ਭਾਈ ਧਿਆਨ ਸਿੰਘ ਮੰਡ (ਖੱਬੇ) ਨਾਲ ਪ੍ਰੋ. ਬਲਵਿੰਦਰਪਾਲ ਸਿੰਘ (ਸੱਜੇ)

ਮੁਲਾਕਾਤਾਂ

ਮੋਰਚਾ ਸਫ਼ਲ ਕਰਾਂਗੇ, ਪੰਥ ਦੀ ਜਿੱਤ ਹੋਵੇਗੀ [ਭਾਈ ਧਿਆਨ ਸਿੰਘ ਮੰਡ ਨਾਲ ਖਾਸ ਮੁਲਾਕਾਤ]

By ਸਿੱਖ ਸਿਆਸਤ ਬਿਊਰੋ

October 25, 2018

ਬਰਗਾੜੀ ਵਿਖੇ ਇਨਸਾਫ ਮੋਰਚਾ ਚਲਾ ਰਹੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨਾਲ ਪ੍ਰੋ. ਬਲਵਿੰਦਰਪਾਲ ਸਿੰਘ ਵੱਲੋਂ ਕੀਤੀ ਗਈ ਖਾਸ ਗੱਲਬਾਤ ਕੌਮਾਂਤਰੀ ਅੰਮ੍ਰਿਤਸਰ ਟਾਈਮਜ਼ ਦੇ 24 ਤੋਂ 30 ਅਕਤੂਬਰ ਦੇ ਅੰਕ ਵਿੱਚ ਛਪੀ ਹੈ। ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਹਿੱਤ ਇਹ ਗੱਲਬਾਤ ਹੇਠਾਂ ਮੁੜ ਛਾਪੀ ਜਾ ਰਹੀ ਹੈ। ਅਸੀਂ ਅਦਾਰਾ ਕੌਮਾਂਤਰੀ ਅੰਮ੍ਰਿਤਸਰ ਟਾਈਮਜ਼ ਦੇ ਧੰਨਵਾਦੀ ਹਾਂ – ਸੰਪਾਦਕ।

ਸੁਆਲਸਿੱਖ ਏਨੇ ਕਮਜ਼ੋਰ ਕਿਉਂ ਪੈ ਗਏ ਹਨ, ਇਸ ਦੇ ਪਿੱਛੇ ਕੀ ਕਾਰਨ ਹੈ?

ਜਵਾਬ – ਗੁਰੂ ਗਰੰਥ ਸਾਹਿਬ ਜੀ ਦੇ ਸਿਧਾਂਤ ਨਾਲੋਂ ਟੁੱਟਣਾ ਤੇ ਆਧੁਨਿਕ ਜੀਵਨ ਨੂੰ ਅਪਨਾਉਣਾ ਸਾਡੀ ਕਮਜ਼ੋਰੀ ਦਾ ਕਾਰਨ ਹੈ। ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਅਸੀਂ ਕਰ ਰਹੇ ਹਾਂ, ਜਦੋਂ ਅਸੀਂ ਪਹਿਲਾਂ ਸ੍ਰੀ ਅਖੰਡ ਪਾਠ ਕਰਵਾਉਂਦੇ ਹਾਂ, ਫਿਰ ਸਿੱਖ ਹੋ ਕੇ ਸ਼ਰਾਬਾਂ ਪੀਂਦੇ ਹਾਂ, ਮਾੜੇ ਗੀਤ ਸੁਣਦੇ ਹਾਂ, ਬੱਕਰੇ ਬੁਲਾਉਂਦੇ ਹਾਂ ਤੇ ਸਿੱਖ ਸਿਧਾਂਤਾਂ ਨੂੰ ਮੰੰਨਣ ਦੀ ਥਾਂ ਮਨਮੁੱਖਤਾ ਵੱਲ ਝੁਕ ਜਾਂਦੇ ਹਾਂ। ਜੇਕਰ ਅਸੀਂ ਗੁਰੂ ਗਰੰਥ ਸਾਹਿਬ ਜੀ ਅਨੁਸਾਰ ਆਪਣਾ ਜੀਵਨ ਜੀਵੀਏ ਤਾਂ ਅਸੀਂ ਸੰਸਾਰ ਦੀ ਇਕ ਵੱਡੀ ਸ਼ਕਤੀ ਬਣ ਸਕਦੇ ਹਾਂ। ਸਾਡੀ ਸ਼ਕਤੀ ਗੁਰੂ ਗਰੰਥ ਸਾਹਿਬ ਜੀ ਹਨ, ਅਸੀਂ ਉਨ੍ਹਾਂ ਨੂੰ ਨਾ ਭੁੱਲੀਏ।

ਸੁਆਲ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਿਚ ਲੱਗਿਆ ਮੋਰਚਾ ਕੀ ਕਾਮਯਾਬੀ ਵੱਲ ਵਧੇਗਾ?

ਜਵਾਬ – ਕਿਉਂ ਨਹੀਂ, ਤੁਸੀਂ ਦੇਖੋ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੋਈ ਤਾਂ ਮੀਰੀ-ਪੀਰੀ ਸਿਧਾਂਤ ਤੇ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਹੋਈ। ਅਸੀਂ ਸਿਆਸੀ ਸ਼ਕਤੀ ਵੱਲ ਵਧੇ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ ਤਾਂ ਗੁਰੂ ਗੋਬਿੰਦ ਸਿੰਘ ਜੀ ਰਾਹੀਂ ਖਾਲਸਾ ਪ੍ਰਗਟ ਹੋਇਆ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿਚ ਖਾਲਸਾ ਰਾਜ ਮਿਿਲਆ। ਇਹ ਸਾਡੀਆਂ ਪ੍ਰਾਪਤੀਆਂ ਹਨ। ਚਿੰਤਾ ਨਾ ਕਰੋ ਜੇਕਰ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ ਤਾਂ ਬਦਲਾਅ ਗੁਰੂ ਦੀ ਕਿਰਪਾ ਸਦਕਾ ਵਾਪਰੇਗਾ। ਜਿਨ੍ਹਾਂ ਨੇ ਸਾਡੇ ਨਾਲ ਇਨਸਾਫ਼ ਨਹੀਂ ਕੀਤਾ, ਜਿਨ੍ਹਾਂ ਨੇ ਬੇਅਦਬੀ ਕੀਤੀ, ਉਹ ਸਭ ਸਿਆਸੀ ਪੱਖੋਂ ਤਹਿਸ ਨਹਿਸ ਹੋ ਜਾਣਗੇ। ਕੀ ਅੱਜ ਕੋਈ ਔਰੰਗਜ਼ੇਬ ਨੂੰ ਪ੍ਰਵਾਨ ਕਰਦਾ ਹੈ? ਗੁਰੂ ਤੇਗ ਬਹਾਦਰ ਜੀ ਨੂੰ ਹਰ ਕੋਈ ਯਾਦ ਕਰਦਾ ਹੈ। ਇਸ ਲਈ ਖਾਲਸਾ ਪੰਥ ਨੂੰ ਗੁਰੂ ‘ਤੇ ਯਕੀਨ ਕਰਨਾ ਚਾਹੀਦਾ ਹੈ। ਗੁਰੂ ਤੇ ਯਕੀਨ ਹੀ ਸਾਡਾ ਹੌਸਲਾ ਬੁਲੰਦ ਕਰੇਗਾ। ਮੈਂ ਪਹਿਲਾਂ ਹੀ ਆਪਣੇ ਘਰ ਵਿਚ ਕਹਿ ਆਇਆ ਹਾਂ ਕਿ ਮੈਂ ਹੁਣ ਓਨਾ ਚਿਰ ਵਾਪਸ ਨਹੀਂ ਮੁੜਨਾ ਜਿੰਨਾ ਚਿਰ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਬਾਰੇ ਇਨਸਾਫ਼ ਮੋਰਚੇ ਨੂੰ ਸਫਲ ਨਹੀਂ ਕਰ ਲੈਂਦਾ ਤੇ ਮੁਜਰਮਾਂ ਨੂੰ ਸਜ਼ਾਵਾਂ ਨਹੀਂ ਦਿਵਾ ਦਿੰਦਾ। ਜਿਹੜਾ ਬਰਗਾੜੀ ਮੋਰਚੇ ਦਾ ਵਿਰੋਧ ਕਰੇਗਾ, ਉਹ ਪੰਥ ਦਾ ਹਿੱਸਾ ਨਹੀਂ ਰਹੇਗਾ। ਵੱਡੇ-ਵੱਡੇ ਕਿਲ੍ਹੇ ਢਹਿ ਜਾਣਗੇ, ਇਹ ਤੁਸੇਂ ਆਪ ਦੇਖੋਗੇ। ਦਿੱਲੀ ਤੇ ਪੰਜਾਬ ਸਰਕਾਰ ਨੂੰ ਸਿੱਖਾਂ ਨਾਲ ਇਨਸਾਫ ਕਰਨਾ ਪਵੇਗਾ।

ਸੁਆਲ ਕੀ ਬਰਗਾੜੀ ਮੋਰਚੇ ਵਿਚ ਹਿੰਦੂ, ਮੁਸਲਮਾਨ ਤੇ ਦਲਿਤ ਆ ਰਹੇ ਹਨ?

ਜਵਾਬ – ਬਿਲਕੁਲ ਆ ਰਹੇ ਹਨ। ਅਖਬਾਰਾਂ ਦੀਆਂ ਖਬਰਾਂ ਝੂਠੀਆਂ ਹਨ। ਬਾਦਲ ਵਰਗੇ ਸਿਆਸਤਦਾਨ ਝੂਠ ਬੋਲ ਰਹੇ ਹਨ ਕਿ ਬਰਗਾੜੀ ਮੋਰਚਾ ਆਈਐਸਆਈ ਨੇ ਲਗਾਇਆ ਹੈ ਤੇ ਆਈਐਸਆਈ ਪੈਸਾ ਭੇਜ ਰਹੀ ਹੈ ਤਾਂ ਜੋ ਪੰਜਾਬ ਦਾ ਅਮਨ ਤਬਾਹ ਕੀਤਾ ਜਾ ਸਕੇ। ਅਸੀਂ ਮੀਡੀਏ ਰਾਹੀਂ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਜੇ ਗੁਰੂ ਦੀ ਸੰਗਤ ਆਈਐਸਆਈ ਹੈ ਤੇ ਇਹ ਦੁੱਧ ਧੋਤੇ ਹਨ ਤਾਂ ਇਨ੍ਹਾਂ ਨੂੰ ਔਰੰਗਜ਼ੇਬ ਦਾ ਹਸ਼ਰ ਯਾਦ ਰੱਖ ਲੈਣਾ ਚਾਹੀਦਾ ਹੈ। ਕਦੇ ਵੀ ਸੱਤਾ ਦੇ ਨਸ਼ੇ ਵਿਚ ਸਹੀ ਫੈਸਲੇ ਨਹੇਂ ਲਏ ਜਾ ਸਕਦੇ। ਇਨ੍ਹਾਂ ਲੋਕਾਂ ਨੂੰ ਸੱਤਾ ਦਾ ਹੰਕਾਰ ਛੱਡਣਾ ਪਵੇਗਾ। ਮੀਰੀ-ਪੀਰੀ ਦੀ ਸਿਆਸਤ ਨੂੰ ਸਮਝਣਾ ਪਵੇਗਾ, ਜਿਸ ਅਨੁਸਾਰ ਸਿਆਸਤ ਉੱਪਰ ਧਰਮ ਦਾ ਕੁੰਡਾ ਹੈ। ਸਿਆਸਤ ਧਰਮ ਅਧੀਨ ਚੱਲੇਗੀ, ਧਰਮ ਦੇ ਨਿਯਮ ਗੁਰੂ ਸਾਹਿਬ ਵਲੋਂ ਤੈਅ ਕੇਤੇ ਹੋਏ ਹਨ। ਹਿੰਦੂ ਮੁਸਲਮਾਨਾਂ ਤੇ ਦਲਿਤਾਂ ਨੂੰ ਇਸ ਮੋਰਚੇ ਤੋਂ ਡਰ ਨਹੀਂ ਲੱਗ ਰਿਹਾ, ਪਰ ਇਹ ਅਗਿਆਨੀ ਸਿਆਸਤਦਾਨ ਕੂੜ ਪ੍ਰਚਾਰ ਕਰ ਰਹੇ ਹਨ। ਇਨ੍ਹਾਂ ਦੇ ਕੋਈ ਅਰਥ ਨਹੀਂ, ਜਿਉਂ-ਜਿਉਂ ਸਾਡੇ ਵਿਰੁੱਧ ਪ੍ਰਚਾਰ ਕਰਨਗੇ, ਬਰਗਾੜੀ ਮੋਰਚਾ ਮਜ਼ਬੂਤ ਹੋਵੇਗਾ। ਗਰੀਬ ਤੇ ਕਿਰਤੀ ਇਸ ਮੋਰਚੇ ਦੀ ਤਾਕਤ ਹਨ ਤੇ ਖਾਲਸਾ ਪੰਥ ਗਰੀਬਾਂ ਤੇ ਕਿਰਤੀਆਂ ਨਾਲ ਖਲੋਤਾ ਹੈ। ਅਸੀਂ ਇਨ੍ਹਾਂ ਉੱਪਰ ਕਿਸੇ ਤਰ੍ਹਾਂ ਦਾ ਜ਼ੁਲਮ ਨਹੀਂ ਹੋਣ ਦਿਆਂਗੇ। ਅਸੀਂ ਇਨ੍ਹਾਂ ਲਈ ਲੜਾਂਗੇ।

ਸੁਆਲ ਪੰਜਾਬ ਦੇ ਨਾਲ ਸਰਕਾਰੀ ਧੱਕੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ?

ਜਵਾਬ – ਸਿੱਖ ਪੰਥ ਨੇ ਭਾਰਤ ਦੀ ਆਜ਼ਾਦੀ ਲਈ 85% ਕੁਰਬਾਨੀਆਂ ਕੀਤੀਆਂ, ਪਰ ਕੇਂਦਰ ਸਰਕਾਰ ਨੇ ਸਾਡੇ ਨਾਲ ਵਿਤਕਰਾ ਕੀਤਾ, ਸਾਡੇ ਦਰਬਾਰ ਸਾਹਿਬ ਉੱਪਰ ਫੌਜੀ ਹਮਲਾ ਕੀਤਾ, ਦਿੱਲੀ ਸਿੱਖ ਕਤਲੇਆਮ ਕਰਵਾਇਆ, ਪੰਜਾਬ ਵਿਚ ਝੂਠੇ ਪੁਲੀਸ ਮੁਕਾਬਲੇ ਕਰਵਾਏ, ਸਾਡੀਆਂ ਪੰਜਾਬ ਦੀਆਂ ਜਾਇਜ਼ ਮੰਗਾਂ ਵੀ ਨਹੀਂ ਮੰਨੀਆਂ। ਸਾਡੀ ਖੇਤੀ, ਸਨਅਤ ਸਭ ਤਬਾਹ ਕਰ ਦਿੱਤਾ। ਅਸੀਂ ਇਨਸਾਫ਼ ਲਈ ਲੜਾਂਗੇ। ਗੁਰੂ ‘ਤੇ ਸਾਨੂੰ ਭਰੋਸਾ ਹੈ, ਅਸੀਂ ਜਿੱਤਾਂਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: