ਸਿਆਸੀ ਖਬਰਾਂ » ਸਿੱਖ ਖਬਰਾਂ

ਚੋਣ ਬਿਗਲ ਵੱਜਿਆ ਤੇ ਬੁੱਧੀਜੀਵੀਆਂ ਨੇ ‘ਪੰਜਾਬ ਪੱਖੀ’ ਇਕੱਠੇ ਕਰਨ ਲਈ 19 ਮਾਰਚ ਨੂੰ ਚੰਡੀਗੜ੍ਹ ਚ ਇਕੱਤਰਤਾ ਸੱਦੀ

March 12, 2019 | By

ਚੰਡੀਗੜ੍ਹ: ਲੋਕ ਸਭਾ ਚੋਣਾਂ ਦੇ ਐਲਾਨ ਦੇ ਮੱਦੇਨਜ਼ਰ “ਸਿੱਖ ਵਿਚਾਰ ਮੰਚ” ਤਹਿਤ ਇਕੱਠੇ ਹੋਏ ਸਿੱਖ ਬੁੱਧੀਜੀਵੀਆਂ ਅਤੇ ਕਾਰਕੁੰਨਾਂ ਨੇ 19 ਮਾਰਚ ਨੂੰ ਚੰਡੀਗੜ੍ਹ ਵਿਚ ਇਕ ਇਕੱਤਰਤਾ ਕਰਨ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਵਲੋਂ “ਪੰਜਾਬ ਪੱਖੀ ਅਤੇ ਸੁਹਿਰਦ ਖੇਤਰੀ ਪਾਰਟੀ ਉਭਾਰਨਯੋਗ ਆਗੂਆਂ ਨੂੰ ਇੱਕ ਮੰਚ ਉੱਤੇ ਇਕੱਠੇ” ਕੀਤਾ ਜਾਵੇਗਾ।

ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਸਿੱਖ ਵਿਚਾਰਵਾਨਾਂ ਦੀ ਸਭਾ ਦੀ ਇਕ ਪੁਰਾਣੀ ਤਸਵੀਰ

ਸਿੱਖ ਵਿਚਾਰ ਮੰਚ ਵਲੋਂ ਜਾਰੀ ਕੀਤਾ ਗਿਆ ਲਿਖਤੀ ਬਿਆਨ ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਲਈ ਹੇਠਾਂ ਇੰਨ-ਬਿੰਨ ਸਾਂਝਾ ਕੀਤਾ ਜਾ ਰਿਹਾ ਹੈ:-

ਸਿੱਖ ਵਿਚਾਰ ਮੰਚ

ਲੋਕ ਸਭਾ ਦੀਆਂ ਚੋਣਾਂ ਦਾ ਬਿਗਲ ਵੱਜ ਚੁੱਕਿਆ ਹੈ ਪਰ ਪੰਜਾਬ ਦੀ ਸਿਆਸਤ ਵਿੱਚ ਨਿਰੋਲ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਵਾਲਾ ਪੱਖ ਅਜੇ ਬੱਝਵੇਂ ਰੂਪ ਵਿਚ ਉਭਰ ਕੇ ਸਾਹਮਣੇ ਨਹੀਂ ਆਇਆ। ਸ਼੍ਰੋਮਣੀ ਅਕਾਲੀ ਦਲ ਨੇ ਇੱਕ ਸਦੀ ਦੀ ਘਾਲ ਕਮਾਈ ਨੂੰ ਭਾਜਪਾ ਦੇ ਰਾਸ਼ਟਰਵਾਦੀ ਏਜੰਡੇ ਉੱਤੇ ਕੁਰਬਾਨ ਕਰ ਦਿੱਤਾ ਹੈ। ਇਸ ਪਾਰਟੀ ਨੇ ਪਹਿਲਾਂ ਕੇਂਦਰਵਾਦੀ ਫਿਰਕੂ ਤਨਜ਼ੀਮ ਨਾਲ “ਬਿਨਾਂ ਸ਼ਰਤ ਪਤੀ ਪਤਨੀ ਦਾ ਰਿਸ਼ਤਾ” ਕਾਇਮ ਕਰ ਕੇ ਪੰਜਾਬ ਅਤੇ ਪੰਜਾਬੀਆਂ ਦੀ ਗੰਭੀਰ ਸਮੱਸਿਆ ਦੇ ਹੱਲ ਤੋਂ ਮੂੰਹ ਮੋੜਿਆ ਹੈ ਅਤੇ ਫੇਰ ਅੱਗੇ ਲੱਗ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਕੁਕਰਮ ਕਰਵਾ ਕੇ, ਪੰਜਾਬ ਦੀ ਆਤਮਾ ਨਾਲ ਧ੍ਰੋਹ ਕਮਾ ਕੇ ਸਦਾ ਲਈ ਆਪਣੇ ਮੂੰਹ ਕਾਲੇ ਕਰ ਲਏ।

ਭਾਜਪਾ ਦੇ ਘੱਟ-ਗਿਣਤੀਆਂ ਵਿਰੋਧੀ ਹਿੰਦੂਤਵ ਮੁਹਿੰਮ ਨੂੰ ਛੱਡ ਕੇ ਬਾਕੀ ਸਭ ਮੁੱਦਿਆਂ ਉੱਤੇ ਕਾਂਗਰਸ ਅਤੇ ਮੋਦੀ ਪਾਰਟੀ ਦੀ ਤਕਰੀਬਨ ਇੱਕੋ ਜਿੰਨੀ ਰਾਸ਼ਟਰਵਾਦੀ ਸਮਝ ਅਤੇ ਪਹੁੰਚ ਹੈ । ਆਜ਼ਾਦੀ ਤੋਂ ਅੱਜ ਤੱਕ ਕਾਂਗਰਸ ਨੇ ਪੰਜਾਬ ਦੇ ਹਿਤਾਂ ਨਾਲੋਂ ਆਪਣੇ ਕੌਮੀ ਸੌੜੇ ਹਿਤਾਂ ਨੂੰ ਪਹਿਲ ਦਿੱਤੀ ਹੈ, ਜਿਸ ਕਰਕੇ ਪੰਜਾਬ ਕਈ ਵੱਡੇ ਸਦਮਿਆਂ ਦਾ ਸ਼ਿਕਾਰ ਹੋਇਆ ਹੈ।

ਇਨ੍ਹਾਂ ਨੈਸ਼ਨਲਿਸਟ ਪਾਰਟੀਆਂ ਨੂੰ ਪੰਜਾਬ ਦੀਆਂ ਚੋਣਾਂ ਵਿਚ ਟੱਕਰ ਦੇਣ ਦੀ ਸਮਰੱਥਾ ਵਿਚ ਨਾ ਹੋਣਾ ਹੀ ਪੰਜਾਬੀਆਂ ਲਈ ਸਦੀਵੀ ਨੁਕਸਾਨ ਦਾ ਕਾਰਣ ਬਣ ਸਕਦਾ ਹੈ ਅਤੇ ਪੰਜਾਬ ਸਦਾ ਲਈ ਮੁਸ਼ਕਿਲਾਂ ਮੁਸੀਬਤਾਂ ਹੇਠ ਦਬ ਸਕਦਾ ਹੈ।

ਅਸੀਂ ਪੰਜਾਬ ਦਰਦੀ, ਤਕਰੀਬਨ ਅੱਧੀ ਸਦੀ ਤੋਂ ਪੰਜਾਬ ਦੀ ਨਿਸ਼ਕਾਮ ਸੇਵਾ ਵਿੱਚ ਹਾਜ਼ਰ ਰਹੇ ਹਾਂ। ਏਸ ਨਾਜ਼ੁਕ ਮੋੜ ਉੱਤੇ ਅਸੀਂ ਏਸ ਘੁੱਪ ਹਨੇਰੇ ਵਿੱਚੋਂ ਰਾਹ ਲੱਭਣਯੋਗ ਪੰਜਾਬ ਦੇ ਆਗੂਆਂ ਨੂੰ ਇੱਕ ਸਾਂਝਾ ਯਤਨ ਕਰਨ ਦਾ ਸੱਦਾ ਦੇਣਾ ਫਰਜ਼ ਸਮਝ ਕੇ ਤਨਦੇਹੀ ਨਾਲ ਨਿਭਾਉਣਾ ਜ਼ਰੂਰੀ ਸਮਝਦੇ ਹਾਂ। ਅਸੀਂ ਏਸ ਮੰਤਵ ਲਈ ਪੰਜਾਬ ਪੱਖੀ ਅਤੇ ਸੁਹਿਰਦ ਖੇਤਰੀ ਪਾਰਟੀ ਉਭਾਰਨਯੋਗ ਆਗੂਆਂ ਨੂੰ ਇੱਕ ਮੰਚ ਉੱਤੇ ਇਕੱਠੇ ਹੋ ਕੇ ਤੁਰੰਤ ਮਾਰੂ ਖੜੋਤ ਨੂੰ ਭੰਨਣ ਲਈ ਯਤਨ ਕਰਨ ਦਾ ਸੱਦਾ ਦਿੰਦੇ ਹਾਂ।

ਅਸੀਂ ਪੰਜਾਬ ਪੱਖੀ ਸਿਆਸੀ, ਧਾਰਮਿਕ, ਸਮਾਜਿਕ ਅਤੇ ਬੌਧਿਕ ਆਗੂਆਂ ਨੂੰ ਚੰਡੀਗੜ੍ਹ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿੱਚ ਮਿਤੀ 19 ਮਾਰਚ, 2019 ਨੂੰ ਇਕੱਠੇ ਹੋ ਕੇ ਸਿਰ ‘ਤੇ ਆ ਚੁੱਕੀਆਂ ਚੋਣਾਂ ਵਿੱਚ ਤੁਰੰਤ ਸਾਂਝੇ ਉਮੀਦਵਾਰ ਉਤਾਰਨ ਦੀ ਵੰਗਾਰ ਪਾਉਂਦੇ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਹਰ ਪੱਖ ਤੋਂ ਵਿਚਾਰਾਂ ਕਰ ਕੇ ਇਹ ਸੁਹਿਰਦ ਸੱਜਣ ਆਏ ਸਮੇਂ ਨੂੰ ਸੰਭਾਲਣਗੇ ਅਤੇ ਪੰਜਾਬੀ ਮਾਂ ਦੇ ਦੁੱਧ ਨੂੰ ਲਾਜ ਨਹੀਂ ਲੱਗਣ ਦੇਣਗੇ।

ਸਾਂਝੀ ਅਪੀਲ ਜਾਰੀ ਕਰਨ ਵਾਲੇ ਸਿੱਖ ਚਿੰਤਕਾਂ ਵਿਚ ਗੁਰਤੇਜ ਸਿੰਘ, ਪ੍ਰੋ. ਗੁਰਦਰਸ਼ਨ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਪ੍ਰਧਾਨ ਗਲੋਬਲ ਸਿੱਖ ਕੌਂਸਲ, ਜਸਪਾਲ ਸਿੰਘ ਸਿੱਧੂ ਪੱਤਰਕਾਰ, ਹਰਦੀਪ ਸਿੰਘ ਮੋਹਾਲੀ ਐਸ ਜੀ ਪੀ ਸੀ ਮੈਂਬਰ, ਗੁਰਬਚਨ ਸਿੰਘ ਐਡੀਟਰ ਦੇਸ ਪੰਜਾਬ, ਨਵਕਿਰਨ ਸਿੰਘ ਐਡਵੋਕੇਟ, ਰਾਜਿੰਦਰ ਸਿੰਘ ਖਾਲਸਾ ਪੰਚਾਇਤ, ਅਸ਼ੋਕ ਸਿੰਘ ਬਾਗੜੀਆਂ ਸਪੋਕਸ ਪਰਸਨ ਇੰਸਟੀਚਿਊਟ ਆਫ ਸਿੱਖ ਸਟੱਡੀਜ਼, ਲੈਫ. ਜਨ. ਕਰਤਾਰ ਸਿੰਘ ਗਿੱਲ ਸਕੱਤਰ ਜਨਰਲ ਸੰਸਾਰ ਸਿੱਖ ਸੰਗਠਨ।

ਜਾਰੀ ਕਰਤਾ

ਖੁਸ਼ਹਾਲ ਸਿੰਘ, ਜਨਰਲ ਸਕੱਤਰ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,