ਸਿੱਖ ਖਬਰਾਂ

ਸਿੱਖ ਸੰਘਰਸ਼ ਨੂੰ ਬਦਨਾਮ ਕਰਨ ਦੀ ਸਾਜਿਸ਼ ਦਾ ਹਿੱਸਾ ਹੈ ‘ਬਲੈਕੀਆ’ ਫਿਲਮ: ਸਿ.ਯੂ.ਫੈ.ਭਿ.

By ਸਿੱਖ ਸਿਆਸਤ ਬਿਊਰੋ

May 17, 2019

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਵੀਹਵੀਂ ਸਦੀ ਦੇ ਸਿੱਖ ਸੰਘਰਸ਼ ਨੂੰ ਬਦਨਾਮ ਕਰਨ ਲਈ ਭਾਰਤੀ ਏਜੰਸੀਆਂ ਦੀ ਸਹਿਮਤੀ ਨਾਲ ਬਣਾਈ ਗਈ ਫਿਲਮ ‘ਬਲੈਕੀਆ’ ਵਿੱਚ ਬੜੀ ਚਲਾਕੀ ਨਾਲ ਪੰਜਾਬ ਦੀ ਬਰਬਾਦੀ ਦਾ ਸਿਹਰਾ ਖਾੜਕੂਆਂ ਸਿਰ ਮੜ੍ਹਿਆ ਗਿਆ ਹੈ। ਖਾੜਕੂਵਾਦ ਉਪਰੰਤ ਪੰਜਾਬ ਵਿੱਚ ਫਲੇ ਫੁਲੇ ਨਸ਼ਿਆਂ ਦੇ ਵਪਾਰ ਅਤੇ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਦਾ ਜ਼ਿੰਮੇਵਾਰ ਵੀ ਪਾਕਿਸਤਾਨ ਨੂੰ ਠਹਿਰਾ ਕੇ ਹਿੰਦੁਸਤਾਨ ਨੂੰ ਕਲੀਨ ਚਿੱਟ ਦਿੱਤੀ ਗਈ ਹੈ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ (ਸਿ.ਯੂ.ਫੈ.ਭਿ)ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਦੱਸਿਆ ਹੈ ਕਿਹਾ ਹੈ ਕਿ ਬੀਤੇ ਕਲ੍ਹ ਉਹ ਆਪਣੇ ਕੁਝ ਸਾਥੀਆਂ ਸਾਹਿਤ ਉਪਰੋਕਤ ਫਿਲਮ ਵੇਖਣ ਗਏ ਸਨ। ਹਾਲ ਵਿੱਚ ਡੇਢ–ਦੋ ਸੌ ਦੇ ਕਰੀਬ ਨੌਜੁਆਨ ਫਿਲਮ ਵੇਖਣ ਜੁੜਿਆ ਹੋਇਆ ਸੀ।

ਉਨ੍ਹਾਂ ਦੱਸਿਆ ਕਿ ਫਿਲਮ ਦੀ ਸਕਰਿਪਟ ਕਿਸੇ ਇੰਦਰਪਾਲ ਸਿੰਘ ਵੱਲੋਂ ਲਿਖੀ ਹੋਈ ਹੈ, ਨਿਰਮਾਤਾ ਵਿਵੇਕ ਓਹਰੀ ਤੇ ਨਿਰਦੇਸ਼ਕ ਸੁਖਮਿੰਦਰ ਧੰਜਲ ਹਨ, ਜਿਨ੍ਹਾਂ ਬੜੀ ਹੀ ਚਲਾਕੀ ਨਾਲ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਉਪਰ ਕੀਤੇ ਗਏ ਫੌਜੀ ਹਮਲੇ ਕਾਰਣ ਸਿੱਖ ਨੌਜੁਆਨਾਂ ਦੀ ਝੰਜੋੜੀ ਗਈ ਮਾਨਸਿਕਤਾ ਵਿੱਚੋਂ ਪੈਦਾ ਹੋਏ ਸਿੱਖ ਸੰਘਰਸ਼ ਨੂੰ ਇੰਦਰਾ ਗਾਂਧੀ ਵਲੋਂ ਲਗਾਈ ਗਈ 1975 ਦੀ ਐਮਰਜੈਂਸੀ ਦੇ ਸਮੇਂ ਨਾਲ ਜੋੜ ਕੇ ਵਿਖਾਇਆ ਗਿਆ ਹੈ। ਐਮਰਜੈਂਸੀ ਬਾਅਦ ਹੀ ਸਰਹੱਦ ਪਾਰ ਤੋਂ ਸੋਨੇ ਦੇ ਸਮਗਲਰਾਂ ਵੱਲੋਂ ਏ.ਕੇ.ਸੰਤਾਲੀ ਦੇ ਨਾਲ ਹੀ ਨਸ਼ੇ ਦੀਆਂ ਖੇਪਾਂ ਆਉਣ ਲੱਗਦੀਆਂ ਵਿਖਾਈਆਂ ਹਨ। ਹਿੰਦ-ਪਾਕਿ ਦਰਮਿਆਨ 1971 ਦੀ ਜੰਗ ਦਾ ਬਦਲਾ ਲੈਣ ਖਾਤਰ ਪਾਕਿਸਤਾਨ ਵੱਲੋਂ ਸਿੱਖਾਂ ਨੂੰ ਹਿੰਦੋਸਤਾਨ ਵਿਰੁੱਧ ਵਰਤਿਆ ਗਿਆ ਤੇ ਪੰਜਾਬ ਸਮੱਸਿਆ ਦਾ ਕਾਰਨ ਦੱਸਿਆ ਗਿਆ ਹੈ।

ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਜਦੋਂ ਸਿੱਖ ਸੰਘਰਸ਼ ਦੀ ਕਮਾਂਡ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਸਮੇਤ ਹੋਰ ਨਾਮ-ਬਾਣੀ ਚ ਰਸੇ ਜੁਝਾਰੂ ਸਿੰਘਾਂ ਦੇ ਹੱਥ ਚ ਆਈ ਤਾਂ ਇਸ ਲਹਿਰ ਦਾ ਜੋ ਮੁਹਾਂਦਰਾ ਬਣਿਆ ਉਸਨੂੰ ਵੀ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਫਿਲਮ ਅਨੁਸਾਰ ਪੰਜਾਬ ਚ ਐਮਰਜੈਂਸੀ ਤੋਂ ਬਾਅਦ ਜਲਦੀ ਹੀ ਏ.ਕੇ.ਸੰਤਾਲੀ ਅਤੇ ਨਸ਼ਾ ਆਉਣ ਲੱਗਾ ਜਦੋਂ ਕਿ ਅਸਲ ਚ ਏ.ਕੇ. ਸੰਤਾਲੀ 1988 ਦੇ ਕਰੀਬ ਤੇ ਨਸ਼ੇ 90ਵਿਆਂ ਦੌਰਾਨ ਪੰਜਾਬ ’ਚ ਏਜੰਸੀਆਂ ਵੱਲੋਂ ਵਾੜੇ ਗਏ ਸਨ। ਪਰ ਫਿਲਮ ਰਾਹੀਂ ਪੰਜਾਬ ਦੀ ਜਵਾਨੀ ਦੀ ਬਰਬਾਦੀ ਲਈ ਭਾਰਤੀ ਹਕੂਮਤ ਦੇ ਦਾਮਨ ਤੇ ਲੱਗੇ ਧੱਬੇ ਢੱਕ ਕੇ ਇਨ੍ਹਾਂ ਦਾ ਦੋਸ਼ ਖਾੜਕੂ ਜਥੇਬੰਦੀਆਂ ਤੇ ਪਾਕਿਸਤਾਨ ਸਿਰ ਧਰਨ ਦੀ ਕੋਸ਼ਿਸ਼ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਜੇ ਸੋਨੇ, ਤੇ ਹਥਿਆਰਾਂ ਸਮੇਤ ਹਰ ਤਰ੍ਹਾਂ ਦੀ ਤਸਕਰੀ ਬੰਦ ਹੋ ਗਈ ਤਾਂ ਨਸ਼ੇ ਦੀ ਕਿਉਂ ਨਾ ਹੋਈ।

ਫਿਲਮ ਚ ਸੰਘਰਸ਼ਸ਼ੀਲ ਸਿੰਘਾਂ ਨੂੰ ਲਾਈਲੱਗ ਤੇ ਅਣਜਾਣ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ।

ਉਨ੍ਹਾਂ ਕਿਹਾ ਕਿ ‘ਪੰਜਾਬ 1984’ ਫਿਲਮ ਵੀ ਇਸੇ ਲੜੀ ਦਾ ਹਿੱਸਾ ਸੀ ਪਰ ‘ਬਲੈਕੀਆ’ ਫਿਲਮ ਵਿੱਚ ਸਿੱਖ ਸੰਘਰਸ਼ ਵਿਰੋਧੀ ਪ੍ਰਚਾਰ ਵੱਡੀ ਪੱਧਰ ਦਾ ਤੇ ਪਹਿਲਾਂ ਨਾਲੋਂ ਜ਼ਿਆਦਾ ਹੈ। ਫ਼ੈਡਰੇਸ਼ਨ ਆਗੂ ਨੇ ਕਿਹਾ ਕਿ ਉਨ੍ਹਾਂ ਤਾਂ ਮੌਕੇ ਤੇ ਹੀ ਅਲਫਾ ਵਨ ਸਿਨੇਮਾ ਹਾਲ ’ਚ ਹੀ ਫਿਲਮ ਦਾ ਸਖ਼ਤ ਵਿਰੋਧ ਜਿਤਾਇਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: