ਸਿੱਖ ਖਬਰਾਂ

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਤੇ ਅਕਾਲੀ ਪ੍ਰੰਪਰਾ ਨੂੰ ਸੁਰਜੀਤ ਕਰਨ ਦੀ ਲੋੜ- ਭਾਈ ਮਨਧੀਰ ਸਿੰਘ

By ਸਿੱਖ ਸਿਆਸਤ ਬਿਊਰੋ

January 30, 2025

ਚੰਡੀਗੜ੍ਹ: ਪੰਥ ਸੇਵਕ ਜਥਾ ਦੋਆਬਾ ਵੱਲੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਤੋਂ ਆਰੰਭ ਕੀਤੀ ਸੰਬਾਦ ਯਾਤਰਾ ਦੇ ਤਹਿਤ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਪਲੇਠੀ ਵਿਚਾਰ ਚਰਚਾ ਕੀਤੀ ਗਈ। ਜਿਸ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬ ਉੱਚਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਖੁਦਮੁਖ ਤਿਆਰੀ ਅਤੇ ਅਕਾਲੀ ਪਰੰਪਰਾ ਨੂੰ ਮੁੜ ਸੁਰਜੀਤ ਕਿਵੇਂ ਕੀਤਾ ਜਾਵੇ ‘ਤੇ ਵਿਚਾਰ ਚਰਚਾ ਕੀਤੀ ਗਈ ।

ਇਸ ਮੌਕੇ ਭਾਈ ਮਨਧੀਰ ਸਿੰਘ ਪੰਥ ਸੇਵਕ ਜਥਾ ਦੋਆਬਾ ਵਲੋਂ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ “ਸਰਬ ਸਾਂਝੀਵਾਲਤਾ ਉੱਤੇ ਪਹਿਰਾ ਦੇਣ ਅਤੇ ਗੁਰੂ ਸਾਹਿਬਾਨਾਂ ਦੇ ਸਿਧਾਂਤਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਕੇ ਸਿੱਖ ਕੌਮ ਦੀ ਬੇਹਤਰੀ ਲਈ ਤਨ,ਮਨ ਨਿਛਾਵਰ ਕਰਨ ਵਾਲੀ ਸ਼ਖਸ਼ੀਅਤ ਪੰਥਕ ਹੋ ਸਕਦੀ ਹੈ।”ਪੰਥ ਉਹ ਪਵਿੱਤਰ ਸ਼ਬਦ ਹੈ, ਜੋ ਸਰਬ ਸਾਂਝੀਵਾਲਤਾ ਦੇ ਝੰਡੇ ਹੇਠ ਸਮੁੱਚੀ ਲੁਕਾਈ ਦੀ ਗੁਰੂ ਦੇ ਓਟ ਆਸਰੇ ਅਧੀਨ ਭਲਾਈ ਕਰਨ ਦਾ ਪ੍ਰਤੀਕ ਹੋਵੇ।”

ਇਸ ਦੌਰਾਨ ਮਾਸਟਰ ਬਖਸ਼ੀਸ਼ ਸਿੰਘ ਹੁਣਾਂ ਕਿਹਾ ਕਿ “ਬਦਕਿਸਮਤੀ ਦੀ ਗੱਲ ਹੈ ਕਿ ਅੱਜ ਦੇ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਆਗੂ ਗੁਰੂ ਸਾਹਿਬਾਨਾਂ ਦੇ ਸਿਧਾਂਤਾਂ ਦੇ ਉਲਟ ਜਾ ਕੇ ਸਿਆਸੀ ਚੌਧਰ ਨੂੰ ਹੀ ਆਪਣਾ ਧਰਮ ਮੰਨਣ ਲੱਗ ਪਏ ਹਨ। ਇਹ ਸਿੱਖ ਕੌਮ ਦੇ ਭਵਿੱਖ ਲਈ ਚਿੰਤਾ ਵਾਲੀ ਗੱਲ ਹੈ।”

ਜਥੇਦਾਰ ਦਲਜੀਤ ਸਿੰਘ ਮੋਲਾ ਹੁਣਾਂ ਆਪਣੇ ਵਿਚਾਰਾਂ ਵਿੱਚ ਕਿਹਾ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਸਿੱਖ ਕੌਮ ਲਈ ਸਭ ਤੋਂ ਵੱਡਾ ਪੰਥਕ ਸਿਧਾਂਤ ਹੈ। ਇਸ ਤੋਂ ਬਾਅਦ ਗੁਰੂ ਦੇ ਓਟ ਆਸਰੇ ਨਾਲ ਪੰਥਕ ਸਿਧਾਂਤ ਆਉਂਦਾ ਹੈ। ਪੰਥਕ ਕੌਣ ਹੈ ਕੌਣ ਨਹੀਂ ਇਸ ਦਾ ਫ਼ੈਸਲਾ ਸਿੱਖ ਸੰਗਤ ਨੇ ਕਰਨਾ ਹੈ, ਨਾ ਕਿ ਕਿਸੇ ਸਿਆਸੀ ਆਗੂ ਨੇ।”

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮਾਂ ਵਿੱਚ ਸਿਆਸੀ ਦਖ਼ਲ ਦੇ ਕੇ ਉਸ ਦਾ ਘਾਣ ਕੀਤਾ ਗਿਆ ਹੈ। ਪੰਥਕ ਏਜੰਡਾ ਛੱਡਣ ਕਾਰਨ ਹੀ ਪਿਛਲੀਆਂ 5 ਚੋਣਾਂ ਵਿੱਚ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਹਾਰ ਦਾ ਸ਼ੀਸ਼ਾ ਦਿਖਾਇਆ ਹੈ।”

ਸੁਖਵਿੰਦਰ ਸਿੰਘ ਨਵਾਂ ਸ਼ਹਿਰ ਅਤੇ ਅਮਰਜੀਤ ਸਿੰਘ ਹੁਣਾਂ ਇਸ ਯਾਤਰਾ ਨਾਲ ਆਪਣੀ ਸਹਿਮਤੀ ਪ੍ਰਗਟ ਕਰਦਿਆਂ ਕਿਹਾ ਕਿ ਪੰਥਕ ਖੰਡਿਓ ਵੱਧ ਹੋਣ ਕਾਰਨ ਇਸ ਯਾਤਰਾ ਦੀ ਲੋੜ ਹੈ।

ਇਸ ਮੌਕੇ ਜਥੇਦਾਰ ਬਾਬਾ ਨਰੰਗ ਸਿੰਘ, ਜਥੇਦਾਰ ਦਲਜੀਤ ਸਿੰਘ ਮੋਲਾ, ਮਾਸਟਰ ਬਖਸ਼ੀਸ਼ ਸਿੰਘ, ਭਾਈ ਸ਼ਿੰਦਰਪਾਲ ਸਿੰਘ, ਅਵਤਾਰ ਸਿੰਘ ਜਗਤਪੁਰ, ਤਿਲਕਰਾਜ ਸਿੰਘ, ਸੁਖਵਿੰਦਰ ਸਿੰਘ ਨਵਾਂ ਸ਼ਹਿਰ ਅਤੇ ਅਮਰਜੀਤ ਸਿੰਘ ਨਵਾਂ ਸ਼ਹਿਰ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: