ਖਾਸ ਖਬਰਾਂ

ਕੌਣ ਬਣਿਆ ਪੰਜਾਬ ‘ਚ ਕਰੋਨਾ ਦਾ ਕੌਰੀਅਰ? ਸਰਕਾਰੀ ਬੱਸਾਂ ਵਿਚ ਸ਼ਰਧਾਲੂ ਹੀ ਨਹੀਂ ਦੂਜੇ ਰਾਜਾਂ ’ਚ ਕੰਮ ਕਰਦੇ ਕਾਰੀਗਰ ਵੀ ਪਰਤੇ ਪੰਜਾਬ

By ਸਿੱਖ ਸਿਆਸਤ ਬਿਊਰੋ

May 03, 2020

ਪੰਜਾਬ ਵਿੱਚ ਅਚਨਚੇਤ ਹੀ ਕਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਵਿੱਚ ਬੇਹਿਸਾਬ ਵਾਧਾ ਕਿਵੇਂ ਹੋ ਗਿਆ? ਤਖਤ ਸ੍ਰੀ ਅਬਚਲ ਨਗਰ ਹਜੂਰ ਸਾਹਿਬ ਦੇ ਦਰਸ਼ਨਾਂ ਕਾਰਣ ਉਥੇ ਫਸ ਗਈਆਂ ਸੰਗਤਾਂ ਦੀ ਪੰਜਾਬ ਵਾਪਸੀ ਨੂੰ ਵੇਖਦਿਆਂ ਹਰ ਧਿਰ (ਉਹ ਸਰਕਾਰੀ ਹੋਵੇ ਜਾਂ ਮੀਡੀਆ) ਇਸਦਾ ਠੀਕਰਾ ਸਿੱਖ ਯਾਤਰੂਆਂ ਸਿਰ ਭੰਨਣਾ ਸ਼ੁਰੂ ਕਰ ਦਿੱਤਾ।

ਗੁ: ਲੰਗਰ ਸਾਹਿਬ ਨੰਦੇੜ ਦੇ ਮੁਖ ਸੇਵਾਦਾਰ ਬਾਬਾ ਬਲਵਿੰਦਰ ਸਿੰਘ, ਬਾਬਾ ਨਰਿੰਦਰ ਸਿੰਘ ਬਾਰ ਬਾਰ ਕਹਿ ਰਹੇ ਸਨ ਕਿ ਨੰਦੇੜ ਵਿਖੇ ਰੁਕੀ ਸੰਗਤ ਦੀ ਸਕਰੀਨਿੰਗ ਕਰਵਾਈ ਗਈ ਸੀ। ਇਸਦੇ ਬਾਵਜੂਦ ਪੰਜਾਬ ਦੇ ਵੱਖ ਵੱਖ ਸ਼ਹਿਰਾਂ, ਪਿੰਡਾਂ ਤੇ ਕਸਬਿਆਂ ਵਿੱਚ ਕਰੋਨਾ ਵਾਇਰਸ ਤੋਂ ਪੀੜਤਾਂ ਦੀ ਗਿਣਤੀ ਰੁਕਣ ਦਾ ਨਾਮ ਨਹੀ ਲੈ ਰਹੀ। ਮਾਮਲੇ ਦੀ ਗੰਭੀਰਤਾ ਨੂੰ ਲੈਕੇ ਜਦੋਂ ਮਹਾਂਰਾਸ਼ਟਰ ਸਰਕਾਰ ਨੇ ਗੁਰਦੁਆਰਾ ਲੰਗਰ ਸਾਹਿਬ ਹੀ ਸੀਲ ਕਰਨ ਦਿੱਤਾ ਤਾਂ ਕੁਝ ਸੰਜੀਦਾ ਧਿਰਾਂ ਨੇ ਨੰਦੇੜ ਤੋਂ ਵੱਖ ਵੱਖ ਬੱਸਾਂ ਰਾਹੀਂ ਪੰਜਾਬ ਲਿਆਂਦੇ ਗਏ ਯਾਤਰੂਆਂ ਦਾ ਵਰਗੀਕਰਣ ਕਰਨਾ ਸ਼ੁਰੂ ਕਰ ਦਿੱਤਾ। ਐਸਾ ਕਰਦਿਆਂ ਹੀ ਜੋ ਗੱਲ ਉਭਰ ਕੇ ਸਾਹਮਣੇ ਆਈ ਉਹ ਇਹੀ ਹੈ ਕਿ ਨੰਦੇੜ ਤੋਂ ਲਿਆਂਦੇ ਗਏ ਸਾਰੇ ਹੀ ਲੋਕ ਸ਼ਰਧਾਲੂ ਨਹੀ ਬਲਕਿ ਉਨ੍ਹਾਂ ਉਹ ਲੋਕ ਸਨ ਜੋ ਪੰਜਾਬ ਦੇ ਵੱਖ ਵੱਖ ਜਿਲਿ੍ਹਆਂ ਚੋਂ ਮਹਾਂਰਾਸ਼ਰਟਰ, ਗੁਜਰਾਤ, ਕਰਨਾਟਕ, ਤਾਮਿਲ ਨਾਡੂ, ਉੜੀਸਾ ਤੇ ਕੇਰਲਾ ਸੁਬਿਆਂ ਵਿੱਚ ਵੱਖ-ਵੱਖ ਕਪਾਹ ਉਤਾਪਦਨ ਨਾਲ ਜੁੜੀਆਂ ਫੈਕਟਰੀਆਂ ਵਿੱਚ ਕੰਮ ਕਰਨ ਗਏ ਹੋਏ ਸਨ।

ਹੁਸ਼ਿਆਰਪੁਰ ਖੇਤਰ ਨਾਲ ਜੁੜੇ ਇੱਕ ਸੇਵਾ ਮੁਕਤ ਬਿ੍ਰਗੇਡੀਅਰ ਰਾਜ ਕੁਮਾਰ, ਜੋ ਕਿ ਬਲਾਚੌਰ ਦੇ ਹਲਕਾ ਇੰਚਾਰਜ ਵਾਂਗੂੰ ਵਿਚਰਦੇ ਹਨ, ਦੁਆਰਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੁੰ ਲਿਖੀ ਦੱਸੀ ਜਾਂਦੀ ਇੱਕ ਪਤਰਿਕਾ ਨੇ ਨੰਦੇੜ ਤੋਂ ਆਏ ਸ਼ਰਧਾਲੂਆਂ ਤੇ ਦੂਸਰੇ ਕੰਮਕਾਜੀ ਯਾਤਰੂਆਂ ਬਾਰੇ ਅੰਕੜੇ ਹੀ ਸਾਫ ਕਰ ਦਿੱਤੇ ਹਨ। ਬਿ੍ਰਗੇਡੀਅਰ ਸਾਹਿਬ ਦੁਆਰਾ ਬੀਬਾ ਹਰਸਿਮਰਤ ਬਾਦਲ ਨੂੰ ਲਿਖੀ 24 ਅਪ੍ਰੈਲ 2020 ਦੀ ਚਿੱਠੀ ਕਪਾਹ ਉਤਪਾਦਨ ਨਾਲ ਜੁੜੀਆਂ ਫੈਕਟਰੀਆਂ ਵਿੱਚ ਕੰਮ ਕਰਦੇ ਪੰਜਾਬੀਆਂ ਤੇ ਵਿਸ਼ੇਸ਼ ਕਰਕੇ ਲਾਕਡਾਉਨ ਕਾਰਣ ਉਥੇ ਫਸੇ ਲੋਕਾਂ ਦਾ ਦਰਦ ਬਿਆਨ ਰਹੀ ਹੈ।

‘ਦੀ ਐਕਸ ਸਰਵਿਸਮੈਨ ਵੈਲਫੇਅਰ ਸੁਸਾਇਟੀ (ਰਜਿਟਡ)’ ਦੇ ਲੈਟਰ ਪੈਡ ਤੇ ਲਿਖੀ ਪੱਤਰਿਕਾ ਇਹ ਵੀ ਜਾਹਰ ਕਰ ਦਿੰਦੀ ਹੈ ਕਿ ਸੇਵਾ ਮੁਕਤ ਬਿ੍ਰਗੇਡੀਅਰ ਸਾਹਿਬ ਅਕਾਲੀ ਦਲ ਦੀ ਟੀਮ ਦੇ ਹੀ ਮੈਂਬਰ ਹਨ। ਸ਼ਾਇਦ ਬਿ੍ਰਗੇਡੀਅਰ ਸਾਹਿਬ ਦੀ ਇਹ ਪੱਤਰਿਕਾ ਹੀ ਕਾਫੀ ਨਾ ਹੁੰਦੀ ਜੇਕਰ ਉਨ੍ਹਾਂ ਦੇ ਫੇਸਬੁੱਕ ਖਾਤੇ ਉਪਰ ਦਰਜ ਇਹ ਇਬਾਰਤ “ਜਿਹੜੇ ਸਾਡੇ ਸਾਥੀ ਬਲਾਚੌਰ ਤੋਂ ਮਹਾਂਰਾਸ਼ਟਰ ਯਾ ਉਥੇ ਨਾਲ ਦੇ ਸੂਬਿਆਂ ਵਿੱਚ ਕਾਟਨ ਵਗੈਰਾ ਦਾ ਕੰਮ ਕਰਕੇ ਫਸੇ ਹੋਏ ਨੇ ,ਉਨ੍ਹਾਂ ਨੂੰ ਮੈਂ ਦੁਬਾਰਾ ਅਪੀਲ ਕਰਦਾਂ ਕਿ ਗੁਰਦੁਆਰਾ ਹਜੂਰ ਸਾਹਿਬ ਨੰਦੇੜ ਪਹੁੰਚ ਜਾਣ। ਮੰਜੂਰੀ ਮਿਲ ਚੁੱਕੀ ਹੈ ।ਜਲਦੀ ਪੰਜਾਬ ਪਹੁੰਚਾਨ ਦੇ ਬੰਦੋਬਸਤ ਹੋ ਰਹੇ ਹਨ”। ਇੱਕ ਸੁਨੇਹਾ ਨਜਰ ਆ ਰਹੀ ਹੈ ਫਸੇ ਹੋਏ ਲੋਕਾਂ ਲਈ ਬਿ੍ਰਗੇਡੀਅਰ ਸਾਹਿਬ ਨੇ ਇਹ ਫੇਸਬੁੱਕ ਪੋਸਟ 22 ਅਪਰੈਲ ਰਾਤ 10:21 ਤੇ ਪਾਈ ਸੀ।

ਸ਼ਾਇਦ ਇਹੀ ਕਾਰਣ ਸੀ ਕਿ ਸੇਵਾ ਮੁਕਤ ਬਿ੍ਰਗੇਡੀਅਰ ਸਾਹਿਬ ਨੇ ਇੱਕ ਅਖਬਾਰੀ ਬਿਆਨ ਰਾਹੀਂ ਤਖਤ ਸ੍ਰੀ ਹਜੂਰ ਸਾਹਿਬ ਤੋਂ ਸੰਗਤਾਂ ਨੁੰ ਵਾਪਿਸ ਪੰਜਾਬ ਲਿਆਉਣ ਲਈ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦਾ ਧੰਨਵਾਦ ਵੀ ਕੀਤਾ ।27 ਅਪ੍ਰੈਲ ਦੀ ਇੱਕ ਅਖਬਾਰ ਵਿੱਚ ਛਪੀ ਇਹ ਖਬਰ ਵੀ ਮਹਾਰਾਸ਼ਟਰ, ਗੁਜਰਾਤ ਤੇ ਤੇਲੰਗਾਨਾ ਰਾਜ ਵਿੱਚ ਫਸੇ ਪੰਜਾਬੀਆਂ ਦੀ ਵਾਪਿਸੀ ਦਾ ਜਿਕਰ ਕਰਦੀ ਹੈ।

ਕਿਉਂਕਿ ਦੂਸਰੇ ਸੂਬਿਆਂ ਚੋਂ ਵਾਪਿਸ ਲਿਆਂਦੇ ਗਏ ਸਮੁੱਚੇ ਯਾਤਰੂਆਂ ਦੀ ਗੱਲ ਕਰਨ ਦੀ ਬਜਾਏ ਮੀਡੀਆ ਦਾ ਵੱਡਾ ਹਿੱਸਾ,ਪੰਜਾਬ ਵਿੱਚ ਕਰੋਨਾ ਦੇ ਫੈਲਾਅ ਨੂੰ ਬਾਰ ਬਾਰ ਤਖਤ ਹਜੂਰ ਸਾਹਿਬ ਤੋਂ ਆਏ ਸ਼ਰਧਾਲੂਆਂ ਨਾਲ ਹੀ ਜੋੜ ਰਿਹਾ ਸੀ। ਨੰਦੇੜ ਤੋਂ ਗੁ:ਪ੍ਰਬੰਧਕ ਅਤੇ ਸਰਕਾਰੀ ਦਸਤਾਵੇਜ ਵੀ ਸਾਫ ਕਰ ਰਹੇ ਸਨ ਕਿ ਨੰਦੇੜ ਵਿਚੱ ਤਾਂ ਕੋਈ ਕਰੋਨਾ ਪੀੜਤ ਹੈ ਹੀ ਨਹੀ ਸੀ। ਤਾਂ ਜਾਗਰੂਕ ਸੰਸਥਾਵਾਂ ਤੇ ਖੋਜੀ ਪੱਤਰਕਾਰ ਪੰਜਾਬ ਵਿੱਚ ਤੇਜੀ ਨਾਲ ਉਭਰੇ ਕਰੋਨਾ ਦੇ ਦੂਸਰੇ ਸਰੋਤ ਤਲਾਸ਼ਣ ਲਈ ਸੁਹਿਰਦ ਹੋਏ।

ਅਸੀਂ ਪਹਿਲਾਂ ਵੀ ਸਪਸ਼ਟ ਕਰ ਚੱੁਕੇ ਹਾਂ ਕਿ ਕਰੋਨਾ ਨੂੰ ਕਿਸੇ ਜਾਤ ਮਜਹਬ ਜਾਂ ਧਰਮ ਨਾਲ ਨਾ ਜੋੜਿਆ ਜਾਏ ਪ੍ਰ੍ਰੰਤੂ ਜਦੋਂ ਕੁਝ ਲੋਕ ਬਾਰ ਬਾਰ ਹਰ ਮਾੜੀ ਘਟਨਾ ਨੂੰ ਘੱਟ ਗਿਣਤੀਆਂ ਤੇ ਉਨ੍ਹਾਂ ਦੇ ਧਰਮ ਸਥਾਨਾਂ ਨਾਲ ਜੋੜਨ ਲਈ ਪੱਬਾਂ ਭਾਰ ਰਹਿੰਦੀ ਹੈ ।ਕਿਸੇ ਵੀ ਧਿਰ ਨੇ ਇਸ ਕਰਕੇ ਕਿਸੇ ਦੁਸਰੇ ਸੂਬੇ ਵਿੱਚ ਫਸੇ ਪੰਜਾਬੀ ਦੀ ਵਾਪਸੀ ਲਈ ਯਤਨ ਨਹੀ ਕੀਤੇ ਕਿ ਕਰੋਨਾ ਪੰਜਾਬ ਆ ਜਾਵੇ । ਉਨ੍ਹਾਂ ਤਾਂ ਭਲਾ ਹੀ ਸੋਚਿਆ ਹੋਵੇਗਾ। ਲੇਕਿਨ ਸਿਆਸੀ ਧਿਰਾਂ ਨੇ ਇਸ ਔਖੇ ਸਮੇਂ ਵੀ ਸਿਰਫ ਇੱਕ ਦੂਸਰੇ ਦਾ ਵਿਰੋਧ ਜਿਤਾਉਣ ਲਈ ਹੀ ਦੂਸ਼ਣਬਾਜੀ ਦਾ ਰਾਹ ਅਖਤਿਆਰ ਕੀਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: