ਟੀਡੀਪੀ ਮੁਖੀ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ

ਖਾਸ ਖਬਰਾਂ

ਟੀਡੀਪੀ ਦੇ ਦੋ ਕੇਂਦਰੀ ਮੰਤਰੀਆਂ ਦੇ ਅਸਤੀਫੇ ਦੇ ਰੌਲੇ ਵਿਚੋਂ ਉੱਠੀ ਦੱਖਣ ਭਾਰਤ ਵਿਚ ਵੱਖਰੇ ਅਜ਼ਾਦ ਦੇਸ਼ ਦੀ ਅਵਾਜ਼

By ਸਿੱਖ ਸਿਆਸਤ ਬਿਊਰੋ

March 09, 2018

ਦਿੱਲੀ: ਭਾਰਤ ਦੀ ਕੇਂਦਰੀ ਸੱਤਾ ‘ਤੇ ਕਾਬਜ਼ ਐਨ.ਡੀ.ਏ ਗਠਜੋੜ ਵਿਚ ਤ੍ਰੇੜਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ। ਭਾਰਤ ਦੀ ਕੇਂਦਰੀ ਸੱਤਾ ਵਿਚ ਕਾਬਜ਼ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਰਵੱਈਏ ਤੋਂ ਨਰਾਜ਼ ਦੱਖਣ ਵਿਚ ਆਂਧਰਾ ਪ੍ਰਦੇਸ਼ ਦੀ ਸੂਬਾਈ ਪਾਰਟੀ ਟੀਡੀਪੀ ਦੇ ਮੋਦੀ ਸਰਕਾਰ ਵਿਚ ਸ਼ਾਮਿਲ ਦੋ ਮੰਤਰੀਆਂ ਪੀ.ਅਸ਼ੋਕ ਗਜਾਪਥੀ ਅਤੇ ਵਾਈ ਐਸ ਚੌਧਰੀ ਨੇ ਆਪਣੇ ਮੰਤਰੀ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ ਜਿਸ ਨੂੰ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵਲੋਂ ਅੱਜ ਪ੍ਰਵਾਨ ਕਰ ਲਿਆ ਗਿਆ। ਟੀਡੀਪੀ ਅਤੇ ਭਾਜਪਾ ਦਰਮਿਆਨ ਇਹ ਟਕਰਾਅ ਆਂਧਰਾ ਪ੍ਰਦੇਸ਼ ਨੂੰ “ਖਾਸ ਦਰਜਾ” ਦੇਣ ਦੀ ਟੀਡੀਪੀ ਦੀ ਮੰਗ ਨੂੰ ਕੇਂਦਰ ਸਰਕਾਰ ਵਲੋਂ ਨਾ-ਮਨਜ਼ੂਰ ਕਰਨ ਕਾਰਨ ਹੋਇਆ। ਜਿਕਰਯੋਗ ਹੈ ਕਿ ਆਂਧਰਾ ਪ੍ਰਦੇਸ਼ ਵਿਚੋਂ ਇਕ ਨਵਾਂ ਸੂਬਾ ਤੇਲੰਗਾਨਾ ਬਣਾਇਆ ਗਿਆ ਸੀ ਜਿਸ ਤੋਂ ਬਾਅਦ ਆਂਧਰਾ ਪ੍ਰਦੇਸ਼ ਦੇ ਖਜ਼ਾਨੇ ਨੂੰ ਪਏ ਘਾਟੇ ਨੂੰ ਪੂਰਾ ਕਰਨ ਲਈ ਇਸ ਖਾਸ ਦਰਜੇ ਦੀ ਮੰਗ ਕੀਤੀ ਜਾ ਰਹੀ ਸੀ।

ਰਾਜੂ ਦੇ ਅਸਤੀਫੇ ਨਾਲ ਖਾਲੀ ਹੋਏ ਹਵਾਬਾਜ਼ੀ ਮੰਤਰਾਲੇ ਦੇ ਅਹੁਦੇ ਨੂੰ ਸੰਭਾਲਣ ਲਈ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਹੈ। ਭਾਵੇਂ ਕਿ ਟੀਡੀਪੀ ਨੇ ਆਪਣਾ ਰੋਸ ਜਤਾਉਂਦਿਆਂ ਆਪਣੇ ਮੰਤਰੀ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ ਪਰ ਐਨ.ਡੀ.ਏ ਗਠਜੋੜ ਨਾਲੋਂ ਫਿਲਹਾਲ ਨਾਤਾ ਨਹੀਂ ਤੋੜਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਕੱਲ੍ਹ ਟੀਡੀਪੀ ਮੁਖੀ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਵਿਚਕਾਰ 10 ਮਿਨਟ ਫੋਨ ‘ਤੇ ਗੱਲਬਾਤ ਹੋਈ, ਜਿਸ ਮਗਰੋਂ ਟੀਡੀਪੀ ਨੇ ਅਸਤੀਫਿਆਂ ਦਾ ਐਲਾਨ ਕੀਤਾ।

ਟੀਡੀਪੀ ਐਮ.ਪੀ ਨੇ ਕਿਹਾ ਜੇ ਨਜ਼ਰਅੰਦਾਜ਼ ਕਰਨਾ ਬੰਦ ਨਹੀਂ ਕੀਤਾ ਛੇਤੀ ਦੱਖਣ ਭਾਰਤ ਵਿਚ ਬਣ ਸਕਦਾ ਹੈ ਵੱਖਰਾ ਅਜ਼ਾਦ ਦੇਸ਼

ਟੀਡੀਪੀ ਅਤੇ ਕੇਂਦਰ ਸਰਕਾਰ ਦਰਮਿਆਨ ਚੱਲੇ ਇਸ ਵਿਵਾਦ ਵਿਚੋਂ ਇਕ ਨਵਾਂ ਮਸਲਾ ਸਾਹਮਣੇ ਆਇਆ ਹੈ ਜੋ ਸੋਸ਼ਲ ਮੀਡੀਆ ‘ਤੇ ਵੱਡੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਇਕ ਵੀਡੀਓ ਵਿਚ ਟੀਡੀਪੀ ਦੇ ਐਮ.ਪੀ ਐਮ ਮੁਰਲੀਮੋਹਨ ਇਹ ਕਹਿੰਦੇ ਦਿਖ ਰਹੇ ਹਨ ਕਿ ਉਹ ਦਿਨ ਦੂਰ ਨਹੀਂ, ਜਦੋਂ ਦੱਖਣ ਭਾਰਤ ਖੁਦ ਨੂੰ ਇਕ ਅਜ਼ਾਦ ਦੇਸ਼ ਐਲਾਨ ਦਵੇਗਾ।

ਵੀਡੀਓ ਵਿਚ ਮੁਰਲੀਮੋਹਨ ਕਹਿ ਰਹੇ ਹਨ, “ਦੱਖਣ ਦੇ ਲੋਕ ਮਹਿਸੂਸ ਕਰ ਰਹੇ ਹਨ ਕਿ ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਦੱਖਣ ਭਾਰਤ ਦੇ 5 ਸੂਬਿਆਂ ਨੂੰ ਮਜ਼ਬੂਰ ਨਾ ਕਰੋ ਕਿ ਉਹ ਖੁਦ ਨੂੰ ਅਜ਼ਾਦ ਦੇਸ਼ ਐਲਾਨ ਦੇਣ।”

ਇਹ ਵੀਡੀਓ 12 ਫਰਵਰੀ ਦੀ ਰਿਕਾਰਡ ਕੀਤੀ ਦੱਸੀ ਜਾ ਰਹੀ ਹੈ, ਜੋ ਹੁਣ ਉਸ ਸਮੇਂ ਵਾਇਰਲ ਹੋਈ ਹੈ ਜਦੋਂ ਟੀਡੀਪੀ ਦੇ ਦੋ ਕੇਂਦਰੀ ਮੰਤਰੀਆਂ ਨੇ ਆਪਣੇ ਮੰਤਰੀ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: