ਪਿੰਕੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ (ਫਾਈਲ ਫੋਟੋ)

ਸਿੱਖ ਖਬਰਾਂ

ਝੂਠੇ ਪੁਲਿਸ ਮੁਕਾਬਲੇ: ਪਿਛਲੇ ਦਸ ਸਾਲ ਤੋਂ ਆਪਣੇ ਕੀਤੇ ‘ਤੇ ਪਛਤਾ ਰਿਹਾ ਹਾਂ -ਪਿੰਕੀ

By ਸਿੱਖ ਸਿਆਸਤ ਬਿਊਰੋ

December 27, 2015

ਚੰਡੀਗੜ੍ਹ (26 ਦਸੰਬਰ, 2015): ਖਾੜਕੂਵਾਦ ਦੌਰਾਨ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸਿੱਖ ਨੌਜਵਾਨਾਂ ਨੂੰ ਮਾਰਨ ਵਾਲੇ ਪੰਜਾਬ ਪੁਲਿਸ ਦੇ ਉੱਚ ਅਫਸਰਾਂ ਦੇ ਅਤਿ ਭਰੋਸੇਯੋਗ ਆਦਮੀ ਰਹੇ ਪੰਜਾਬ ਪੁਲਿਸ ਦੇ ਸਾਬਕਾ ਇੰਸਪੈਕਟਰ ਅਤੇ ਪੁਲਿਸ ਕੈਟ ਗੁਰਮੀਤ ਪਿੰਕੀ ਨੂੰ ਝੂਠੇ ਪੁਲਿਸ ਮੁਕਾਬਲ਼ਿਆਂ ਵਿੱਚ ਸਿੱਖਾਂ ਨੂੰ ਮਾਰ ਮੁਕਾਉਣ ਦਾ ਪਛਤਾਵਾ ਹੈ।

ਪੰਜਾਬੀ ਅਖਬਾਰ ਅਜ਼ੀਤ ਵਿੱਚ ਚੰਡੀਗੜ੍ਹ ਤੋਂ ਨਸ਼ਰ ਖਬਰ ਅਨੁਸਾਰ ਉਸ ਨੇ ਕਿਹਾ ਕਿ ਉਹ ਪਿਛਲੇ 10 ਸਾਲ ਤੋਂ ਆਪਣੇ ਕੀਤੇ ‘ਤੇ ਪਛਤਾ ਰਿਹਾ ਹੈ ਅਤੇ ਜੇਲ੍ਹ ਵਿਚ ਵੀ ਇਸ ਦਾ ਪਸ਼ਚਾਤਾਪ ਕਰਦਾ ਰਿਹਾ ਹੈ ਪਰ ਹੁਣ ਉਹ ਹੱਥ ਜੋੜ ਕੇ ਆਪਣੇ ਕੀਤੇ ਗੁਨਾਹਾਂ ਦੀ ਮੁਆਫ਼ੀ ਵੀ ਮੰਗਦਾ ਹੈ ।

ਪਿੰਕੀ ਨੇ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਨੂੰ ਸਰਕਾਰ ਤੇ ਸਾਬਕਾ ਪੁਲਿਸ ਮੁਖੀ ਡੀ.ਜੀ.ਪੀ ਸੁਮੇਧ ਸੈਣੀ ਤੋਂ ਖ਼ਤਰਾ ਹੈ ਓਥੇ ਉਸ ਨੇ ਦੋਸ਼ ਲਾਇਆ ਕਿ ਉਸ ਨੂੰ ਕਿਸੇ ਵੀ ਵੇਲੇ ਝੂਠੇ ਕੇਸ ਚ ਫਸਾ ਕੇ ਜੇਲ੍ਹ ‘ਚ ਡੱਕਣ ਦੀ ਤਿਆਰੀ ਕੀਤੀ ਜਾ ਰਹੀ ਹੈ ।

ਉਸ ਨੇ ਕਿਹਾ ਕਿ ਉਸ ਨੂੰ ਪਿਛਲੇ ਦਿਨੀਂ ਪਟਿਆਲਾ ਜੇਲ੍ਹ ‘ਚ ਸੀਨੀਅਰ ਪੱਤਰਕਾਰ ਕੰਵਰ ਸੰਧੂ ਨਾਲ ਜਾ ਕੇ ਬਲਵੰਤ ਸਿੰਘ ਰਾਜੋਆਣਾ ਨੂੰ ਮਿਲਣ ਸਮੇਂ ਹੋਈ ਘਟਨਾ ਨੂੰ ਹੋਰ ਹੀ ਰੰਗ ਦੇ ਕੇ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।

ਪਿੰਕੀ ਨੇ ਕਿਹਾ ਕਿ ਜੋ ਮੈਂ ਹੁਣ ਤੱਕ ਕਰਦਾ ਰਿਹਾ ਪੰਜਾਬ ਪੁਲਿਸ ਤੇ ਸਰਕਾਰ ਮੇਰੇ ਨਾਲ ਉਹੀ ਕਰ ਰਹੀ ਹੈ । ਉਸ ਨੇ ਕਿਹਾ ਕਿ ਉਹ ਝੂਠੇ ਪੁਲਿਸ ਮੁਕਾਬਲਿਆਂ ਅਤੇ ਝੂਠੇ ਕੇਸਾਂ ‘ਚ ਫਸਾਏ ਲੋਕਾਂ ਦੀ ਸੂਚੀ ਤਿਆਰ ਕਰ ਰਿਹਾ ਹੈ ਜਿਸ ਵਿਚ ਉਹ ਐਫ.ਆਈ.ਆਰ ਨੰਬਰ ਦਾ ਵੀ ਖੁਲਾਸਾ ਕਰੇਗਾ ।

ਉਸ ਨੇ ਕਿਹਾ ਕਿ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਝੂਠੇ ਪੁਲਿਸ ਮੁਕਾਬਲਿਆਂ ਦੇ ਮਸਲੇ ‘ਤੇ ਪ੍ਰੈੱਸ ਕਲੱਬ ਜਾਂ ਕੀਤੇ ਵੀ ਹੋਰ ਖੁੱਲ੍ਹੀ ਚਰਚਾ ਕਰਨ ਲਈ ਮਿਲ ਸਕਦੇ ਹਨ। ਉਸ ਨੇ ਕਿਹਾ ਕਿ ਕੰਵਰ ਸੰਧੂ ਨੂੰ ਰਾਜੋਆਣਾ ਵੱਲੋਂ ਖ਼ੁਦ ਬੁਲਾ ਕੇ ਬਦਸਲੂਕੀ ਕੀਤੀ ਗਈ ਜੋ ਸਰਾਸਰ ਗ਼ਲਤ ਸੀ । ਇਸ ਦੌਰਾਨ ਪੱਤਰਕਾਰ ਕੰਵਰ ਸੰਧੂ ਵੀ ਇਸ ਦੇ ਨਾਲ ਹੀ ਸਨ ।

ਪਿੰਕੀ ਨੇ ਕਿਹਾ ਕਿ ਉੋਨ੍ਹਾਂ ਧੱਕੇ ਨਾਲ ਜੇਲ੍ਹ ‘ਚ ਦਾਖਲਾ ਨਹੀਂ ਲਿਆ ਸਗੋਂ ਉੱਥੇ ਰਜਿਸਟਰ ਵਿਚ ਉਸ ਦੀ ਤੇ ਪੱਤਰਕਾਰ ਸੰਧੂ ਦੀ ਐਾਟਰੀ ਹੋਈ ਸੀ ਜਿਸ ਦੀਆਂ ਤਸਵੀਰਾਂ ਉਸ ਨੇ ਮੋਬਾਈਲ ਨਾਲ ਲੈ ਲਈਆਂ ਸਨ । ਪਿੰਕੀ ਨੇ ਕਿਹਾ ਕਿ ਉਸਨੂੰ ਜੇਲ੍ਹ ‘ਚ ਜ਼ਬਰਦਸਤੀ ਦਾਖਲ ਹੋਣ ਤੇ ਰਿਕਾਰਡ ਨਾਲ ਛੇੜਛਾੜ ਦੇ ਝੂਠੇ ਕੇਸ ਚ ਫਸਾ ਕੇ ਜੇਲ੍ਹ ‘ਚ ਬੰਦ ਕਰਨ ਲਈ ਸੁਮੇਧ ਸੈਣੀ ਇਹ ਸਾਜ਼ਿਸ਼ ਰਚ ਰਹੇ ਹਨ । ਪਿੰਕੀ ਨੇ ਕਿਹਾ ਕਿ ਝੂਠੇ ਪੁਲਿਸ ਮੁਕਾਬਲਿਆਂ ਦੀ ਸੀ.ਬੀ.ਆਈ ਜਾਂਚ ਕਰਵਾ ਲਈ ਜਾਵੇ ਤਾਂ ਸਾਰਾ ਸੱਚ ਸਾਹਮਣੇ ਆ ਜਾਵੇਗਾ । ਕਿਹਾ ਕਿ ਰਾਜੋਆਣਾ ਨੇ ਸਰਕਾਰ ਦੇ ਇਸ਼ਾਰੇ ਤੇ ਭੁੱਖ ਹੜਤਾਲ ਸ਼ੁਰੂ ਕੀਤੀ ਹੈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: