
ਭੋਪਾਲ ਵਿੱਚ ਮਾਰੇ ਗਏ ਅੱਠ ਸਿਮੀ ਕਾਰਕੁਨਾਂ ਦੇ ਮਾਮਲੇ ਵਿੱਚ ਕਈ ਸਵਾਲ ਉੱਠੇ ਹਨ ਜਦੋਂ ਕਿ ਪੁਲਿਸ ਦਾ ਕਹਿਣਾ ਹੈ ਕਿ ਇਹ ਮੁਕਾਬਲਾ ਸਹੀ ਸੀ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਹੋਰ ਭਾਜਪਾ ਆਗੂਆਂ ਨੇ ਵਿਰੋਧੀ ਧਿਰ ’ਤੇ ਮਾਮਲੇ ਨੂੰ ‘ਸਿਆਸੀ ਤੇ ਫਿਰਕੂ’ ਰੰਗਤ ਦੇਣ ਦਾ ਦੋਸ਼ ਲਾਇਆ ਹੈ। ਇਸ ਦੌਰਾਨ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਮੀਡੀਆ ਰਿਪੋਰਟਾਂ ’ਤੇ ਆਪੇ ਨੋਟਿਸ ਲੈਂਦਿਆਂ ਸੂਬੇ ਦੇ ਚੀਫ ਸੈਕਟਰੀ, ਡੀਜੀਪੀ ਅਤੇ ਜੇਲ੍ਹ ਵਿਭਾਗ ਦੇ ਡੀਜੀ ਤੇ ਆਈਜੀ ਨੂੰ ਨੋਟਿਸ ਜਾਰੀ ਕਰਕੇ ਛੇ ਹਫ਼ਤਿਆਂ ਵਿੱਚ ਇਸ ਮਾਮਲੇ ਦੀ ਪੂਰੀ ਰਿਪੋਰਟ ਦੇਣ ਲਈ ਕਿਹਾ ਹੈ।
ਸਿਮੀ ਦੇ ਅੱਠ ਮੈਂਬਰਾਂ ਦੀ ਕਹੇ ਜਾਂਦੀ ਪੁਲਿਸ ਮੁਕਾਬਲੇ 'ਚ ਮੌਤ 'ਤੇ ਉੱਠ ਰਹੇ ਸਵਾਲਾਂ ਦੇ ਵਿਚ ਉਨ੍ਹਾਂ ਦੇ ਵਕੀਲ ਨੇ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਾਉਣ ਅਤੇ ਇਸ ਲਈ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਦੀ ਗੱਲ ਕਹੀ ਹੈ।
ਭੋਪਾਲ ਦੀ ਕੇਂਦਰੀ ਜੇਲ੍ਹ ਤੋਂ ਫਰਾਰ ਹੋਏ ਸਿਮੀ ਦੇ ਕਾਰਜਕਰਤਾ ਪੁਲਿਸ ਮੁਕਾਬਲੇ 'ਚ ਮਾਰੇ ਗਏ ਹਨ। ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਭੁਪਿੰਦਰ ਸਿੰਘ ਨੇ ਇਹ ਜਾਣਕਾਰੀ ਦਿੱਤੀ। ਰਾਜ ਦੇ ਗ੍ਰਹਿ ਮੰਤਰੀ ਨੇ ਦੱਸਿਆ ਕਿ ਪਿੰਡ ਈਂਟਖੇੜਾ 'ਚ ਪੁਲਿਸ ਨੇ ਸਾਰਿਆਂ ਨੂੰ ਘੇਰ ਲਿਆ ਜਿਸਤੋਂ ਬਾਅਦ ਇਨਕਾਉਂਟਰ 'ਚ ਸਾਰੇ ਮਾਰੇ ਗਏ। ਇਹ ਸਾਰੇ ਸਿਮੀ ਨਾਲ ਜੁੜੇ ਹੋਏ ਦੱਸੇ ਜਾ ਰਹੇ ਹਨ।
ਭੋਪਾਲ 'ਚ ਪੁਲਿਸ ਦਾ ਕਹਿਣਾ ਹੈ ਕਿ ਸੈਂਟਰਲ ਜੇਲ੍ਹ ਤੋਂ ਪਾਬੰਦੀਸ਼ੁਦਾ ਜਥੇਬੰਦੀ ਸਿਮੀ ਦੇ ਅੱਠ ਕਾਰਜਕਰਤਾ ਫਰਾਰ ਹੋ ਗਏ ਹਨ।