ਭਾਰਤੀ ਗਣਤੰਤਰ ਦਿਵਸ ਮੌਕੇ ਲੰਡਨ 'ਚ ਰੋਸ ਮੁਜ਼ਾਹਰਾ ਕਰਦੇ ਸਿੱਖ

ਵਿਦੇਸ਼

ਲੰਡਨ ‘ਚ ਰੋਸ ਮੁਜ਼ਾਹਰੇ ਦੌਰਾਨ ਲੱਗੇ ਖਾਲਿਸਤਾਨ ਅਤੇ ਕਸ਼ਮੀਰ ਦੀ ਅਜ਼ਾਦੀ ਦੇ ਨਾਅਰੇ

By ਸਿੱਖ ਸਿਆਸਤ ਬਿਊਰੋ

January 28, 2015

ਲ਼ੰਡਨ (27 ਜਨਵਰੀ, 2015): ਲ਼ੰਡਨ ਵਿੱਚ 26 ਜਨਵਰੀ ਨੂੰ ਹੋਏ ਰੋਸ ਮੁਜ਼ਾਹਰੇ ‘ਚ ਭਾਰਤੀ ਗਣਤੰਤਰ ਦਿਵਸ ਨੂੰ ਸਿੱਖਾਂ ਨਾਲ ਧੋਖਾ ਦਿਵਸ ਕਰਾਰ ਦਿੰਦਿਆਂ ਬੁਲਾਰਿਆਂ ਨੇ ਕਿਹਾ ਕਿ ਜਿਹੜਾ ਸੰਵਿਧਾਨ ਸਿੱਖਾਂ ਨੂੰ ਸਿੱਖ ਹੀ ਨਹੀਂ ਮੰਨਦਾ, ਉਸ ਸੰਵਿਧਾਨ ਨੂੰ ਸਿੱਖ ਕਿਸੇ ਹਾਲਤ ਵਿਚ ਮੰਨ ਨਹੀਂ ਸਕਦੇ।

26 ਜਨਵਰੀ ਨੂੰ ਜਿੱਥੇ ਭਾਰਤ ਸਰਕਾਰ ਵਲੋਂ ਦੇਸ਼-ਵਿਦੇਸ਼ ਵਿਚ ਭਾਰਤੀ ਗਣਤੰਤਰ ਦੇ ਜਸ਼ਨ ਮਨਾਏ ਗਏ, ਉੱਥੇ ਸਿੱਖ ਜਥੇਬੰਦੀਆਂ ਵੱਲੋਂ ਲੰਡਨ ਵਿਖੇ ਸਥਿਤ ਭਾਰਤੀ ਅੰਬੈਸੀ ਸਾਹਮਣੇ ਰੋਸ ਮੁਜ਼ਾਹਰਾ ਕਰਕੇ ਗਣਤੰਤਰ ਦਿਵਸ ਨੂੰ ਕਾਲੇ ਦਿਨ ਵਜੋਂ ਯਾਦ ਕੀਤਾ ਗਿਆ।

ਇਸ ਮੌਕੇ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਸਿੱਖਾਂ ਦੀਆਂ 90 ਫੀਸਦੀ ਤੋਂ ਵੱਧ ਕੁਰਬਾਨੀਆਂ ਨਾਲ ਆਜ਼ਾਦ ਹੋਏ ਭਾਰਤ ਵਿਚ ਸਿੱਖਾਂ ਸਮੇਤ ਘੱਟ ਗਿਣਤੀਆਂ ਨਾਲ ਧੱਕਾ ਅਤੇ ਵਿਤਕਰਾ ਲਗਾਤਾਰ ਜਾਰੀ ਹੈ। ਭਾਰਤੀ ਫੌਜ ਵਲੋਂ 6 ਜੂਨ, 1984 ਦਾ ਖੂਨੀ ਘੱਲੂਘਾਰਾ, ਨਵੰਬਰ 1984 ਵਿਚ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਅਤੇ ਸਿੱਖ ਨੌਜਵਾਨਾਂ ਦੀਆਂ ਝੂਠੇ ਪੁਲਿਸ ਮੁਕਾਬਲਿਆਂ ਵਿਚ ਅਣਗਿਣਤ ਸ਼ਹਾਦਤਾਂ ਇਸ ਦਾ ਪ੍ਰਤੱਖ ਪ੍ਰਮਾਣ ਹਨ।

ਸਿੱਖਾਂ ਅਤੇ ਕਸ਼ਮੀਰੀ ਜਥੇਬੰਦੀਆਂ ਦੇ ਆਗੂਆਂ ਨੇ ਭਾਰਤ ਖਿਲਾਫ਼ ਨਾਅਰੇਬਾਜ਼ੀ ਕੀਤੀ। ਜੇਲ੍ਹਾਂ ਵਿਚ ਬੰਦ ਸਮੂਹ ਸਿੰਘਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਗਈ। ਸਿੱਖ ਕੈਦੀਆਂ ਨੂੰ ਜੰਗੀ ਕੈਦੀ ਅਤੇ ਸਿੱਖ ਕੌਮ ਦੇ ਨਾਇਕ ਆਖਦਿਆਂ ਉਨ੍ਹਾਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਗਈ।

ਸਿੱਖ ਜਥੇਬੰਦੀਆਂ ਵੱਲੋਂ ਯੂਨਾਈਟਿਡ ਖਾਲਸਾ ਦਲ ਯੂ. ਕੇ. ਦੇ ਸ: ਲਵਸ਼ਿੰਦਰ ਸਿੰਘ ਡੱਲੇਵਾਲ, ਸ: ਸੁਖਵਿੰਦਰ ਸਿੰਘ ਖਾਲਸਾ, ਕੌਂਸਲ ਆਫ ਖਾਲਿਸਤਾਨ ਦੇ ਸ: ਅਮਰੀਕ ਸਿੰਘ ਸਹੋਤਾ, ਸ: ਰਣਜੀਤ ਸਿੰਘ ਸਰਾਏ, ਦਲ ਖਾਲਸਾ ਵੱਲੋਂ ਸ: ਮਨਮੋਹਣ ਸਿੰਘ ਖਾਲਸਾ, ਸ: ਮਹਿੰਦਰ ਸਿੰਘ ਰਾਠੌਰ ਅਤੇ ਸ਼੍ਰੋਮਣੀ ਅਕਾਲੀ ਦਲ ਯੂ. ਕੇ. ਦੇ ਸ: ਗੁਰਦੇਵ ਸਿੰਘ ਚੌਹਾਨ ਆਦਿ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: