੰਘੀ ਸਾਜ਼ਿਸ਼ ਵੱਲ ਵੀ ਇਸ਼ਾਰਾ ਕਰਦਾ ਹੈ।

ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਤੋਂ ਬਾਅਦ ਸਿੱਖਾਂ ਨੂੰ ਨਿਸ਼ਾਨਾ ਬਣਾਉਣਾ ਭਾਰਤ ਦੀ ਡੀਪ ਸਟੇਟ, ਦੇਹਧਾਰੀ ਦੰਭ ਅਤੇ ਸਿੱਖ-ਵਿਰੋਧੀ ਹਿੰਦੂਤਵ ਵਿਚਾਰਧਾਰਕਾਂ ਦੀ ਮਿਲੀਭੁਗਤ ਵੱਲ ਸੰਕੇਤ ਦਿੰਦਾ ਹੈ।

ਪਾਰਟੀ ਦੇ ਨੌਜਵਾਨ ਬੁਲਾਰੇ ਪਰਮਜੀਤ ਸਿੰਘ ਮੰਡ ਨੇ “ਡੀਪ ਸਟੇਟ” ਦੀ ਵਿਆਖਿਆ ਕਰਦੇ ਹੋਏ ਕਿਹਾ ਕਿ ਇਸ ਵਿੱਚ ਰਾਜਨੀਤਿਕ ਲੀਡਰਸ਼ਿਪ, ਅਫਸਰਸ਼ਾਹੀ ਅਤੇ ਪੁਲਿਸ ਦੇ ਗੁਪਤ ਸੈੱਲ, ਅਰਧ ਸੈਨਿਕ, ਮਿਲਟਰੀ ਅਤੇ ਖੁਫੀਆ ਤੰਤਰ ਦੀ ਸਮਾਨੰਤਰ ਪ੍ਰਣਾਲੀ ਸ਼ਾਮਲ ਹੈ ਜਿੰਨਾਂ ਦੇ ਅਧਿਕਾਰ ਖੇਤਰ ਵਿੱਚ ਬੇਸ਼ੁਮਾਰ ਸ਼ਕਤੀਆਂ ਅਤੇ ਅਥਾਹ ਵਸੀਲੇ ਅਤੇ ਬਜਟ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਦੁਨੀਆ ਭਰ ਦੀਆਂ ਸਾਰੀਆਂ ਸਰਕਾਰਾਂ ਕੋਲ ਅਜਿਹਾ ਨੈੱਟਵਰਕ ਮੌਜੂਦ ਹੁੰਦਾ ਹੈ, ਪਰ ਦਲ ਖਾਲਸਾ ਦਾ ਮੰਨਣਾ ਹੈ ਕਿ ਜੂਨ 1984 ਵਿੱਚ ਦਰਬਾਰ ਸਾਹਿਬ ‘ਤੇ ਹਮਲੇ ਤੋਂ ਬਾਅਦ, ਭਾਰਤ ਅੰਦਰ ਸਰਕਾਰਾਂ ਵਿੱਚ ਇੱਕ ਸ਼ੈਡੋ ਨੈੱਟਵਰਕ ਕਾਇਮ ਕੀਤਾ ਗਿਆ ਹੈ – ਚਾਹੇ ਸੱਤਾ ਵਿੱਚ ਕਿਸੇ ਵੀ ਸਿਆਸੀ ਪਾਰਟੀ ਦੀ ਸ਼ਮੂਲੀਅਤ ਹੋਵੇ, ਉਸ ਦਾ ਕਾਰਜ ਸਿੱਖ ਵਿਰੋਧੀ ਏਜੰਡੇ ਨੂੰ ਅੱਗੇ ਵਧਾਉਣਾ ਅਤੇ ਉਸ ਖਿਲਾਫ ਸਾਜ਼ਿਸ਼ਾਂ ਰਚਣੀਆਂ ਹਨ।

ਹਰਚਰਨਜੀਤ ਸਿੰਘ ਧਾਮੀ ਨੇ ਕਿਹਾ ਕਿ ਸਿੱਖਾਂ ਲਈ ਖੁਸ਼ਕਿਸਮਤੀ ਨਾਲ, ਦੁਨੀਆ ਭਰ ਵਿੱਚ ਹਾਲ ਹੀ ਦੇ ਘਟਨਾਕ੍ਰਮ ਨੇ ਇਹਨਾਂ ਨਾਪਾਕ ਸਾਜ਼ਿਸ਼ਾਂ ਨੂੰ ਨੰਗਾ ਕੀਤਾ ਹੈ। ਦਲ ਖਾਲਸਾ ਨੇ ਅਜਿਹੀਆਂ ਕਾਨੂੰਨ ਦੇ ਘੇਰੇ ਤੋਂ ਬਾਹਰ ਸਰਗਰਮ ਤਾਕਤਾਂ ਨੂੰ ਮਿਲਿਆ ਅੰਨੀਆਂ ਤਾਕਤ ‘ਤੇ ਸਵਾਲ ਉਠਾਉਂਦਿਆਂ ਕਿਹਾ ਕਿ ਭਾਰਤ ਦਾ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਤੋਂ ਇੱਕ ਤਾਨਾਸ਼ਾਹੀ ਬਹੁਗਿਣਤੀ ਰਾਜ ਵਿੱਚ ਤਬਦੀਲ ਹੋਣਾ ਇਸ ਦਾ ਸਬੂਤ ਹੈ।

ਦਲ ਖਾਲਸਾ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਨੇ ਸਰਕਾਰ ਨੂੰ ਇਨ੍ਹਾਂ ਘਟਨਾਵਾਂ ਦੀ ਗੰਭੀਰਤਾ ਨੂੰ ਪਛਾਣਨ ਅਤੇ ਨਿਆਂ ਯਕੀਨੀ ਬਣਾਉਣ ਅਤੇ ਭਵਿੱਖ ਵਿੱਚ ਬੇਅਦਬੀ ਵਾਲੀਆਂ ਘੋਰ ਅਪਰਾਧਿਕ ਘਟਨਾਵਾਂ ਨੂੰ ਰੋਕਣ ਲਈ ਤੁਰੰਤ ਪ੍ਰਭਾਵੀ ਕਾਰਵਾਈਆਂ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਅਕਾਲੀ ਆਗੂ ਦਇਆ ਸਿੰਘ ਕੱਕੜ, ਭਾਈ ਨਰੈਣ ਸਿੰਘ, ਸਰਬਜੀਤ ਸਿੰਘ ਘੁਮਾਣ, ਗੁਰਨਿਵਾਜ ਸਿੰਘ, ਸਾਰਾਜ ਸਿੰਘ ਮੋਗਾ, ਰਣਬੀਰ ਸਿੰਘ, ਸੁਖਦੇਵ ਸਿੰਘ ਹਸਨਪੁਰ, ਗੁਰਦੀਪ ਸਿੰਘ ਕਾਲਕਟ, ਗੁਰਵਿੰਦਰ ਸਿੰਘ ਬਠਿੰਡਾ, ਗੁਰਨਾਮ ਸਿੰਘ ਮੂਣਕਾ, ਬਿੱਟੂ ਮਜੀਠਾ, ਰਣਜੀਤ ਸਿੰਘ ਦਮਦਮੀ ਟਕਸਾਲ ਆਦਿ ਅਰਦਾਸ ਵਿੱਚ ਸ਼ਾਮਿਲ ਹੋਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: