ਖਾਸ ਖਬਰਾਂ

ਹੈਲਪਲਾਈਨ ਇੰਡੀਆ ਦੇ ਸਰਵੇਖਣ ਅਨੂਸਾਰ ਬਜ਼ੁਰਗਾਂ ਨਾਲ ਦੁਰਵਿਹਾਰ ਕਰਨ ‘ਚ ਨੂੰਹਾਂ ਨਾਲੋਂ ਪੁੱਤਰ ਮੋਹਰੀ

By ਸਿੱਖ ਸਿਆਸਤ ਬਿਊਰੋ

June 15, 2018

ਚੰਡੀਗੜ੍ਹ:  ਹੈਲਪਲਾਈਨ ਇੰਡੀਆ ਵੱਲੋ ਜਾਰੀ 23 ਸ਼ਹਿਰਾਂ ਦੇ ਨਵੇਂ ਸਰਵੇਖਣ ਦੀ ਰਿਪੋਰਟ ਮੁਤਾਬਕ ਬਜ਼ੁਰਗਾਂ ਨਾਲ ਸਭ ਤੋਂ ਜ਼ਿਆਦਾ ਦੁਰਵਿਹਾਰ ਮੈਂਗਲੌਰ (47 ਫੀਸਦੀ), ਉਸ ਤੋਂ ਬਾਅਦ ਅਹਿਮਦਾਬਾਦ (46 ਫੀਸਦੀ), ਭੂਪਾਲ (39 ਫੀਸਦੀ), ਅੰਮ੍ਰਿਤਸਰ (35 ਫੀਸਦੀ) ਅਤੇ ਦਿੱਲੀ (33 ਫੀਸਦੀ) ਹੁੰਦਾ ਹੈ। ਇਸ ਸਰਵੇਖਣ ਦਾ ਮੁੱਖ ਮਨੋਰਥ ਇਹ ਪਤਾ ਲਾਉਣਾ ਸੀ ਕਿ ਦੁਰਵਿਹਾਰ ਕਿਸ ਹੱਦ ਤਕ, ਕਿੰਨਾ ਜ਼ਿਆਦਾ, ਕਿਸ ਰੂਪ ਵਿੱਚ, ਕਿੰਨੀ ਵਾਰ ਹੁੰਦਾ ਹੈ ਅਤੇ ਇਸ ਦੇ ਪਿੱਛੇ ਕੀ ਕਾਰਨ ਹਨ।

ਇਸ ਸਰਵੇਖਣ ਤੋਂ ਪਤਾ ਲੱਗਾ ਕਿ ਲਗਪਗ ਇਕ ਚੌਥਾਈ ਬਜ਼ੁਰਗ ਆਬਾਦੀ ਵਿਅਕਤੀਗਤ ਤੌਰ ’ਤੇ ਸ਼ੋਸ਼ਣ ਦਾ ਸਾਹਮਣਾ ਕਰ ਰਹੀ ਹੈ ਅਤੇ ਉਨ੍ਹਾਂ ਦਾ ਸ਼ੋਸ਼ਣ ਕਰਨ ਵਾਲਿਆਂ ਵਿੱਚ ਜ਼ਿਆਦਾਤਰ ਜਾਂ ਤਾਂ ਉਨ੍ਹਾਂ ਦੇ ਪੁੱਤਰ (52 ਫੀਸਦੀ) ਹੁੰਦੇ ਹਨ ਜਾਂ ਫਿਰ ਉਨ੍ਹਾਂ ਦੀਆਂ ਨੂੰਹਾਂ (34 ਫੀਸਦੀ)।

ਹੈਲਪੇਜ ਇੰਡੀਆ ਦੇ ਸੀਈਓ ਮੈਥੀਊ ਚੇਰੀਅਨ ਨੇ ਕਿਹਾ, ‘‘ਬਦਕਿਸਮਤੀ ਨਾਲ ਬਜ਼ੁਰਗਾਂ ਦਾ ਸ਼ੋਸ਼ਣ ਘਰ ਤੋਂ ਸ਼ੁਰੂ ਹੁੰਦਾ ਹੈ ਅਤੇ ਅੰਜਾਮ ਉਹ ਲੋਕ ਦਿੰਦੇ ਹਨ ਜਿਨ੍ਹਾਂ ’ਤੇ ਉਹ ਸਭ ਤੋਂ ਜ਼ਿਆਦਾ ਵਿਸ਼ਵਾਸ ਕਰਦੇ ਹਨ।’’ ਉਨ੍ਹਾਂ ਦੱਸਿਆ ਕਿ ਇਸ ਸਾਲ ਦੁਰਵਿਹਾਰ ਨੂੰ ਅੰਜਾਮ ਦੇਣ ਵਾਲੇ ਲੋਕਾਂ ਵਿੱਚ ਸਭ ਤੋਂ ਅੱਗੇ ਪੁੱਤਰ ਹਨ ਅਤੇ ਬਾਅਦ ਵਿੱਚ ਨੂੰਹਾਂ। ਜਦੋਂ ਕਿ ਇਸ ਤੋਂ ਪਹਿਲੇ ਸਰਵੇਖਣਾਂ ਵਿੱਚ ਨੂੰਹਾਂ ਅੱਗੇ ਸਨ।

ਇਸ ਵਿੱਚ ਇਹ ਵੀ ਪਤਾ ਲੱਗਾ ਕਿ ਦੁਰਵਿਹਾਰ ਦੇ ਸ਼ਿਕਾਰ 82 ਫੀਸਦੀ ਬਜ਼ੁਰਗ ਪਰਿਵਾਰ ਦੀ ਖ਼ਾਤਰ ਇਸ ਦੀ ਸ਼ਿਕਾਇਤ ਵੀ ਨਹੀਂ ਕਰਦੇ ਜਾਂ ਇਹ ਨਹੀਂ ਜਾਣਦੇ ਕਿ ਇਸ ਸਮੱਸਿਆ ਨਾਲ ਕਿਸ ਤਰ੍ਹਾਂ ਨਜਿੱਠਿਆ ਜਾ ਸਕਦਾ ਹੈ।

ਇਸ ਸਰਵੇਖਣ ਮੁਤਾਬਕ ਪੰਜਾਬ ਦਾ ਸ਼ਹਿਰ ਅੰਮ੍ਰਿਤਸਰ ਭਾਰਤੀ ਉਪ-ਮਹਾਂਦੀਪ ਦੇ ਪੰਜ ਸ਼ਹਿਰਾਂ ’ਚੋਂ ਇਕ ਹੈ ਜਿਥੇ 35 ਫੀਸਦੀ ਬਜ਼ੁਰਗਾਂ ਨਾਲ ਦੁਰਵਿਹਾਰ ਹੁੰਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: