
ਥਾਣਾ ਧਰਮਕੋਟ ਪੁਲਿਸ ਨੇ ਪਿੰਡ ਭਿੰਡਰ ਕਲਾਂ ਵਿੱਚ ਜ਼ਮੀਨੀ ਵਿਵਾਦ ’ਚ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਦੇ ਕਤਲ ਦੇ ਦੋਸ਼ ਹੇਠ ਅਕਾਲੀ ਆਗੂ ਸਮੇਤ 16 ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਹੈ। ਥਾਣਾ ਧਰਮਕੋਟ ਪੁਲਿਸ ਨੇ ਮ੍ਰਿਤਕ ਜਗਰੂਪ ਸਿੰਘ ਵਾਸੀ ਪਿੰਡ ਭਿੰਡਰ ਕਲਾਂ ਦੇ ਭਰਾ ਰਣ ਸਿੰਘ ਦੇ ਬਿਆਨਾਂ ’ਤੇ ਅਕਾਲੀ ਆਗੂ ਜਗਸੀਰ ਸਿੰਘ ਉਰਫ਼ ਸੀਰਾ, ਸਤਵਿੰਦਰ ਸਿੰਘ ਉਰਫ਼ ਬਿੰਦਰ, ਰਾਜਦੀਪ ਸਿੰਘ ਉਰਫ਼ ਰਾਜੂ, ਮਹਿੰਦਰ ਸਿੰਘ ਪੁੱਤਰ ਬੰਤਾ ਸਿੰਘ, ਬੂਟਾ ਸਿੰਘ, ਸੁੱਖਾ ਸਿੰਘ, ਭਿੰਦਾ ਸਿੰਘ, ਮਹਿੰਦਰ ਸਿੰਘ ਉਰਫ਼ ਕੱਲੂ ਪੁੱਤਰ ਸਾਧੂ ਸਿੰਘ ਤੋਂ ਇਲਾਵਾ ਅੱਠ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕਤਲ, ਜਾਨਲੇਵਾ ਹਮਲਾ, ਆਰਮਜ਼ ਐਕਟ ਆਦਿ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਗੋਲੀਬਾਰੀ ’ਚ ਪੀੜਤ ਦਾ ਲੜਕਾ ਪ੍ਰਿਤਪਾਲ ਸਿੰਘ ਵੀ ਜ਼ਖ਼ਮੀ ਹੋਇਆ ਹੈ।