ਸਿੱਖ ਖਬਰਾਂ

ਕੀ ਪੰਥਕ ਪਰੰਪਰਾ ਤੇ ਅਦਬ ਨੂੰ ਪ੍ਰਮੁੱਖਤਾ ਦੇਣ ਦੀ ਗੱਲ ਕਰਨਾ ਸਿੱਖਾਂ ਵਿਚ ਨੁਕਸ ਕੱਢਣਾ ਹੈ?

By ਸਿੱਖ ਸਿਆਸਤ ਬਿਊਰੋ

May 05, 2023

੧. ਸਾਨੂੰ ਆਪਣੀ ਸੋਚ ਵਿਚ ਅਦਬ ਨੂੰ ਮੂਲ ਥਾਂ ਦੇਣੀ ਚਾਹੀਦੀ ਹੈ । ਅਦਬ ਦੀ ਪਰੰਪਰਾ ਵਿਚ ਢਿੱਲ ਹੀ ਬੇਅਦਬੀ ਲਈ ਥਾਂ ਬਣਦੀ ਹੈ। ਇਹ ਢਿੱਲ ਦੀ ਸ਼ਨਾਖਤ ਕਰਕੇ ਦੂਰ ਕਰੀਏ।” ਕੁਝ ਸੱਜਣਾਂ ਨੂੰ ਲੱਗਿਆ ਕਿ ਇਹ ਸਿੱਖਾਂ ਵਿਚ ਨੁਕਸ ਕੱਢਣ ਵਾਲੀ ਗੱਲ ਹੈ। ਇਸ ਬਾਰੇ ਮੇਰੀ ਰਾਇ ਤੇ ਭਾਵਨਾ ਹੇਠਾਂ ਦਰਜ਼ ਨੁਕਤਿਆਂ ਤੋਂ ਪਤਾ ਲੱਗ ਜਾਣੀ ਚਾਹੀਦੀ ਹੈ।

੨. ਸਿੱਖਾਂ ਦੇ ਕੁਝ ਹਿੱਸੇ ਸਦਾ ਬੇਅਦਬੀ ਤੋਂ ਬਾਅਦ ਦੋਸ਼ੀ ਨੂੰ ਸਜਾ ਨੂੰ ਹੀ ਇਕੋ ਇਕ ਹੱਲ ਵਜੋਂ ਪੇਸ਼ ਕਰਦੇ ਹਨ। ਸਜਾ ਦੇਣੀ ਬੇਅਦਬੀ ਤੋਂ ਬਾਅਦ ਦਾ ਲਾਜਮੀ ਅਮਲ ਹੈ ਪਰ ਇਸ ਬਾਰੇ ਗੱਲ ਕਰਦਿਆਂ ਸਾਡੇ ਕੁਝ ਹਿੱਸੇ (ਖਾਸ ਕਰਕੇ ਫੇਸਬੁੱਕ ਰਾਹੀਂ ਸੰਸਾਰ ਵੇਖਣ ਵਾਲੇ) ਇਕ-ਦੋ ਵਾਰ ਤੱਥਾਂ ਤੋਂ ਇੰਨੇ ਬਾਹਰ ਚਲੇ ਗਏ ਕਿ ਉਸ ਬਣੇ ਮਹੌਲ ਵਿਚ ਅਜਿਹੀ ਘਟਨਾ ਦੇ ਸ਼ੱਕ ਵਿਚ ਨਿਰਦੋਸ਼ ਬੰਦੇ ਦਾ ਨੁਕਸਾਨ ਹੋਇਆ ਜੋ ਘਟਨਾ ਅਸਲ ਵਿਚ ਵਾਪਰੀ ਹੀ ਨਹੀਂ ਸੀ। ਕਪੂਰਥਲਾ ਘਟਨਾਕ੍ਰਮ ਇਸ ਦੀ ਸਭ ਤੋਂ ਪਰਤੱਖ ਮਿਸਾਲ ਹੈ।

੩. ਬੇਅਦਬੀ ਜਿਹਾ ਕੁਕਰਮ ਕਰਨ ਵਾਲੇ ਗੁਰੂ ਦੋਖੀ ਬਾਰੇ ਸਾਡੀ ਪਰੰਪਰਾ ਦਾ ਫੈਸਲਾ ਬਿਲਕੁਲ ਸਪਸ਼ਟ ਹੈ ਤੇ ਗੁਰੂ ਓਟ ਸਕਦਾ ਦੋਖੀਆਂ ਨਾਲ ਗੁਰੂ ਕੇ ਲਾਲਾਂ ਸੋਧੇ ਵਾਲਾ ਇਨਸਾਫ ਕੀਤਾ ਵੀ ਹੈ। ਜੇਕਰ ਫਿਰ ਵੀ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਤਾਂ ਸਾਫ ਹੈ ਕਿ ਆਖਰੀ ਸਜਾ ਦੇ ਭੈਅ ਦੇ ਬਾਵਜੂਦ ਵੀ ਇਹ ਘੋਰ ਪਾਪ ਨਹੀਂ ਰੁਕ ਰਿਹਾ।

੪. ਬੇਅਦਬੀ ਮਾਮਲਿਆਂ ਬਾਰੇ ਮੈਂ ਜਸਟਿਸ ਰਣਜੀਤ ਸਿੰਘ ਦਾ ਲੇਖਾ ਵੀ ਘੋਖਿਆ ਹੈ ਤੇ ਘੋਰ ਬੇਅਦਬੀ ਦੀਆਂ ਘਟਨਾਵਾਂ (ਬੁਰਜ ਜਵਾਹਰ ਸਿੰਘ ਵਾਲਾ, ਬਰਗਾੜੀ, ਮੱਲਕੇ , ਗੁਰੁਸਰ ਜਲਾਲ) ਦੀ ਤਫਤੀਸ਼ ਕਰਨ ਵਾਲੇ ਅਫਸਰਾਨ ਤੇ ਹੋਰਾਂ ਨਾਲ ਵੀ, ਜਿੱਥੇ ਸੰਭਵ ਹੋ ਸਕਿਆ, ਗੱਲ ਕੀਤੀ ਹੈ।

. ਬੇਅਦਬੀ ਦੀਆਂ ਬਹੁਤੀਆਂ ਘਟਨਾਵਾਂ ਓਥੇ ਵਾਪਰੀਆਂ ਜਿੱਥੇ ਗੁਰੂ ਅਦਬ ਲਈ ਪੰਥਕ ਰਿਵਾਇਤ ਅਨੁਸਾਰ ਲੋੜੀਂਦਾ ਪਹਿਰਾ ਨਹੀਂ ਸੀ ਜਾਂ ਉਸ ਵਿਚ ਢਿਲਾਈ ਸੀ। ਘੋਰ ਬੇਅਦਬੀ ਵਾਲੇ ਉਕਤ ਚਾਰੇ ਕਾਂਡਾਂ ਦੀ ਇਕ ਅੰਦਰੂਨੀ ਜੜ੍ਹ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿਚ ਪੰਥਕ ਰਿਵਾਇਤ ਦਾ ਪਹਿਰਾ ਨਾ ਹੋਣਾ ਸੀ। (ਦੂਜੀ ਜੜ੍ਹ ਦੋਖੀ ਧਿਰ ਵੱਲ ਸੀ ਤੇ ਬਹੁਤੇ ਦੋਖੀ ਗੁਰੂ ਕਿਰਪਾ ਨਾਲ ਗੁਰੂ ਕੇ ਲਾਲਾਂ ਚੁਣ ਦਿੱਤੇ ਹਨ)।

੬. ਤਖਤ ਕੇਸਗੜ੍ਹ ਸਾਹਿਬ ਤੇ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਬੇਅਦਬੀ ਦੀ ਕੋਸ਼ਿਸ਼ ਹੋਈ ਪਰ ਪਹਿਰੇਦਾਰੀ ਕਾਰਨ ਦੋਖੀ ਕਾਬੂ ਕਰ ਲਿਆ। ਪਰ ਮੋਰਿੰਡੇ ਵਾਲੀ ਘਟਨਾ ਵਿਚ ਪਹਿਰੇ ਦੀ ਢਿਲਾਈ ਉਦੋਂ ਹੀ ਨਜ਼ਰ ਆ ਜਾਂਦੀ ਹੈ ਜਦੋਂ ਦੋਖੀ ਸਣੇ ਬੂਟ ਪਰਕਾਸ਼ ਅਸਥਾਨ ਤੱਕ ਬੇਰੋਕ ਪਹੁੰਚ ਗਿਆ ਭਾਵੇਂ ਕਿ ਉਥੇ ਸ਼ਰਧਾਲੂਆਂ ਦੀ ਹਾਜ਼ਰੀ ਜਰੂਰ ਸੀ।

੭. ਕੀ ਪੰਥਕ ਰਿਵਾਇਤ ਦੀ ਪਾਲਣਾ ਨਾ ਹੋਣ ਵਾਲੀ ਢਿਲਾਈ ਦੀ ਗੱਲ ਕਰਨੀ ਅਤੇ ਇਹ ਹੋਕਾ ਦੇਣਾ ਕਿ ਪਹਿਰੇ ਦੀ ਪੰਥਕ ਰਿਵਾਇਤ ਦੀ ਪਾਲਣਾ ਹੋਵੇ “ਸਿੱਖਾਂ ਵਿਚ ਨੁਕਸ ਕੱਢਣਾ ਹੈ”?

. ਭਾਈ ਕਾਹਨ ਸਿੰਘ ਨਾਭਾ ਨੇ ਗੁਰਦੁਆਰਾ ਸਾਹਿਬ ਦੇ ਜੋ ਛੇ ਤੱਤ ਗਿਣਾਏ ਹਨ ਉਹਨਾ ਵਿਚੋਂ ਇਕ ਇਹ ਹੈ ਕਿ ਸਿੱਖਾਂ ਦਾ ਗੁਰਦੁਆਰਾ ਲੋਹ ਮਈ ਦੁਰਗ ਭਾਵ “ਕਿਲ੍ਹਾ” ਹੈ। ਪਿੰਡ ਬਿਸ਼ਨਪੁਰ ਵਿਚ ਅੱਠ ਸਾਲ ਦਾ ਜਵਾਕ ਗੁਰਦੁਆਰੇ ਆ ਕੇ ਬੇਅਦਬੀ ਕਰ ਗਿਆ। ਕੀ ਸੋਚਣਾ ਨਹੀਂ ਬਣਦਾ ਕਿ ਸਾਡੇ ਕਿਲ੍ਹੇ ਵਿਚ ਇਕ ਬੱਚਾ ਇਹ ਕਾਰਾ ਕਰ ਆਖਿਰ ਕਿਵੇਂ ਗਿਆ? ਜੇ ਕਮੀ ਦੀ ਗੱਲ ਹੀ ਨਹੀਂ ਕਰਨੀ ਤਾਂ ਦੂਰ ਕਿਵੇਂ ਕਰਾਂਗੇ?

੯. ਗੱਲ ਬਿਸ਼ਨਪੁਰ ਜਾਂ ਮੋਰਿੰਡੇ ਦੀ ਨਹੀਂ, ਬਹੁਤੇ ਗੁਰਦੁਆਰਾ ਸਾਹਿਬਾਨ ਵਿਚ ਹਾਲਾਤ ਅਜਿਹੇ ਹੀ ਹਨ ਜਿਹੋ ਜਿਹੇ ਹਾਲਾਤਾਂ ਕਰਕੇ ਇਹਨਾ ਸਥਾਨਾਂ ਸਮੇਤ ਹੋਰ ਜਗ੍ਹਾਵਾਂ ਉੱਤੇ ਬੇਅਦਬੀ ਹੋਈ ਹੈ।

੧੦. ਅਦਬ ਮੂਲ ਤਾਂ ਹੀ ਹੋਵੇਗਾ ਜੇਕਰ ਅਸੀਂ ਪੰਥਕ ਰਿਵਾਇਤ ਅਨੁਸਾਰ ਅਦਬੀ ਪਹਿਰੇ ਕਾਇਮ ਕਰਾਂਗੇ। ਜਿੱਥੇ ਢਿੱਲ ਮੱਠ ਹੈ ਉਸ ਨੂੰ ਦੂਰ ਤਾਂ ਹੀ ਕਰਾਂਗੇ ਜੇਕਰ ਪਹਿਲਾਂ ਮੰਨਾਂਗੇ। ਸੁਚੇਤ ਹੋਣਾ ਡਰਨਾ ਨਹੀਂ ਹੁੰਦਾ। ਉਵੇਂ ਹੀ ਇਹ ਕੋਈ ਸਿੱਖਾਂ ਵਿਚ ਦੂਰਬੀਨਾਂ ਲਗਾ ਕੇ ਕਮੀਆਂ ਲੱਭਣਾ ਨਹੀਂ ਹੈ ਬਲਕਿ ਸੁਚੇਤ ਹੋਣ ਲਈ ਹੋਕਾ ਦੇਣਾ ਹੈ।

੧੧. ਜੇ ਗੁਰੂ ਸਾਹਿਬ ਦੇ ਅਦਬ ਲਈ ਅਦਬੀ ਪੰਥਕ ਰਿਵਾਇਤ ਦਾ ਹੋਕਾ ਦੇਣ ਨੂੰ ਫੇਸਬੁੱਕੀ ਸੰਸਾਰ “ਬੀਮਾਰੀ” ਮੰਨਦਾ ਹੈ ਤਾਂ ਮੈਂ ਕਹਾਂਗਾਂ ਕਿ ਮੈਂ ਇਸ ਬੀਮਾਰੀ ਤੋਂ ਪੀੜਤ ਹਾਂ ਤੇ ਮੈਨੂੰ ਲੱਗਦਾ ਹੈ ਹਰ ਸਿੱਖ ਇਸ ਤੋਂ ਪੀੜਤ ਹੋਣਾ ਚਾਹੀਦਾ ਹੈ ਕਿਉਂਕਿ ਸਿੱਖ ਲਈ ਗੁਰੂ ਦਾ ਅਦਬ ਮੂਲ ਹੈ ਤੇ ਇਸ ਵਿਚ ਪੈ ਰਹੇ ਖਲਲ ਦੇ ਅੰਦਰੂਨੀ ਕਾਰਨਾਂ ਸ਼ਨਾਖਤ ਤੇ ਉਹਨਾ ਨੂੰ ਦੂਰ ਕਰਨ ਦੀ ਗੱਲ ਵੀ ਹੋਣੀ ਚਾਹੀਦੀ ਹੈ।

੧੨. ਅਦਬ ਵਿਚ ਖਲਲ ਪਏ ਤੇ ਦੋਸ਼ੀ ਨੂੰ ਸਜਾ ਸਿੱਖਾਂ ਨੇ ਕਿਸੇ ਦੀ ਫੇਸਬੁੱਕ ਉੱਤੇ ਦਿੱਤੀ ਕਿਸੇ ਦੀ ਹੱਲਾਸ਼ੇਰੀ ਕਰਕੇ ਨਹੀਂ ਦੇਣੀ ਬਲਕਿ ਇਹ ਕਾਰਜ ਗੁਰੂ ਮਿਹਰ ਸਦਕਾ ਹੀ ਹੋ ਸਕਦਾ ਹੈ। ਗੁਰੂ ਨੇ ਕਿਸ ਨੂੰ ਮਿਹਰ ਦਾ ਪਾਤਰ ਬਣਾਉਣਾ ਹੈ ਇਹ ਗੱਲ ਗੁਰੂ ਪਾਤਿਸ਼ਾਹ ਹੀ ਜਾਣਦਾ ਹੈ।

੧੩. ਬਿਨਾ ਅੰਦਰੂਨੀ ਹਾਲਾਤ ਬਦਲੇ ਤੇ ਪੰਥਕ ਰਿਵਾਇਤ ਦੇ ਪਹਿਰੇ ਵਿਚ ਢਿਲਾਈ ਨੂੰ ਦੂਰ ਕੀਤਿਆਂ ਅਸੀਂ ਭਵਿੱਖ ਦਾ ਬਾਨ੍ਹਣੂ ਨਹੀਂ ਬੰਨ੍ਹ ਸਕਦੇ। ਬੇਅਦਬੀ ਦੀਆਂ ਘਟਨਾਵਾਂ ਪਿੱਛੇ ਕਈ ਭਾਂਤੀ ਕਾਰਨ ਹਨ। ਬੇਸ਼ੱਕ ਹਕੂਮਤਾਂ ਜਾਂ ਏਜੰਸੀਆਂ ਦੀਆਂ ਕਾਰਸਤਾਨੀਆਂ ਵੀ ਇਕ ਵੱਡਾ ਕਾਰਨ ਹੈ ਭਾਵੇਂ ਕਿ ਕਈ ਘਟਨਾਵਾਂ ਪਿੱਛੇ ਬਿਲਕੁਲ ਸਥਾਨਕ ਕਾਰਨ ਵੀ ਸਨ। ਅਸੀਂ ਢਿਲਾਈ ਦੂਰ ਕਰਕੇ ਹੀ ਹਕੂਮਤਾਂ ਜਾਂ ਏਜੰਸੀਆਂ ਦੀਆਂ ਕਾਰਸਤਾਨੀਆਂ ਦਾ ਟਾਕਰਾ ਕਰਨ ਦੇ ਸਮਰੱਥ ਹੋ ਸਕਾਂਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: