ਆਮ ਖਬਰਾਂ » ਖੇਤੀਬਾੜੀ

ਪਰਾਲੀ ਸਾੜਨ ਤੋਂ ਰੋਕਣ ਲਈ ਸੈਟਲਾਈਟ, ਐਸ.ਐਮ.ਐਸ. ਚਿਤਾਵਨੀ ਦਾ ਹੋਏਗਾ ਇਸਤੇਮਾਲ

April 1, 2017 | By

ਚੰਡੀਗੜ੍ਹ: ਪੰਜਾਬ ‘ਚ ਕਣਕ ਅਤੇ ਝੋਨੇ ਦੀ ਬਚੀ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਖੇਤੀਬਾੜੀ ਮਹਿਕਮਾ ਪੂਰੀ ਤਰ੍ਹਾਂ ਚੌਕਸ ਹੋ ਗਿਆ ਹੈ। ਪਰਾਲੀ ਨੂੰ ਸਾੜਨ ਦੇ ਗੰਭੀਰ ਨਤੀਜਿਆਂ ਤੋਂ ਸਰਕਾਰ ਵੀ ਪੂਰੀ ਤਰ੍ਹਾਂ ਵਾਕਿਫ਼ ਹੈ ਅਤੇ ਇਸ ਵਾਰ ਸਰਕਾਰ ਨੇ ਅਜਿਹਾ ਵਰਤਾਰਾ ਰੋਕਣ ਦਾ ਸਖਤ ਫ਼ੈਸਲਾ ਕੀਤਾ ਹੈ।

ਇਸ ਵਾਰ ਪੰਜਾਬ ਸਰਕਾਰ ਨੇ ਖੇਤਾਂ ‘ਚ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਮਹੱਤਵਪੂਰਨ ਯੋਜਨਾ ਬਣਾਈ ਹੈ, ਜਿਸ ਤਹਿਤ ਗਠਿਤ ਕੀਤੀ ਗਈ ਟਾਸਕ ਫੋਰਸ ਉਪਗ੍ਰਹਿ ਰਾਹੀਂ ਕਿਸਾਨਾਂ ਦੇ ਖੇਤਾਂ ‘ਤੇ ਨਜ਼ਰ ਰੱਖੇਗੀ। ਉਪਗ੍ਰਹਿ ਵੱਲੋਂ ਵਿਖਾਈ ਗਈ ਤਸਵੀਰ ‘ਤੇ ਉਸ ਇਲਾਕੇ ਦੀ ਪੁਲਸ, ਮਾਲ ਵਿਭਾਗ, ਫ਼ਾਇਰ ਬ੍ਰਿਗੇਡ ਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਾਂਝੀ ਕਾਰਵਾਈ ਕਰਦੇ ਹੋਏ ਸਭ ਤੋਂ ਪਹਿਲਾਂ ਅੱਗ ਨੂੰ ਬੁਝਾਉਣ ਦਾ ਕੰਮ ਕੀਤਾ ਜਾਵੇਗਾ ਤੇ ਇਸ ਦੇ ਨਾਲ ਪਰਾਲੀ ਨੂੰ ਅੱਗ ਲਾਉਣ ਵਾਲੇ ਸੰਬੰਧਿਤ ਕਿਸਾਨ ਕੋਲੋਂ ਬਣਦਾ ਜੁਰਮਾਨਾ ਵੀ ਵਸੂਲਿਆ ਜਾਵੇਗਾ। ਜਾਣਕਾਰੀ ਅਨੁਸਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਇਹ ਟਾਸਕ ਫ਼ੋਰਸ 24 ਘੰਟੇ ਉਪਗ੍ਰਹਿ ਤਸਵੀਰਾਂ ‘ਤੇ ਨਜ਼ਰ ਰੱਖੇਗੀ ਅਤੇ ਇਸ ਸਬੰਧੀ ਵੱਖ-ਵੱਖ ਜ਼ਿਲ੍ਹਿਆਂ ਅੰਦਰ ਗਠਿਤ ਕੀਤੀਆਂ ਟਾਸਕ ਫ਼ੋਰਸਾਂ ਨੂੰ ਇਸ ਦੀ ਜਾਣਕਾਰੀ ਦੇਵੇਗੀ।

ਪ੍ਰਤੀਕਾਤਮਕ ਤਸਵੀਰ

ਪ੍ਰਤੀਕਾਤਮਕ ਤਸਵੀਰ

ਇਸ ਸਬੰਧੀ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਬਲਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਟਾਸਕ ਫ਼ੋਰਸ ‘ਚ ਡਿਪਟੀ ਕਮਿਸ਼ਨਰ ਫ਼ਰੀਦਕੋਟ, ਜ਼ਿਲ੍ਹਾ ਪੁਲਿਸ ਮੁਖੀ, ਜ਼ਿਲ੍ਹਾ ਖੇਤੀਬਾੜੀ ਅਫ਼ਸਰ ਤੇ ਜ਼ਿਲ੍ਹਾ ਪ੍ਰਦੂਸ਼ਣ ਬੋਰਡ ਦੇ ਮੁਖੀ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਕਾਰਵਾਈ ਨੂੰ ਹੋਰ ਪ੍ਰਭਾਵੀ ਬਣਾਉਣ ਲਈ ਡਿਪਟੀ ਕਮਿਸ਼ਨਰ ਫਰੀਦਕੋਟ ਦੀਆਂ ਹਦਾਇਤਾਂ ਅਨੁਸਾਰ ਸਬ-ਡਵੀਜ਼ਨ ਪੱਧਰ ‘ਤੇ ਵੀ ਕਮੇਟੀਆਂ ਬਣਾਈਆਂ ਜਾਣਗੀਆਂ, ਜੋ ਪੂਰੇ ਇਲਾਕੇ ਅੰਦਰ ਬਰੀਕੀ ਨਾਲ ਸਾਰੇ ਪਾਸੇ ਨਿਗ੍ਹਾ ਰੱਖਣਗੀਆਂ।

ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਇਸ ਦੇ ਭਾਰੀ ਨੁਕਸਾਨ ਪ੍ਰਤੀ ਜਾਣਕਾਰੀ ਦੇਣ ਤੋਂ ਬਾਅਦ ਵੀ ਇਹ ਰੁਝਾਨ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸ ਦਾ ਵੱਡਾ ਕਾਰਨ ਖੇਤੀ ‘ਤੇ ਲਗਾਤਾਰ ਵਧ ਰਹੇ ਖਰਚੇ ਕਾਰਨ ਕਿਸਾਨ ਦੀ ਮਾੜੀ ਹੋ ਰਹੀ ਆਰਥਿਕਤਾ ਤੇ ਇਸ ਕੰਮ ਦੇ ਸੌਖੇ ਢੰਗ ਨਾਲ ਹੋ ਜਾਣਾ ਵੀ ਹੈ। ਪਰਾਲੀ ਨੂੰ ਅੱਗ ਲਾਉਣ ਕਾਰਨ ਜਿਥੇ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ, ਉਥੇ ਵਾਤਾਵਰਣ ਲਗਾਤਾਰ ਪਲੀਤ ਹੋ ਰਿਹਾ ਹੈ। ਇਸ ਦੂਸ਼ਿਤ ਵਾਤਾਵਰਣ ਦਾ ਸ਼ਿਕਾਰ ਹੋ ਕੇ ਲੋਕ ਲਗਾਤਾਰ ਬੀਮਾਰ ਹੋ ਰਹੇ ਹਨ। ਇਸ ਤੋਂ ਇਲਾਵਾ ਖੇਤਾਂ ‘ਚ ਲਾਈ ਗਈ ਇਹ ਅੱਗ ਕਈ ਛੋਟੇ-ਵੱਡੇ ਹਾਦਸਿਆਂ ਦਾ ਕਾਰਨ ਵੀ ਬਣ ਚੁੱਕੀ ਹੈ। ਦਿਨੋਂ-ਦਿਨ ਗੰਭੀਰ ਹੁੰਦੀ ਜਾ ਰਹੀ ਇਸ ਸਮੱਸਿਆ ਨੇ ਨੈਸ਼ਨਲ ਗਰੀਨ ਟ੍ਰਿਬਿਊਨਲ (ਐਨ. ਜੀ. ਟੀ.) ਨੂੰ ਵੀ ਚਿੰਤਾ ‘ਚ ਪਾ ਦਿੱਤਾ ਹੈ ਅਤੇ ਟ੍ਰਿਬਿਊਨਲ ਨੇ ਪੰਜਾਬ, ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ‘ਚ ਪਰਾਲੀ ਨੂੰ ਅੱਗ ਲਗਾਉਣ ‘ਤੇ ਰੋਕ ਲਾਈ ਹੋਈ ਹੈ।

ਉੱਘੇ ਸਮਾਜਸੇਵੀ ਤੇ ਆਲ ਇੰਡੀਆ ਰਿਟੇਲਰਜ਼ ਫ਼ੈੱਡਰੇਸ਼ਨ ਦੇ ਪ੍ਰਧਾਨ ਓਮਕਾਰ ਗੋਇਲ ਨੇ ਖੇਤਾਂ ‘ਚ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਸਰਕਾਰ ਵੱਲੋਂ ਟਾਸਕ ਫ਼ੋਰਸ ਗਠਿਤ ਕਰ ਕੇ ਉਠਾਏ ਜਾ ਰਹੇ ਕਦਮਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪਰਾਲੀ ਸਾੜਨ ਨਾਲ ਵਾਤਾਵਰਣ ਪਲੀਤ ਹੋ ਰਿਹਾ ਹੈ ਅਤੇ ਸਾਹ, ਚਮੜੀ ਤੇ ਅੱਖਾਂ ਦੇ ਰੋਗੀਆਂ ਦੀ ਗਿਣਤੀ ‘ਚ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਸਰਕਾਰ ਦੀ ਇਸ ਮੁਹਿੰਮ ‘ਚ ਸਹਿਯੋਗ ਦਿੰਦੇ ਹੋਏ ਪਰਾਲੀ ਨੂੰ ਸਾੜਨ ਤੋਂ ਗੁਰੇਜ਼ ਕਰਨ।

ਸਬੰਧਤ ਖ਼ਬਰ ਨੂੰ ਵਿਸਥਾਰ ਸਹਿਤ ਅੰਗਰੇਜ਼ੀ ਵਿਚ ਪੜ੍ਹਨ ਲਈ:

Stubble Burning Meance: Punjab To Use Satellite Imagery, SMS Alerts To Stop Crop Burning …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,