ਸਿਆਸੀ ਖਬਰਾਂ » ਸਿੱਖ ਖਬਰਾਂ

ਸਿੱਖ ਸਦਭਾਵਨਾ ਦਲ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਭ੍ਰਿਸ਼ਟਾਚਾਰੀ ਅਤੇ ਸਿੱਖੀ ਸਿਧਾਂਤ ਦੇ ਵਿਰੋਧੀਆਂ ਤੋਂ ਅਜ਼ਾਦ ਕਰਵਾਉਣ ਦਾ ਸੱਦਾ

March 23, 2016 | By

ਸ੍ਰੀ ਅਨੰਦਪੁਰ ਸਾਹਿਬ (22 ਮਾਰਚ, 2016): ਅੱਜ ਇੱਥੇ ਹੋਲੇ ਮਹੱਲੇ ਦੇ ਪਹਿਲੇ ਦਿਨ ਸਿੱਖ ਸਦਭਾਵਨਾ ਦਲ ਵੱਲੋਂ ਬੁਲਾਈ ਪੰਥਕ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਨੇ ਆਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਸ਼ਹੀਦਾਂ ਦੇ ਲਹੂ ਨਾਲ ਸਿੰਜੀ ਸੰਸਥਾ ਹੈ ਪਰ ਅੱਜ ਇਸ ’ਤੇ ਕਾਬਜ਼ ਲੋਕ ਨਰੈਣੂ ਮਹੰਤ ਦੀ ਸੋਚ ਦੇ ਧਾਰਨੀ ਹਨ, ਜਿਨਾਂ ਨੇ ਗੁਰਦੁਆਰਿਆਂ ਦੀਆਂ ਗੋਲਕਾਂ ਨੂੰ ‘ਗਰੀਬ ਦਾ ਮੂੰਹ’ ਬਣਾਉਣ ਦੀ ਥਾਂ ਐਸ਼ਪ੍ਰਸ਼ਤੀ, ਭ੍ਰਿਸ਼ਟਾਚਾਰ ਅਤੇ ਸਿੱਖ ਸਿਧਾਂਤਾਂ ਦਾ ਕਤਲ ਕਰਨ ਲਈ ਵਰਤਣਾਂ ਸ਼ੁਰੂ ਕਰ ਦਿੱਤਾ ਹੈ। ਇਸ ਕਰਕੇ ਸ਼੍ਰੋਮਣੀ ਕਮੇਟੀ ਨੂੰ ਅੱਜ ਮੁੜ ਨਰੈਣੂ ਮਹੰਤ ਦੇ ਵਾਰਸਾਂ ਕੋਲੋਂ ਆਜ਼ਾਦ ਕਰਵਾਉਣ ਲਈ ਦੂਜੀ ਗੁਰਦੁਆਰਾ ਸੁਧਾਰ ਲਹਿਰ ਦੀ ਆਰੰਭਤਾ ਲੋੜ ਬਣ ਗਈ ਹੈ।

ਭਾਈ ਵਡਾਲਾ ਨੇ ਸਿੱਖ ਸੰਗਤਾਂ ਨੂੰ ਪਿੰਡਾਂ, ਸ਼ਹਿਰਾਂ ਵਿਚ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਪ੍ਰਬੰਧ ਇਮਾਨਦਾਰ, ਗੁਰਸਿੱਖ ਅਤੇ ਧਾਰਮਿਕ ਜੀਵਨ ਵਾਲੇ ਸਿੱਖਾਂ ਦੇ ਹੱਥਾਂ ਵਿਚ ਸੌਂਪਣ ਦੀ ਅਪੀਲ ਕੀਤੀ।

ਕਾਨਫਰੰਸ ਦੌਰਾਨ ਕੀਤਰਨ ਕਰਦੇ ਸਮੇਂ ਸੰਗਤਾਂ ਨਾਲ ਵਿਚਾਰ ਸਾਂਝੇ ਕਰਦੇ ਭਾਈ ਬਲਦੇਵ ਸਿੰਘ ਵਡਾਲਾ

ਕਾਨਫਰੰਸ ਦੌਰਾਨ ਕੀਤਰਨ ਕਰਦੇ ਸਮੇਂ ਸੰਗਤਾਂ ਨਾਲ ਵਿਚਾਰ ਸਾਂਝੇ ਕਰਦੇ ਭਾਈ ਬਲਦੇਵ ਸਿੰਘ ਵਡਾਲਾ

ਪੰਥਕ ਵਿਦਵਾਨ ਭਾਈ ਹਰਿਸਿਮਰਨ ਸਿੰਘ ਨੇ ਕਿਹਾ ਕਿ ਸਿੱਖ ਜੋਸ਼ੀਲੇ ਤੇ ਯੋਧੇ ਤਾਂ ਮਹਾਨ ਹਨ ਪਰ ਅੱਜ ਤੱਕ ਸਿੱਖਾਂ ਨੇ ਨੀਤੀ ਦੀ ਘਾਟ ਕਾਰਨ ਜਿੱਤੇ ਮੈਦਾਨ ਹਾਰੇ ਹਨ। ਹਰਿਆਣਾ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਭੁਪਿੰਦਰ ਸਿੰਘ ਅਸੰਧ ਨੇ ਹਰਿਆਣਾ ਵਿਚਲੇ ਸਿੱਖਾਂ ਦੀਆਂ ਸਮੱਸਿਆਵਾਂ ਅਤੇ ਗੁਰਦੁਆਰਾ ਪ੍ਰਬੰਧਾਂ ਬਾਰੇ ਗੱਲ ਕੀਤੀ।

ਸੰਤ ਸੇਵਾ ਸਿੰਘ ਰਾਮਪੁਰ ਖੇੜਾ ਵਾਲਿਆਂ ਨੇ ਗੁਰਦੁਆਰਾ ਸੁਧਾਰ ਲਹਿਰ ਵਿਚ ਸਮੁੱਚੇ ਸਿੱਖ ਪੰਥ ਨੂੰ ਨਿੱਤਰਣ ਦੀ ਅਪੀਲ ਕੀਤੀ। ਇਸ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਕਾਰਜ ਸਿੰਘ ਦੇ ਜਥੇ ਨੇ ਕੀਰਤਨ ਕੀਤਾ, ਢਾਡੀ ਭਾਈ ਬਲਬੀਰ ਸਿੰਘ ਪਾਰਸ ਅਤੇ ਭਾਈ ਸੁਖਪ੍ਰੀਤ ਸਿੰਘ ਸਭਰਾਵਾਂ ਨੇ ਢਾਡੀ ਵਾਰਾਂ ਗਾਈਆਂ।

ਕਾਨਫਰੰਸ ਵਿੱਚ ਹਾਜ਼ਰ ਸੰਗਤਾਂ

ਕਾਨਫਰੰਸ ਵਿੱਚ ਹਾਜ਼ਰ ਸੰਗਤਾਂ

ਪੰਥਕ ਕਾਨਫਰੰਸ ਵਿਚ ਪਾਸ ਕੀਤੇ ਮਤੇ:
ਸਿੱਖ ਸਦਭਾਵਨਾ ਦਲ ਦੀ ਪੰਥਕ ਕਾਨਫਰੰਸ ਵਿਚ ਸਰਬਸੰਮਤੀ ਨਾਲ ਛੇ ਮਤੇ ਵੀ ਪਾਸ ਕੀਤੇ ਗਏ, ਜਿਨਾਂ ਵਿਚੋਂ ਪਹਿਲੇ ਮਤੇ ਵਿਚ ਸ਼੍ਰੋਮਣੀ ਕਮੇਟੀ ’ਤੇ ਗੁਰਮਤਿ ਦੇ ਅਨੁਸਾਰੀ ਨਿਜ਼ਾਮ ਨੂੰ ਸਥਾਪਿਤ ਕਰਨ, ਦੂਜੇ ਮਤੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ, ਗੁਰੂ ਸਾਹਿਬਾਨ ਦੇ ਵੇਲੇ ਤੋਂ ਸੀਨਾ-ਬਸੀਨਾ ਚੱਲੀਆਂ ਆ ਰਹੀਆਂ ਸਿੱਖ ਪਰੰਪਰਾਵਾਂ, ਖੰਡੇ ਬਾਟੇ ਦੇ ਅੰਮ੍ਰਿਤ ਅਤੇ ਅੰਮ੍ਰਿਤ ਵੇਲੇ ਦੀਆਂ ਪੰਜ ਬਾਣੀਆਂ ’ਤੇ ਦ੍ਰਿੜਤਾ ਨਾਲ ਪਹਿਰਾ ਦੇਣ, ਪੰਜ ਤਖ਼ਤਾਂ ਅਤੇ ਪੰਜ ਪਿਆਰਿਆਂ ਦੀ ਮਾਣ-ਮਰਿਯਾਦਾ ਨੂੰ ਬਹਾਲ ਕਰਨ ਦੀ ਪ੍ਰਤੀਬੱਧਤਾ ਦਾ ਪ੍ਰਗਟਾਵਾ ਕੀਤਾ ਗਿਆ।

ਤੀਜੇ ਮਤੇ ਅਨੁਸਾਰ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੀ ਜਾਗ੍ਰਿਤੀ ਜਗਾਉਣ ਲਈ ਸਿੱਖ ਕੌਮ ਨੂੰ ਵਿਸਾਖੀ ਦਾ ਦਿਹਾੜਾ ‘ਖ਼ਾਲਸਾ ਦਿਵਸ’ ਵਜੋਂ ਮਨਾਉਣ ਦਾ ਸੱਦਾ ਦਿੱਤਾ ਗਿਆ, ਚੌਥੇ ਮਤੇ ਅਨੁਸਾਰ ਗੁਰਦੁਆਰਾ ਸੰਸਥਾ ਦੀ ਮੂਲ ਪ੍ਰੀਭਾਸ਼ਾ ਅਤੇ ਆਦਰਸ਼ਾਂ ਨੂੰ ਜਿਊਂਦੇ ਰੱਖਣ ਲਈ ਗੁਰੂ ਘਰਾਂ ਦੇ ਪ੍ਰਬੰਧਕ ਅੰਮ੍ਰਿਤਧਾਰੀ ਰਹਿਤਵਾਨ ਗੁਰਸਿੱਖਾਂ ਨੂੰ ਬਣਾਉਣ ਦੇ ਨਾਲ ਗੁਰਦੁਆਰਾ ਪ੍ਰਬੰਧਾਂ ਵਿਚ ਸਿੱਖ ਨੌਜਵਾਨ ਪੀੜੀ ਦੀ ਵੱਧ ਤੋਂ ਵੱਧ ਸ਼ਮੂਲੀਅਤ ਕਰਵਾ ਕੇ ਸਿੱਖ ਕੌਮ ਦੇ ਭਵਿੱਖ ਨੂੰ ਸੰਵਾਰਨ ਦੀ ਜ਼ਿੰਮੇਵਾਰੀ ਨੌਜਵਾਨ ਪੀੜੀ ਹਵਾਲੇ ਕਰਨ, ਪੰਜਵੇਂ ਮਤੇ ਵਿਚ ਪਤਿਤਪੁਣਾ, ਨਸ਼ਾਖੋਰੀ, ਭਰੂਣ ਹੱਤਿਆ, ਭ੍ਰਿਸ਼ਟਾਚਾਰ, ਕਰਮ-ਕਾਂਡ, ਪਾਖੰਡਵਾਦ ਅਤੇ ਪੰਜਾਬੀ ਸੱਭਿਆਚਾਰ ਦੇ ਨਾਂਅ ’ਤੇ ਲੱਚਰਤਾ ਨੂੰ ਨੱਥ ਪਾਉਣ, ਬਜ਼ੁਰਗਾਂ, ਨੌਜਵਾਨਾਂ ਅਤੇ ਆਉਣ ਵਾਲੀ ਪੀੜੀ ਦੇ ਉਜਲੇ ਭਵਿੱਖ ਲਈ ਰੁਜ਼ਗਾਰ, ਮੁਫ਼ਤ ਸਿੱਖਿਆ ਅਤੇ ਬਿਮਾਰੀਆਂ ਦੇ ਇਲਾਜ ਦੇ ਪ੍ਰਬੰਧ ਲਈ ਗੁਰਦੁਆਰਾ ਪ੍ਰਬੰਧਕੀ ਵਿਵਸਥਾ ਨੂੰ ਜ਼ਿੰਮੇਵਾਰ ਬਣਾਉਣ ਦੀ ਗੱਲ ਆਖੀ ਗਈ ਹੈ।

ਸਿੱਖ ਸਦਭਾਵਨਾ ਦਲ ਵਲੋਂ ਗੁਰਦੁਆਰਾ ਸੁਧਾਰ ਲਹਿਰ ਦੀ ਆਰੰਭਤਾ ਵਜੋਂ ਜਿਲਾ ਪੱਧਰੀ ਗੁਰਮਤਿ ਸਮਾਗਮ ਅਤੇ ਅੰਮ੍ਰਿਤ ਸੰਚਾਰ ਦੀ ਮੁਹਿੰਮ ਵਿੱਢਣ ਦਾ ਐਲਾਨ ਵੀ ਕੀਤਾ ਗਿਆ। ਛੇਵੇਂ ਮਤੇ ਵਿਚ ਸ਼੍ਰੋਮਣੀ ਕਮੇਟੀ ’ਤੇ ਸਥਾਪਿਤ ਨਿਜ਼ਾਮ ’ਤੇ ਸਿੱਖ ਸਰੋਕਾਰਾਂ, ਸਮੱਸਿਆਵਾਂ ਅਤੇ ਮੁੱਦਿਆਂ ਤੋਂ ਮੂੰਹ ਮੋੜਨ ਦਾ ਦੋਸ਼ ਲਗਾਉਂਦਿਆਂ ਇਕ ਸਿਆਸੀ ਪਰਿਵਾਰ ਦੇ ਹਿੱਤ ਪੂਰਨ ਦਾ ਦੋਸ਼ ਲਗਾਇਆ ਗਿਆ ਹੈ। ਇਸ ਦੇ ਨਾਲ ਪਿਛਲੇ ਸਮਿਆਂ ਦੌਰਾਨ ਪੰਥਕ ਸੰਘਰਸ਼ਾਂ ਦੌਰਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿਰੋਧ ਦੌਰਾਨ ਜੇਲ ਵਿਚ ਨਜ਼ਰਬੰਦ ਸਿੱਖਾਂ ਦੀ ਰਿਹਾਈ ਦਾ ਮੁੱਦਾ ਉਠਾਉਂਦਿਆਂ ਸਿੱਖ ਕੌਮ ਦੇ ਹਿੱਤਾਂ ਲਈ ਸੰਘਰਸ਼ ਕਰ ਰਹੀਆਂ ਸਮੁੱਚੀਆਂ ਜਥੇਬੰਦੀਆਂ ਦਾ ਸਮਰਥਨ ਕਰਦਿਆਂ ਭਵਿੱਖ ਵਿਚ ਪੰਥਕ ਹਿੱਤਾਂ ਲਈ ਕਿਸੇ ਵੀ ਜਥੇਬੰਦੀ ਵਲੋਂ ਤਿਆਰ ਕੀਤੀ ਜਾਣ ਵਾਲੀ ਸਾਂਝੀ ਰਣਨੀਤੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ।

ਇਸ ਮੌਕੇ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਤੋਂ ਇਲਾਵਾ ਢਾਡੀ ਜਸਵਿੰਦਰ ਸਿੰਘ ਸ਼ਾਂਤ, ਨਰਿੰਦਰਪਾਲ ਸਿੰਘ ਮਾਛੀਵਾੜਾ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਜਤਿੰਦਰ ਸਿੰਘ ਨੂਰਪੁਰੀ, ਸੁਖਵਿੰਦਰ ਸਿੰਘ ਆਜ਼ਾਦ, ਜਗਜੀਤ ਸਿੰਘ ਜ¦ਧਰ, ਭਾਈ ਬਲਬੀਰ ਸਿੰਘ ਮੁੱਛਲ, ਸੰਤ ਕੁਲਦੀਪ ਸਿੰਘ ਧੱਲੇਕੇ ਮੋਗਾ ਅਤੇ ਕੇਸ ਸੰਭਾਲ ਪ੍ਰਚਾਰ ਸੰਸਥਾ ਜ¦ਧਰ ਦੇ ਹਰਪ੍ਰੀਤ ਸਿੰਘ, ਭੁਪਿੰਦਰ ਸਿੰਘ ਸਿੱਧੂ, ਭਾਈ ਇਕਬਾਲ ਸਿੰਘ, ਬਾਬਾ ਅਵਤਾਰ ਸਿੰਘ ਸਾਧਾਂਵਾਲਾ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਭਾਈ ਸੁਖਜੀਤ ਸਿੰਘ ਖੋਸਾ, ਆਦਿ ਵੀ ਹਾਜ਼ਰ ਸਨ।

ਫ਼ੋਟੋ ਕੈਪਸ਼ਨ : ਸਿੱਖ ਸਦਭਾਵਨਾ ਦਲ ਵਲੋਂ ਕੀਤੀ ਪੰਥਕ ਕਾਨਫਰੰਸ ਨੂੰ ਸੰਬੋਧਨ ਕਰਦੇ ਭਾਈ ਬਲਦੇਵ ਸਿੰਘ ਵਡਾਲਾ, ਸੰਤ ਸੇਵਾ ਸਿੰਘ ਰਾਮਪੁਰ ਖੇੜਾ ਵਾਲੇ ਅਤੇ ਹਾਜ਼ਰ ਸੰਗਤਾਂ ਦਾ ਇਕੱਠ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,