ਸਿੱਖ ਖਬਰਾਂ

ਇੰਡੀਆ ਸਰਕਾਰ ਕਰਤਾਪੁਰ ਸਾਹਿਬ ਲਾਂਘਾ ਤੁਰੰਤ ਖੋਲੇ : ਦਲ ਖਾਲਸਾ, ਅਕਾਲ ਫੈਡਰੇਸ਼ਨ

By ਸਿੱਖ ਸਿਆਸਤ ਬਿਊਰੋ

November 10, 2020

ਡੇਹਰਾ ਬਾਬਾ ਨਾਨਕ: ਕਰਤਾਰਪੁਰ ਸਾਹਿਬ ਲਾਂਘਾ ਨੂੰ ਸਿੱਖ ਅਤੇ ਮੁਸਲਮਾਨ ਦੋਹਾਂ ਕੌਮਾਂ ਦੇ ਵਿਸ਼ਵਾਸ, ਏਕਤਾ ਅਤੇ ਸਾਂਝ ਦਾ ਪ੍ਰਤੀਕ ਦਸਦਿਆਂ, ਦਲ ਖਾਲਸਾ ਅਤੇ ਅਕਾਲ ਫੈਡਰੇਸ਼ਨ ਨੇ ਹਿੰਦੁਸਤਾਨ ਸਰਕਾਰ ਕੋਲੋਂ ਲਾਂਘੇ ਨੂੰ ਮੁੜ ਖੋਲਣ ਦੀ ਮੰਗ ਕੀਤੀ।

ਕਰਤਾਰਪੁਰ ਸਾਹਿਬ ਲਾਂਘੇ ਦੀ ਪਹਿਲੀ ਵਰੇਗੰਢ ਨੂੰ ਮਨਾਉਦਿਆਂ ਦਲ ਖਾਲਸਾ ਅਤੇ ਅਕਾਲ ਫੈਡਰੇਸ਼ਨ ਨੇ ਅੰਤਰਰਾਸ਼ਟਰੀ ਸਰਹਦ ‘ਤੇ 9 ਨਵੰਬਰ 2020 ਨੂੰ ਇੱਕ ਸਮਾਗਮ ਕੀਤਾ ਜਿਥੇ ਬੁਲਾਰਿਆਂ ਨੇ ਹਿੰਦੁਸਤਾਨ ਸਰਕਾਰ ਨੂੰ ਜੋਰ ਦੇ ਕੇ ਆਖਿਆ ਕਿ 30 ਨਵੰਬਰ ਨੂੰ ਆ ਰਹੇ ਗੁਰ੍ਰੁ ਨਾਨਾਕ ਸਾਹਿਬ ਦੇ 551ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਸਿੱਖ ਸੰਗਤਾਂ ਦੀ ਧਾਰਮਿਕ ਭਾਵਨਾਵਾਂ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਲਾਂਘਾ ਖੋਲਿਆ ਜਾਵੇ।

ਸਮਾਗਮ ਵਿੱਚ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਭਾਈ ਜਗਤਾਰ ਸਿੰਘ ਨੇ ਕੀਰਤਨ ਕੀਤਾ ਅਤੇ ਅਕਾਲ ਪੁਰਖ ਵਾਹਿਗੁਰੂ ਅੱਗੇ ਲਾਂਘਾ ਖੁੱਲਣ ਦੀ ਅਰਦਾਸ ਕੀਤੀ ਗਈ। ਨੌਜਵਾਨਾਂ ਨੇ ਲਾਂਘੇ ਦੀ ਹੱਦ ‘ਤੇ ਖਲੋ ਕੇ ਖਾਲਸਾਈ ਜੈਕਾਰੇ ਗਜਾਏ ।

ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਅਤੇ ਗਿਆਨੀ ਕੇਵਲ ਸਿੰਘ, ਭਾਈ ਵਰਿਆਮ ਸਿੰਘ ਅਗਵਾਨ, ਜਸਬੀਰ ਸਿੰਘ ਜਫਰਵਾਲ ਅਤੇ ਐਡਵੋਕੇਟ ਜਸਵਿੰਦਰ ਸਿੰਘ ਨੇ ਸਮਾਗਮ ਵਿੱਚ ਸ਼ਿਰਕਤ ਕੀਤੀ!

ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਹਾਲਾਂਕਿ ਕੋਰੋਨਾ ਮਹਾਂਮਾਰੀ ਕਾਰਨ 16 ਮਾਰਚ ਨੂੰ ਲਾਂਘਾ ਬੰਦ ਕਰ ਦਿੱਤਾ ਗਿਆ ਸੀ ਪਰ ਪਾਕਿਸਤਾਨ ਸਰਕਾਰ ਨੇ ਲਾਕਡਾਊਨ ਦੇ ਖਤਮ ਹੋਣ ਤੋਂ ਬਾਅਦ ਜੂਨ ਮਹੀਨੇ ਵਿੱਚ ਲਾਂਘਾ ਮੁੜ ਸ਼ੁਰੂ ਕਰਨ ਦੀ ਤਜਵੀਜ ਦਿੱਤੀ ਸੀ ਜਿਸ ਨੂੰ ਭਾਰਤ ਸਰਕਾਰ ਨੇ ਰੱਦ ਕਰ ਦਿੱਤਾ ਸੀ। ਉਹਨਾਂ ਅਫਸੋਸ ਜਿਤਾਉਦਿਆਂ ਕਿਹਾ ਕਿ ਭਾਰਤ ਅੰਦਰ ਸਮਾਜਿਕ, ਰਾਜਨੀਤਿਕ, ਧਾਰਮਿਕ ਸਰਗਰਮੀਆਂ ਪਹਿਲੇ ਵਾਂਗ ਨਾਰਮਲ ਹੋ ਗਈਆਂ ਹਨ ਪਰ ਸਿੱਖਾਂ ਲਈ ਪਹਿਲੀ ਵਰੇਗੰਢ ਮੌਕੇ ਲਾਂਘਾ ਅੱਜੇ ਵੀ ਬੰਦ ਹੈ । ਉਹਨਾਂ ਕਿਹਾ ਕਿ ਕੋਰੋਨਾ ਲਾਂਘੇ ਨੂੰ ਬੰਦ ਰੱਖਣ ਦਾ ਬਹਾਨਾ ਜਾਂ ਕਾਰਨ ਨਹੀਂ ਹੋਣਾ ਚਾਹੀਦਾ।

ਇਸੇ ਤਰਕ ਦੀ ਪ੍ਰੋੜਤਾ ਕਰਦਿਆਂ ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਦੇਸ਼ ਅੰਦਰ ਬੰਦ ਹੋਏ ਸਾਰੇ ਪ੍ਰਮੁੱਖ ਧਾਰਮਿਕ ਸਥਾਨ ਖੋਲ ਦਿੱਤੇ ਗਏ ਹਨ।

ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਲਾਂਘੇ ਦੇ ਪਿਛੋਕੜ ‘ਤੇ ਝਾਤੀ ਮਾਰਦਿਆਂ ਕਿਹਾ ਕਿ ਪਿਛਲੇ ਵਰ੍ਹੇ ਸਿੱਖਾਂ ਦੀ ਇਹ ਕਈ ਦਹਾਕਿਆਂ ਦੀ ਲਮਕਦੀ ਰੀਝ ਉਸ ਵੇਲੇ ਪੂਰੀ ਹੋਈ ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਪਹਿਲ ਕਦਮੀ ਕਰਦਿਆਂ ਭਾਰਤ ਨੂੰ ਲਾਂਘਾ ਬਨਾਉਣ ਦੀ ਤਜਵੀਜ਼ ਪੇਸ਼ ਕੀਤੀ।

ਉਹਨਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਜਥੇਦਾਰ ਅਕਾਲ ਤਖਤ ਸਾਹਿਬ ਸਮੇਤ ਸਿੱਖ ਲੀਡਰਸ਼ਿਪ ਲਾਂਘਾ ਖੋਲਣ ਲਈ ਹਿੰਦ ਸਰਕਾਰ ਕੋਲੋਂ ਮੰਗ ਕਰ ਰਹੀ ਹੈ ਪਰ ਨਰਿੰਦਰ ਮੋਦੀ ਦੀ ਸਰਕਾਰ ਇਸ ਮੰਗ ਵੱਲ ਕੋਈ ਧਿਆਨ ਨਹੀਂ ਦੇ ਰਹੀ।

ਅਕਾਲ ਫੈਡਰੇਸ਼ਨ ਕਨਵੀਨਰ ਨਰਾਇਣ ਸਿੰਘ ਨੇ ਕਿਹਾ ਕਿ ਲਾਂਘਾ ਸਿੱਖਾਂ ਦੀ ਦਹਾਕਿਆਂ ਦੀ ਘਾਲਣਾ, ਅਰਦਾਸਾਂ ਅਤੇ ਸੰਘਰਸ਼ ਦੇ ਨਤੀਜੇ ਵਜੋਂ ਹੋਂਦ ਵਿੱਚ ਆਇਆ ਸੀ ਪਰ ਹਿੰਦ ਸਰਕਾਰ ਨੇ ਕੋਰੋਨਾ ਦਾ ਬਹਾਨਾ ਬਣਾ ਕੇ ਸਿੱਖ ਭਾਈਚਾਰੇ ਨੂੰ ਇਸ ਤੋਂ ਵਾਂਝਿਆਂ ਕਰ ਰੱਖਿਆ ਹੈ।

ਇਸ ਮੌਕੇ ਸੁਖਪ੍ਰੀਤ ਸਿੰਘ ਉਦੋਕੇ, ਬਾਬਾ ਹਰਦੀਪ ਸਿੰਘ ਮਹਿਰਾਜ, ਜਸਵੀਰ ਸਿੰਘ ਖੰਡੂਰ, ਰਣਬੀਰ ਸਿੰਘ, ਪਰਮਜੀਤ ਸਿੰਘ ਟਾਂਡਾ, ਗੁਰਦੀਪ ਸਿੰਘ ਕਾਲਕੱਟ, ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ, ਰਣਜੀਤ ਸਿੰਘ ਦਮਦਮੀ ਟਕਸਾਲ, ਜਥੇਦਾਰ ਦਿਲਬਾਗ ਸਿੰਘ ਜਥਾ ਸਿਰਲੱਥ ਨੇ ਵੀ ਹਾਜ਼ਿਰ ਸਨ।

ਨੌਜਵਾਨਾਂ ਨੇ ਹੱਥਾਂ ਵਿੱਚ ਲਾਂਘਾ ਖੋਲਣ ਦੇ ਹੱਕ ਵਿੱਚ ਬੈਨਰ ਅਤੇ ਤਖਤੀਆਂ ਫੜੀਆਂ ਹੋਈ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: