ਆਮ ਖਬਰਾਂ

ਮਨੁੱਖੀ ਅਧਿਕਾਰ ਦਿਹਾੜੇ ‘ਤੇ ਸਿੱਖ ਸਿਅਸਤ ਵੱਲੋਂ ਦਸਤਾਵੇਜ਼ੀ “ਨਿਆਂ ਦੇ ਹਾਸ਼ੀਏ ਤੋਂ ਬਾਹਰ ਕੀਤੇ ਲੋਕਾਂ ਦੀ ਅਣਦੱਸੀ ਕਹਾਣੀ” ਜਾਰੀ ਕੀਤਾ ਗਿਆ

By ਸਿੱਖ ਸਿਆਸਤ ਬਿਊਰੋ

December 10, 2014

ਚੰਡੀਗੜ੍ਹ (10 ਦਸੰਬਰ, 2014): ਸਿੱਖ ਸਿਆਸਤ ਵੱਲੋਂ 66ਵੇਂ ਮਨੁੱਖੀ ਅਧਿਕਾਰ ਦਿਹਾੜੇ ਉੱਤੇ ਅੱਜ ਆਪਣੀ ਪਹਿਲੀ ਦਸਤਾਵੇਜ਼ੀ “ਨਿਆਂ ਦੇ ਹਾਸ਼ੀਏ ਤੋਂ ਬਾਹਰ ਕੀਤੇ ਲੋਕਾਂ ਦੀ ਅਣਦੱਸੀ ਕਹਾਣੀ” ਜਾਰੀ ਕੀਤਾ ਗਿਆ।ਪੰਜਾਬੀ ਭਾਸ਼ਾ ਵਿੱਚ ਤਿਆਰ ਕੀਤੀ ਇਹ ਦਸਤਾਵੇਜ਼ੀ 1990ਵਿਆਂ ਦੇ ਸ਼ੁਰੂਆਤੀ ਦੌਰ ਵਿੱਚ ਪੰਜਾਬ ਦੇ ਵਿੱਚ ਭਾਰਤੀ ਸੁਰੱਖਿਆ ਦਸਤਿਆਂ ਵੱਲੋਂ ਯੋਜਨਬੱਧ ਤਰੀਕੇ ਨਾਲ, ਵੱਡੇ ਪੱਧਰ ’ਤੇ ਕੀਤੇ ਗਏ ਮਨੁੱਖੀ ਹੱਕਾਂ ਦੇ ਘਾਣ ’ਤੇ ਚਾਨਣਾ ਪਾਉਦੀਂ ਹੈ।

ਜ਼ਿਕਰਯੋਗ ਹੈ ਕਿ ਇਸ ਦੌਰ ਦੌਰਾਨ ਗੈਰ ਕਾਨੂੰਨੀ ਹਿਰਾਸਤਾਂ, ਅਣ-ਮਨੁੱਖੀ ਤਸੀਹੇ, ਪੁਲਿਸ ਹਿਰਾਸਤ ਵਿੱਚ ਮੌਤਾਂ, ਜਬਰੀ ਚੁੱਕ ਕੇ ਖਪਾ ਦੇਣਾ, ਝੂਠੇ ਪੁਲਿਸ ਮੁਕਾਬਿਆਂ ਵਿੱਚ ਸਿੱਖਾਂ ਨੂੰ ਮਾਰਨਾ ਅਤੇ ਚੁੱਪ-ਚਪੀਤੇ ਲਾਵਾਰਿਸ ਕਹਿਕੇ ਲਾਸ਼ਾਂ ਦਾ ਸਸਕਾਰ ਕਰ ਦੇਣਾ ਇਕ ਆਮ ਵਰਤਾਰਾ ਬਣ ਚੁੱਕਾ ਸੀ।

ਜੁਲਾਈ 1992 ਵਿੱਚ ਪੰਜਾਬ ਪੁਲਿਸ ਦੇ ਇੱਕ ਇੰਸਪੈਕਟਰ  ਗੁਰਜੀਤ ਸਿੰਘ ਨੇ ਬਠਿੰਡਾ ਅਤੇ ਮਾਨਸਾ ਖੇਤਰ ਦੇ ਕਈ ਸਿੱਖ ਨੌਜਵਾਨਾਂ ਜਿੰਨਾਂ ਵਿੱਚੋਂ ਵਧੇਰੇ ਸਰਕਾਰੀ ਨੌਕਰੀਆਂ ਕਰ ਰਹੇ ਸਨ, ਨੂੰ ਚੁੱਕ ਕੇ ਸਦਾ ਲਈ ਜ਼ਬਰੀ ਲਾਪਤਾ ਕਰ ਦਿੱਤਾ। ਜ਼ਬਰ ਦੇ ਸ਼ਿਕਾਰ ਇਨ੍ਹਾਂ ਨੌਜਵਾਨਾਂ ਨੂੰ ਤਸ਼ੱਦਦ ਕਰਨ ਤੋਂ ਬਾਅਦ ਖਤਮ ਕਰ ਦਿੱਤਾ ਗਿਆ।

ਇਨ੍ਹਾਂ ਸਿੱਖਾਂ ਵਿਚ ਬਠਿੰਡਾ ਦੇ ਇੱਕ ਨੌਜਵਾਨ ਪਰਮਜੀਤ ਸਿੰਘ ਪੁੱਤਰ ਸ. ਗੁਰਦਿਤ ਸਿੰਘ ਨੂੰ ਇੰਸਪੈਕਟਰ ਗੁਰਜੀਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਜਬਰੀ ਬੀਬੀਵਾਲਾ ਰੋਡ ਬਠਿੰਡਾ ਤੋਂ 17 ਜੁਲਾਈ 1992 ਨੂੰ ਚੁੱਕਿਆ ਅਤੇ ਵਹਿਸ਼ੀ ਤਸ਼ੱਦਦ ਤੋਂ ਬਾਅਦ ਪਲਿਸ ਨੇ ਉਸ ਨੂੰ ਮਾਰਕੇ ਝੂਠੀ ਕਹਾਣੀ ਘੜੀ ਕਿ ਪਰਮਜੀਤ ਸਿੰਘ ਪੁਲਿਸ ਦੀ ਹਿਰਾਸਤ ਵਿੱਚੋਂ ਭੱਜ ਗਿਆ ਹੈ।

ਪੁਲਿਸ ਵੱਲੋਂ ਮਾਰੇ ਗਏ ਪਰਮਜੀਤ ਸਿੰਘ ਦੇ ਪਿਤਾ ਸ. ਗੁਰਦਿੱਤ ਸਿੰਘ ਵੱਲੋਂ ਆਪਣੇ ਪੁੱਤਰ ਦੀ ਮੌਤ ਦਾ ਸਰਟੀਫਿਕੇਟ ਲੈਣ ਲਈ ਸ਼ੁਰੂ ਕੀਤੀ ਗਈ ਚਾਰਾਜੋਈ ਆਖਰ ਆਪਣੇ ਪੁੱਤਰ ਦੀ ਮੌਤ ਦਾ ਇਨਸਾਫ ਲੈਣ ਦੇ ਇੱਕ ਸੰਘਰਸ਼ ਵਿੱਚ ਬਦਲ ਗਈ।

ਬਾਪੂ ਗੁਰਦਿੱਤ ਸਿੰਘ ਨੇ ਆਪਣੇ ਪੁੱਤਰ ਲਈ ਇਨਸਾਫ ਲੈਣ ਅਤੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ 20 ਸਾਲਾਂ ਦੀ ਲੰਮੀ ਲੜਾਈ ਲੜੀ, ਪਰ ਉਨਾਂ ਦੀਆਂ ਅੱਖਾਂ ਨੂੰ ਆਪਣੇ ਪੁੱਤਰ ਦੇ ਕਾਤਲਾਂ ਨੂੰ ਸਜ਼ਾ ਮਿਲਦੀ ਵੇਖਣਾ ਨਸੀਬ ਨਾ ਹੋਇਆ।

ਆਖਰ ਬਾਪੂ ਗੁਰਦਿੱਤ ਸਿੰਘ ਦੇ ਸਿਰੜ ਨੂੰ ਬੂਰ ਪਿਆ ਤੇ 14 ਜਨਵਰੀ 2014 ਨੂੰ ਮੁਕੱਦਮੇਂ ਦੀ ਸੁਣਵਾਈ ਕਰਨ ਵਾਲੀ ਬਠਿੰਡਾ ਦੀ ਇੱਕ ਅਦਾਲਤ ਨੇ ਪਰਮਜੀਤ ਸਿੰਘ ਦੇ ਚੁੱਕ ਕੇ ਮਾਰਨ ਦੇ ਦੋਸ਼ ਵਿੱਚ ਪੰਜਾਬ ਪੁਲਿਸ ਦੇ 8 ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਦੇਕੇ ਜੇਲ ਭੇਜ ਦਿੱਤਾ।ਪਰ ਇਸ ਕੇਸ ਦਾ ਮੁੱਖ ਦੋਸ਼ੀ ਇੰਸਪੈਕਟਰ ਪਰਮਜੀਤ ਸਿੰਘ, ਜਿਸ ਨੂੰ ਇੱਕ ਹੋਰ ਸਿੱਖ ਨੌਜਵਾਨ ਨੂੰ ਮਾਰਨ ਦੇ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਹੋਈ ਸੀ, ਉਹ ਪੇਰੋਲ ਤੇ ਆਉਣ ਤੋਂ ਬਾਅਦ ਫਰਾਰ ਹੋ ਗਿਆ।ਦੋ ਹੋਰ ਦੋਸ਼ੀ ਮੁਕੱਦਮੇ ਦੀ ਸੁਣਵਾਈ ਦੌਰਾਨ ਆਪਣੀ ਮੌਤੇ ਮਰ ਗਏ ਹਨ।

ਪਰਮਜੀਤ ਸਿੰਘ ਦੇ ਕੇਸ ਵਿੱਚ ਡੀ. ਐੱਸ. ਪੀ ਗੁਰਜੀਤ ਸਿੰਘ ਨੂੰ ਪੰਜਾਬ ਪੁਲਿਸ ਨੇ ਇਸ਼ਤਿਹਾਰੀ ਮੁਜ਼ਰਿਮ ਐਲਾਨਿਆ ਹੋਇਆ ਸੀ ਅਤੇ ਪੁਲਿਸ ਰਿਕਾਰਡ ਵਿੱਚ ਉਹ ਪੁਲਿਸ ਨੂੰ ਚਾਹੀਦੇ ਅਤਿ ਖਤਰਨਾਕ ਵਿਅਕਤੀਆਂ ਦੀ ਸੂਚੀ ਵਿੱਚ ਸ਼ਾਮਲ ਹੈ।ਇਹ ਡੀ. ਐੱਸ. ਪੀ ਗੁਰਜੀਤ ਸਿੰਘ ਦੀ ਹੋਰ ਵੀ ਕਈ ਕੇਸਾਂ ਵਿੱਚ ਪੁਲਿਸ ਨੂੰ ਤਲਾਸ਼ ਹੈ।

ਇਸ ਡਾਕੂਮੈਂਟਰੀ ਰਾਹੀਂ ਬਾਪੂ ਗੁਰਦਿੱਤ ਸਿੰਘ ਅਤੇ ਪਰਿਵਾਰ ਦੀ ਨਿਆ ਲਈ ਦਹਾਕਿਆਂ ਬੱਧੀ ਲੜੀ ਲੜਾਈ ਨੂੰ ਲੋਕਾਂ ਸਾਹਮਣੇ ਪੇਸ਼ ਕਰਨ ਦਾ ਇੱਕ ਯਤਨ ਕੀਤਾ ਗਿਆ ਹੈ।

ਪਰਮਜੀਤ ਸਿੰਘ ਦਾ ਕੇਸ ਉਨ੍ਹਾਂ ਕੁਝ ਕੇਸਾਂ ਵਿੱਚੋਂ ਇੱਕ ਹੈ, ਜਿੱਥੇ ਸਿਰੜਤਾ ਨਾਲ ਕੀਤੇ ਯਤਨਾਂ ਨੇ ਕੁਝ ਨਤੀਜੇ ਸਾਹਮਣੇ ਲਿਆਦੇ ਹਨ, ਪਰ ਅਜੇ ਅਜਿਹੇ ਕੇਸਾਂ ਦੀ ਇੱਕ ਲੰਮੀ ਸੁਚੀ ਹੈ, ਜਿੰਨਾਂ ਵਿੱਚ ਕੋਈ ਕਾਰਵਾਈ ਅੱਗੇ ਨਹੀਂ ਤੁਰ ਰਹੀ। ਇਸ ਦਸਤਾਵੇਜ਼ੀ ਇੰਟਰਨੈਟ ਰਾਹੀਂ ਸਿੱਖ ਸਿਆਸਤ ਦੀ ਵੈਬਸਾਈਟ (www.sikhsiyasat.net) ਅਤੇ ਯੂਟਿਊਬ ਚੈਨਲ (www.youtube.com/sikhsiyasat) ਉੱਤੇ ਵੇਖੀ ਜਾ ਸਕਦੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: