ਵਿਦੇਸ਼

ਬਾਪੂ ਸੂਰਤ ਸਿੰਘ ਖ਼ਾਲਸਾ ਦੇ ਜਵਾਈ ਭਾਈ ਸਤਵਿੰਦਰ ਸਿੰਘ ਭੋਲਾ ਦੀ ਪਹਿਲੀ ਬਰਸੀ ਮਨਾਈ

By ਸਿੱਖ ਸਿਆਸਤ ਬਿਊਰੋ

August 21, 2016

ਤਰਨ ਤਾਰਨ: ਭਾਈ ਸਤਵਿੰਦਰ ਸਿੰਘ ਭੋਲਾ ਦੀ ਪਹਿਲੀ ਬਰਸੀ ਗੁਰਦੁਆਰਾ ਮੰਜੀ ਸਾਹਿਬ, ਤਰਨ ਤਾਰਨ ਵਿਖੇ 17 ਅਗਸਤ ਨੂੰ ਮਨਾਈ ਗਈ। ਜ਼ਿਕਰਯੋਗ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ‘ਤੇ ਬੈਠੇ ਸਿੱਖ ਕਾਰਜਕਰਤਾ ਬਾਪੂ ਸੂਰਤ ਸਿੰਘ ਭਾਈ ਸਤਵਿੰਦਰ ਸਿੰਘ ਭੋਲਾ ਦੇ ਸਹੁਰਾ ਸਾਹਿਬ ਹਨ। ਭਾਈ ਭੋਲਾ ਨੂੰ ਅਮਰੀਕਾ ਵਿਖੇ 17 ਅਗਸਤ 2015 ਨੂੰ ਅਣਪਛਾਤੇ ਹਮਲਾਵਰਾਂ ਨੇ ਰਹੱਸਮਈ ਹਾਲਾਤਾਂ ਵਿਚ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ।

ਅਖੰਡ ਪਾਠ ਦੀ ਸਮਾਪਤੀ ਤੋਂ ਬਾਅਦ ਰਾਗੀ ਭਾਈ ਹਰਜੀਤ ਸਿੰਘ ਨੇ ਸ਼ਬਦ ਕੀਰਤਨ ਕੀਤਾ।

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵਲੋਂ ਜਾਰੀ ਇਕ ਪ੍ਰੈਸ ਬਿਆਨ ਵਿਚ ਕਿਹਾ ਗਿਆ ਕਿ ਸਾਡੀ ਪਾਰਟੀ ਦਾ ਇਹ ਮੰਨਣਾ ਹੈ ਕਿ ਸਤਵਿੰਦਰ ਸਿੰਘ ਭੋਲਾ ਦਾ ਕਤਲ ਹਿੰਦੂਵਾਦੀ ਦੇਸ਼ ਦੇ ਖੁਫੀਆ ਏਜੰਟਾਂ ਨੇ ਸ਼ਿਕਾਗੋ ਦੇ ਕਿਸੇ ਗੈਂਗ ਕੋਲੋਂ ਇਹ ਕਤਲ ਕਰਵਾਇਆ ਹੈ। ਮਾਨ ਨੇ ਕਿਹਾ, “ਅਸੀਂ ਚਾਹੁੰਦੇ ਹਾਂ ਕਿ ਐਫ.ਬੀ.ਆਈ. ਇਸ ਨੁਕਤੇ ਦੇ ਆਧਾਰ ‘ਤੇ ਆਪਣੀ ਜਾਂਚ ਕਰੇ। ਅਸੀਂ ਭਾਈ ਭੋਲਾ ਅਤੇ ਉਨ੍ਹਾਂ ਦੇ ਸਹੁਰਾ ਸਾਹਿਬ ਨਾਲ ਇਸ ਦੁਖ ਦੀ ਘੜੀ ਵਿਚ ਖੜ੍ਹੇ ਹਾਂ।”

ਬਿਆਨ ਵਿਚ ਕਿਹਾ ਗਿਆ ਕਿ 1984 ਤੋਂ ਬਾਅਦ ਭਾਈ ਭੋਲਾ ਨੇ ਹਥਿਆਰਬੰਦ ਸਿੱਖ ਸੰਘਰਸ਼ ਵਿਚ ਵੀ ਹਿੱਸਾ ਲਿਆ। ਬਿਆਨ ਵਿਚ ਲਿਖਿਆ ਹੈ ਕਿ ਸੂਤਰਾਂ ਮੁਤਾਬਕ ਭਾਈ ਭੋਲਾ ‘ਸਰਦੂਲ ਸਿੰਘ’ ਦੇ ਨਾਂ ਤੋਂ ਦਸ਼ਮੇਸ਼ ਰੈਜੀਮੈਂਟ ਦੀ ਅਗਵਾਈ ਕਰਦੇ ਰਹੇ। ਭਾਈ ਭੋਲਾ ਦਾ ਨਾਂ ਭਾਰਤ ਵਲੋਂ ਜਾਰੀ ‘ਲੋੜੀਂਦੇ’ ਖਾੜਕੂਆਂ ਵਿਚ ਵੀ ਸ਼ਾਮਲ ਸੀ।

ਭਾਈ ਪਪਲਪ੍ਰੀਤ ਸਿੰਘ, ਡਾ. ਗੁਰਜਿੰਦਰ ਸਿੰਘ, ਭਾਈ ਹਰਜਿੰਦਰ ਸਿੰਘ ਤਾਰਨ, ਭਾਈ ਨਵਦੀਪ ਸਿੰਘ, ਭਾਈ ਹਰਜਾਪ ਸਿੰਘ, ਭਾਈ ਗੁਰਦਰਸ਼ਨ ਸਿੰਘ ਸੋਹਲ, ਭਾਈ ਰਣਬੀਰ ਸਿੰਘ, ਭਾਈ ਜਰਨੈਲ ਸਿੰਘ, ਭਾਈ ਜਗਜੀਤ ਸਿੰਘ, ਭਾਈ ਪ੍ਰਿਤਪਾਲ ਸਿੰਘ ਆਦਿ ਬਰਸੀ ਮੌਕੇ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: