ਚੰਡੀਗੜ੍ਹ: ਹਿੰਦੀ ਫਿਲਮਾਂ ਦੀ ਕਲਾਕਾਰ ਸੋਹਾ ਅਲੀ ਖਾਨ ਆਪਣੀ ਅਗਲੀ ਫਿਲਮ ’31 ਅਕਤੂਬਰ’ ‘ਚ ਤਿੰਨ ਬੱਚਿਆਂ ਦੀ ਮਾਂ ਅਤੇ ਇਕ ਕੰਮਕਾਜੀ ਔਰਤ ਦਾ ਰੋਲ ਨਿਭਾਅ ਰਹੀ ਹੈ।
ਇਸ ਫਿਲਮ ਨੂੰ ਲੈ ਕੇ ਬੀਬੀਸੀ ਨਾਲ ਰੂ-ਬ-ਰੂ ਹੋਈ ਸੋਹਾ ਮੁਤਾਬਕ, “31 ਅਕਤੂਬਰ 1984 ਇਕ ਛੋਟੇ ਪਰਿਵਾਰ ਦੀ ਸੱਚੀ ਕਹਾਣੀ ਹੈ। ਜੋ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਿੱਖ ਕਤਲੇਆਮ ਦਾ ਸ਼ਿਕਾਰ ਹੋ ਜਾਂਦਾ ਹੈ।”
ਇਸ ਕਤਲੇਆਮ ਬਾਰੇ ਆਪਣੇ ਨਿੱਜੀ ਤਜਰਬੇ ਦੇ ਬਾਰੇ ‘ਚ ਸੋਹਾ ਦਾ ਕਹਿਣਾ ਹੈ, “ਸਾਲ 1984 ‘ਚ ਮੈਂ ਬਹੁਤ ਛੋਟੀ ਸੀ, ਅਸੀਂ ਮੁੰਬਈ ਤੋਂ ਦਿੱਲੀ ਦੇ ਨੇੜੇ ਆਪਣੇ ਜੱਦੀ-ਪੁਸ਼ਤੀ ਘਰ ਰਹਿਣ ਆ ਗਏ ਸੀ। ਪਟੌਦੀ ‘ਚ ਕੁਲ 13 ਸਿੱਖ ਪਰਿਵਾਰ ਸੀ ਅਤੇ 31 ਅਕਤੂਬਰ ਦੀ ਉਸ ਕਾਲੀ ਰਾਤ ਨੂੰ ਉਨ੍ਹਾਂ 13 ਪਰਿਵਾਰਾਂ ਦੇ ਸਾਰੇ ਮਰਦ ਮੈਂਬਰਾਂ ਨੂੰ ਕਤਲ ਕਰ ਦਿੱਤਾ ਗਿਆ ਸੀ। ਪਟੌਦੀ ‘ਚ ਇਕ ਗੁਰਦੁਆਰਾ ਵੀ ਸੀ, ਉਸ ਰਾਤ ਗੁਰਦੁਆਰੇ ਨੂੰ ਵੀ ਅੱਗ ਲਾ ਦਿੱਤੀ ਗਈ ਸੀ।”
ਉਹ ਕਹਿੰਦੀ ਹੈ, “ਮੈਨੂੰ ਲਗਦਾ ਹੈ ਕਿ ਇਹ ਸਾਡੇ ਇਤਿਹਾਸ ਦਾ ਕਾਲਾ ਧੱਬਾ ਬਣ ਕੇ ਰਹਿ ਗਿਆ ਅਤੇ ਅੱਜ ਤਕ ਕਤਲੇਆਮ ਦੀ ਪੀੜਤਾਂ ਨੂੰ ਇਨਸਾਫ ਨਹੀਂ ਮਿਲ ਸਕਿਆ। ਪਤਾ ਨਹੀਂ ਕਤਲੇਆਮ ਨੂੰ ਲੋਕ ਦੰਗਾ ਕਿਉਂ ਕਹਿੰਦੇ ਹਨ। ਇਹ ਦੰਗਾ ਨਹੀਂ ਸੀ।”
ਸੋਹਾ ਅਲੀ ਖਾਨ ਦੀ ਇਸ ਫਿਲਮ ਨੂੰ ਸੈਂਸਰ ਬੋਰਡ ‘ਚੋਂ ਵੀ ਲੰਘਣਾ ਪਿਆ। ਸੋਹਾ ਮੁਤਾਬਕ ਸੈਂਸਰ ਬੋਰਡ ਨੇ ਫਿਲਮ ਨੂੰ ਪਾਸ ਕਰਨ ਲਈ ਕੁਲ 40 ਕੱਟ ਲਾਉਣ ਦੀ ਗੱਲ ਕੀਤੀ ਸੀ, ਪਰ ਬਾਅਦ ‘ਚ ਨੌ ਕੱਟਾਂ ਨਾਲ ਹੀ ਫਿਲਮ ਨੂੰ ਪਾਸ ਕਰ ਦਿੱਤਾ।
ਸੈਂਸਰ ਬੋਰਡ ਬਾਰੇ ਸੋਹਾ ਨੇ ਕਿਹਾ, “ਸੈਂਸਰ ਬੋਰਡ ਨੂੰ ਸਿਰਫ ਸਰਟੀਫਿਕੇਟ ਦੇਣ ਦਾ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਦਾ ਕੰਮ ਕਿਸੇ ਫਿਲਮ ਨੂੰ ਬੈਨ ਕਰਨਾ ਜਾਂ ਸੀਨ ਕੱਟਣਾ ਨਹੀਂ ਹੋਣਾ ਚਾਹੀਦਾ। ਇਹ ਕੰਮ ਦਰਸ਼ਕਾਂ ਦਾ ਹੈ, ਉਹ ਖੁਦ ਤੈਅ ਕਰਨ ਕਿ ਉਨ੍ਹਾਂ ਨੇ ਕੀ ਦੇਖਣਾ ਹੈ।”
(ਬੀਬੀਸੀ ਤੋਂ ਧੰਨਵਾਦ ਸਹਿਤ)
ਸੰਬੰਧਤ ਖਬਰ: ਕਰਨੈਲ ਸਿੰਘ ਪੀਰਮੁਹੰਮਦ ਵਲੋਂ “ਅਕਤੂਬਰ 31” ਫਿਲਮ ਦੇ ਵਿਰੋਧ ਦਾ ਐਲਾਨ …