ਸਿੱਖ ਖਬਰਾਂ

ਮਹਾਰਾਜਾ ਦਲੀਪ ਸਿੰਘ ਦੀਆਂ ਅਸਥੀਆਂ ਸਿੱਖ-ਪੰਥ ਦੇ ਹਵਾਲੇ ਕਰਨ ਦੀ ਮੰਗ

March 25, 2018 | By

ਚੰਡੀਗੜ੍ਹ: ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਅਤੇ ਮਹਾਰਾਜਾ ਦਲੀਪ ਸਿੰਘ ਸ਼ਤਾਬਦੀ ਟ੍ਰੱਸਟ ਯੂ.ਕੇ. ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ, ਚੰਡੀਗੜ੍ਹ ਵਿਖੇ ਕਰਵਾਏ ਸਮਾਗਮ ਵਿਚ ਜੁੜੇ ਸਿੱਖ ਬੁੱਧੀਜੀਵੀਆਂ ਤੇ ਵਿਚਾਰਵਾਨਾਂ ਦੀ ਇਕੱਤਰਤਾ ਨੇ ਪੁਰਜ਼ੋਰ ਮੰਗ ਕੀਤੀ ਕਿ ਖਾਲਸਾ ਰਾਜ ਦੇ ਅੰਤਿਮ ਰਾਜੇ ਮਹਾਰਾਜਾ ਦਲੀਪ ਸਿੰਘ ਦੀਆਂ ਆਖਰੀ ਰਸਮਾਂ ਨੂੰ ਸਿੱਖ ਪ੍ਰੰਪਰਾ ਮੁਤਾਬਕ ਅਦਾ ਕਰਨ ਅਤੇ ਅਸਥੀਆਂ ਨੂੰ ਪੰਜਾਬ ਲਿਆਉਣ ਦੀ ਇਜਾਜ਼ਤ ਦਿੱਤੀ ਜਾਵੇ। 55 ਸਾਲ ਦੀ ਉਮਰ ਵਿਚ ਮਹਾਰਾਜਾ ਦਲੀਪ ਸਿੰਘ 22 ਅਕਤੂਬਰ, 1893 ਨੂੰ ਪੈਰਿਸ ਵਿਚ ਅਕਾਲ ਚਲਾਣਾ ਕਰ ਗਏ ਸਨ। ਅੰਗਰੇਜ਼ੀ ਹਕੂਮਤ ਨੇ ਉਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਵਾਪਸ ਲੰਦਨ ਵਿਚ ਲਿਜਾ ਕੇ ਇਸਾਈ ਰਹੁ-ਰੀਤਾਂ ਅਨੁਸਾਰ ਐਲਵੇਡਨ ਵਿਚ ਦਫਨਾ ਦਿੱਤਾ ਸੀ।

ਈਸਟ ਇੰਡੀਆ ਕੰਪਨੀ ਨੇ ਧੋਖਾ-ਧੜੀ ਨਾਲ ਜਾਅਲੀ ਲਾਹੌਰ ਸੰਧੀ ਕਰ ਕੇ ਦਸ ਸਾਲ ਦੇ ਮਹਾਰਾਜਾ ਦਲੀਪ ਸਿੰਘ ਨੂੰ ਬਚਪਨ ਅਵਸਥਾ ਵਿਚ ਲਾਹੌਰ ਤਖਤ ਤੋਂ ਉਤਾਰ ਦਿੱਤਾ ਸੀ ਅਤੇ ਉਸ ਨੂੰ ਪੰਜਾਬ ਤੋਂ ਬਾਹਰ ਯੂ. ਪੀ. ਵਿਚ ਫਤਿਹਗੜ੍ਹ ਭੇਜ ਦਿੱਤਾ ਸੀ ਜਿਥੇ ਅੰਗਰੇਜ਼ ਗਾਰਡੀਅਨ ਨੇ ਬਾਲਪਨ ਉਤੇ ਪ੍ਰਭਾਵ ਪਾ ਕੇ ਸਿੱਖੀ ਦਾ ਤਿਆਗ ਕਰਵਾਇਆ ਅਤੇ ਉਸਨੂੰ ਈਸਾਈ ਬਣਾ ਦਿੱਤਾ ਸੀ। ਫਿਰ ਅੰਜਰੇਜ਼ੀ ਹਾਕਮਾਂ ਨੇ ਮਹਾਰਾਜੇ ਨੂੰ ਇੰਗਲੈਂਡ ਭੇਜ ਦਿੱਤਾਙ ਜਲਾਵਤਨ ਹੋਇਆ ਮਹਾਰਾਜਾ ਫਿਰ ਐਲਵੀਡਨ ਐਸਟੇਟ ਵਿਚ ਰਹਿਣ ਲੱਗਿਆ। ਉਸ ਦੇ ਅੰਦਰੋਂ ਖੁੱਸੇ ਸਿੱਖੀ ਜੀਵਨ-ਜਾਚ, ਸਿੱਖ-ਸ਼ਰਧਾ ਅਤੇ  ਵਿਸ਼ਵਾਸ਼ ਫਿਰ ਜਾਗਰਣ ਹੋ ਗਏ ਜਿਸ ਨਾਲ ਉਸਨੇ ਮੁੜ ਸਿੱਖੀ ਧਾਰਨ ਹੀ ਨਹੀਂ ਕੀਤੀ ਬਲਕਿ ਧੋਖੇ ਨਾਲ ਖੋਹੇ ਖਾਲਸਾ ਰਾਜ ਨੂੰ ਪ੍ਰਾਪਤ ਕਰਨ ਲਈ ਜੱਦੋ-ਜਹਿਦ ਦੇ ਰਾਹ ਪੈ ਗਿਆ। ਅੰਗਰੇਜ਼ਾਂ ਵੱਲੋਂ ਰੋਕਣ ਅਤੇ ਮੁਸ਼ਕਿਲਾਂ ਖੜ੍ਹੀਆਂ ਕਰਨ ਦੇ ਬਾਵਜੂਦ ਵੀ ਮਹਾਰਾਜਾ ਮਾਰਚ 1886 ਵਿਚ ਐਲਾਨੀਆ ਤੌਰ ‘ਤੇ ਸਰਗਰਮ ਹੋ ਗਿਆ। ਅਖੀਰ ਪੈਰਿਸ ਦੇ ਇਕ ਘਟੀਆ ਹੋਟਲ ਵਿਚ ਅਤਿਅੰਤ ਜ਼ੋਖਮ ਝੱਲਦਾ ਹੋਇਆ ਖਾਲਸਾ ਰਾਜ ਦਾ ਆਖਰੀ ਚਿਰਾਗ ਬੁਝ ਗਿਆ। ਉਹ ਇਕ ਪ੍ਰਭੂਸੱਤਾ-ਸੰਪਨ (ਸੋਵਰਨ) ਸਿੱਖ-ਰਾਜ ਦੇ ਮਹਾਰਾਜੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਵਾਰਸ ਸੀ ਜਿਸ ਨੇ 800 ਸਾਲ ਲੰਬੇ ਵਿਦੇਸ਼ੀ ਹਮਲਾਵਰਾਂ ਦੇ ਧੱਕੇ-ਧੋੜੇ ਅਤੇ ਜ਼ੁਲਮਾਂ ਤੋਂ ਬਾਅਦ ਪੰਜਾਬ ਵਿਚ ਪੰਜਾਬੀਆਂ ਦੇ ਸਵੈ-ਰਾਜ ਨੂੰ ਕਾਇਮ ਕੀਤਾ ਸੀ।

ਇਕੱਤਰਤਾ ਵਿਚ ਸ਼ਾਮਿਲ ਬੁਲਾਰਿਆਂ ਨੇ ਕਿਹਾ ਕਿ ਸਿੱਖ ਪੰਥ ਉਸ ਖਾਲਸਾ ਰਾਜ ਦਾ ਵਾਰਸ ਹੈ। ਉਨ੍ਹਾਂ ਨੂੰ ਮਹਾਰਾਜਾ ਦਲੀਪ ਸਿੰਘ ਦੀ ਆਖਰੀ ਖਾਹਸ਼ ਅਨੁਸਾਰ ਅਤੇ ਸਿੱਖੀ ਰਹੁ-ਰੀਤਾਂ ਮੁਤਾਬਕ ਮੁੜ ਦਾਹ ਸੰਸਕਾਰ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਇਕੱਤਰਤਾ ਨੇ ਇਹ ਵੀ ਫੈਸਲਾ ਕੀਤਾ ਕਿ ਉਹ ਮਹਾਰਾਜੇ ਦੀ ਇਸ ਸਾਲ ਵਿਚ ਪੈਂਦੀ 125ਵੀਂ ਬਰਸੀ ਨੂੰ ਜ਼ੋਰ ਸ਼ੋਰ ਨਾਲ ਮਨਾਉਣਗੇ ਅਤੇ ਉਸਦੀ ਢੁਕਵੀਂ ਯਾਦਗਾਰ ਵੀ ਕਾਇਮ ਕਰਨਗੇ। ਮਹਾਰਾਜਾ ਦਲੀਪ ਸਿੰਘ ਸ਼ਤਾਬਦੀ ਟ੍ਰੱਸਟ ਨੇ ਥੱਟਫੋਰਡ, ਲੰਦਨ ਵਿਖੇ ਮਹਾਰਾਜੇ ਦਾ ਆਦਮ-ਕੱਦ ਬੁੱਤ 1999 ਵਿਚ ਸਥਾਪਤ ਕੀਤਾ ਸੀ।

ਇਸ ਅਵਸਰ ‘ਤੇ ਮਹਾਰਾਜਾ ਦਲੀਪ ਸਿੰਘ ਸ਼ਤਾਬਦੀ ਟ੍ਰੱਸਟ ਯੂ.ਕੇ. ਦੇ ਆਨਰੇਰੀ ਡਾਇਰੈਕਟਰ ਹਰਬਿੰਦਰ ਸਿੰਘ, ਟ੍ਰੱਸਟੀ ਦਲਜੀਤ ਸਿੰਘ ਸਿੱਧੂ, ਵਰਲਡ ਕੈਂਸਰ ਕੇਅਰ ਯੂ.ਕੇ. ਦੇ ਪੈਟਰਨ ਜਸਵੰਤ ਸਿੰਘ ਗਰੇਵਾਲ, ਅਮਰਜੀਤ ਸਿੰਘ ਇਤਿਹਾਸਕਾਰ, ਗੁਰਤੇਜ ਸਿੰਘ ਆਈ ਏ ਐਸ, ਪ੍ਰੋਫੈਸਰ ਗੁਰਦਰਸ਼ਨ ਸਿੰਘ ਢਿੱਲੋਂ, ਸਿਆਸੀ ਮਾਹਿਰ ਅਜਮੇਰ ਸਿੰਘ, ਲੇਖਕ ਮਨਮੋਹਨ ਸਿੰਘ ਭਾਗੋਵਾਲੀਆ, ਜਰਨਲਿਸਟ ਜਸਪਾਲ ਸਿੰਘ, ਡਾ. ਸਵਰਾਜ ਸਿੰਘ, ਅਨੰਦਪੁਰ ਸਾਹਿਬ ਫਾਊਂਡੇਸ਼ਨ ਦੇ ਵਿਕਰਮ ਸਿੰਘ ਸੋਢੀ, ਸਿੱਖ ਪ੍ਰਚਾਰਕ ਭਾਈ ਅਮਰੀਕ ਸਿੰਘ ਚੰਡੀਗੜ੍ਹ, ਪ੍ਰੋਫੈਸਰ ਦਵਿੰਦਰ ਸਿੰਘ, ਪ੍ਰੋਫੈਸਰ ਹਰਪਾਲ ਸਿੰਘ ਬੰਗਾ, ਐਡਵੋਕੇਟ ਅਮਰ ਸਿੰਘ ਚਾਹਲ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਗੁਰਪ੍ਰੀਤ ਸਿੰਘ ਆਦਿ ਬੁਲਾਰਿਆਂ ਨੇ ਇਕੱਤਰਤਾ ਨੂੰ ਸੰਬੋਧਨ ਕੀਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,