ਚੰਡੀਗੜ੍ਹ (7 ਦਸੰਬਰ, 2015): ਕੌਮਾਂਤਰੀ ਮਨੁੱਖੀ ਅਧਿਕਾਰ ਦਿਹਾੜੇ ‘ਤੇ 10 ਦਸੰਬਰ ਨੂੰ ‘ਸਿੱਖਸ ਫ਼ਾਰ ਹਿਊਮਨ ਰਾਈਟਸ” ਵੱਲੋਂ ਚੰਡੀਗੜ੍ਹ ਵਿਚ ਕਾਨਫ਼ਰੰਸ ਕਰਵਾਈ ਜਾਵੇਗੀ। ਪ੍ਰੈੱਸ ਕੌਂਸਲ ਆਫ਼ ਇੰਡੀਆ ਦੇ ਸਾਬਕਾ ਚੇਅਰਮੈਨ ਅਤੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਮਾਰਕੰਡੇ ਕਾਟਜੂ ਮਨੁੱਖੀ ਅਧਿਕਾਰਾਂ ਦੇ ਨਿੱਘਰਦੇ ਹਾਲਤਾਂ ਦੇ ਵਿਸ਼ੇ ਉੱਤੇ ਹੋਣ ਜਾ ਰਹੀ ਕਾਨਫ਼ਰੰਸ ਵਿਚ ਮੁੱਖ ਮਹਿਮਾਨ ਵਜੋਂ ਪੁੱਜਣਗੇ।
ਇਸ ਸਬੰਧੀ ਅੱਜ ਚੰਡੀਗੜ੍ਹ ਵਿਖੇ ਸਿੱਖ ਫ਼ਾਰ ਹਿਊਮਨ ਰਾਈਟਸ ਦੇ ਮੁਖੀ ਐਡਵੋਕੇਟ ਸ. ਹਰਪਾਲ ਸਿੰਘ ਚੀਮਾ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਭਾਈ ਮੱਖਣ ਸ਼ਾਹ ਲੁਬਾਣਾ ਆਡੀਟੋਰੀਅਮ ਵਿਚ ਪਹਿਲਾਂ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਘਾਣ ਨੂੰ ਰੋਕਣ ਲਈ ਚਰਚਾ ਹੋਵੇਗੀ।
ਉਪਰੰਤ ਸੈਕਟਰ 17 ਵਿਚ ਮੋਮਬੱਤੀ ਮਾਰਚ ਕਰਕੇ ਹਕੂਮਤੀ ਦਹਿਸ਼ਤਗਰਦੀ ਦਾ ਸ਼ਿਕਾਰ ਲੋਕਾਂ ਪ੍ਰਤੀ ਇਕਮੁੱਠਤਾ ਪ੍ਰਗਟਾਈ ਜਾਵੇਗੀ। ਇਸ ਮੌਕੇ ਐਡਵੋਕੇਟ ਸ. ਨਵਕਿਰਨ ਸਿੰਘ, ਐਡਵੋਕੇਟ ਸ. ਅਮਰ ਸਿੰਘ ਚਾਹਲ, ਐਡਵੋਕੇਟ ਸ. ਰਾਜਵਿੰਦਰ ਸਿੰਘ ਬੈਂਸ ਵੀ ਸ਼ਾਮਿਲ ਸਨ।
ਸਿੱਖਸ ਫਾਰ ਹਿਊਮਨ ਰਾਈਟਸ ਦੇ ਮੁਖੀ ਐਡਵੋਕੇਟ ਹਰਪਾਲ ਸਿੰਘ ਚੀਮਾ, ਲਾਇਰਜ਼ ਫਾਰ ਹਿਊਮਨ ਰਾਈਟਸ ਦੇ ਮੋਢੀ ਐਡਵੋਕੇਟ ਨਵਕਿਰਨ ਸਿੰਘ ਅਤੇ ਐਡਵੋਕੇਟ ਅਮਰ ਸਿੰਘ ਚਾਹਲ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਦੋਸ਼ ਲਾਇਆ ਕਿ ਪਿਛਲੇ ਤੀਹ ਸਾਲਾਂ ਦੌਰਾਨ ਮਨੁੱਖੀ ਅਧਿਕਾਰ ਸੰਸਥਾਵਾਂ ਵੱਲੋਂ ਪੰਜਾਬ ਪੁਲੀਸ ਵੱਲੋਂ ਕੀਤੀਆਂ ਗੲੀਆਂ ਵਧੀਕੀਆਂ ਵਿਰੁੱਧ ਵਿੱਢੇ ਸੰਘਰਸ਼ ਨੂੰ ਹੁਣ ਪਿੰਕੀ ਵੱਲੋਂ ਕੀਤੇ ਇੰਕਸ਼ਾਫ ਨੇ ਸਹੀ ਸਾਬਤ ਕਰ ਦਿੱਤਾ ਹੈ। ਹੁਣ ਇਹ ਗੱਲ ਸਾਬਤ ਹੋ ਗਈ ਹੈ ਕਿ ਪੰਜਾਬ ਪੁਲੀਸ ਨੇ ਖਾੜਕੂਵਾਦ ਦੌਰਾਨ ਝੂਠੇ ਮੁਕਾਬਲਿਆਂ ਵਿੱਚ ਸਿੱਖ ਨੌਜਵਾਨਾਂ ਦਾ ਖੂਨ ਵਹਾਇਆ ਸੀ। ਪੁਲੀਸ ਨੇ ਝੂਠੇ ਮੁਕਾਬਲਿਆਂ ਵਿੱਚ ਮਾਰੇ ਸਿੱਖਾਂ ਦੀਆਂ ਲਾਸ਼ਾਂ ਤੱਕ ਵੀ ਵਾਰਸਾਂ ਹਵਾਲੇ ਨਹੀਂ ਕੀਤੀਆਂ ਸਨ। ਹੁਣ ਸਰਕਾਰ ਨੇ ਸਰਬੱਤ ਖ਼ਾਲਸਾ ਸੱਦਣ ਵਾਲਿਆਂ ਵਿਰੁੱਧ ਦੇਸ਼ ਧਰੋਹ ਦੇ ਕੇਸ ਦਰਜ ਕਰਕੇ ਮੁਡ਼ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ।