ਕੌਮਾਂਤਰੀ ਖਬਰਾਂ » ਖਾਸ ਖਬਰਾਂ » ਸਿੱਖ ਖਬਰਾਂ

ਗਰੀਨਜ਼ ਪਾਰਟੀ ਨੇ ਮੈਲਟਨ ਤੋਂ ਹਰਕੀਰਤ ਸਿੰਘ ਨੂੰ ਐਮ.ਪੀ. ਲਈ ਉਮੀਦਵਾਰ ਐਲਾਨਿਆ

May 15, 2018 | By

ਮੈਲਬੋਰਨ (ਤੇਜਸ਼ਦੀਪ ਸਿੰਘ ਅਜਨੌਦਾ): ਆਸਟ੍ਰੇਲੀਆ ਦੀ ਤੀਜੀ ਸਭ ਤੋਂ ਵੱਡੀ ਪਾਰਟੀ – ਦਾ ਗਰੀਨਜ਼ ਨੇ ਮੈਲਬਰਨ ਦੇ ਮੈਲਟਨ ਇਲਾਕੇ ਤੋਂ ਹਰਕੀਰਤ ਸਿੰਘ ਨੂੰ ਨਵੰਬਰ ਵਿੱਚ ਹੋਣ ਜਾ ਰਹੀਆਂ ਵਿਕਟੋਰੀਅਨ ਸੰਸਦੀ ਚੋਣਾਂ ਲਈ ਉਮੀਦਵਾਰ ਐਲਾਨਿਆ ਹੈ। ਗਰੀਨਜ਼ ਪਾਰਟੀ ਵਲੋਂ ਜਾਰੀ ਮੀਡੀਆ ਰੀਲੀਜ਼ ਰਾਹੀਂ ਕਿਹਾ ਗਿਆ ਹੈ ਕਿ ਹਰਕੀਰਤ ਸਿੰਘ ਮੁਨੱਖੀ ਹੱਕਾਂ ਅਤੇ ਭਾਈਚਾਰੇ ਦੀਆਂ ਸਮੱਸਿਆਵਾਂ ਲਈ ਅਵਾਜ਼ ਬੁਲੰਦ ਕਰਨ ਵਾਲੇ ਉੱਘੇ ਬੁਲਾਰੇ ਹਨ। ਉਨ੍ਹਾ ਨੇ ਭਾਈਚਾਰੇ ਵਿੱਚ ਆਪਣੀਆਂ ਸੇਵਾਵਾਂ ਨਾਲ ਪਹਿਚਾਣ ਬਣਾਈ ਹੈ।

ਹਰਕੀਰਤ ਸਿੰਘ ਪਾਰਟੀ ਦੀ ਵਿਕਟੋਰੀਅਨ ਪ੍ਰਧਾਨ ਸਮੈਂਥਾ ਰਤਨਮ ਨਾਲ

ਹਰਕੀਰਤ ਸਿੰਘ ਆਪਣੀ ਪਤਨੀ ਅਤੇ ਦੋ ਪੁੱਤਰਾਂ ਦੇ ਨਾਲ ਮੈਲਟਨ ‘ਚ ਰਹਿੰਦੇ ਹਨ ਅਤੇ ਮੈਲਟਨ ਦੇ ਬਹੁ- ਸਭਿਆਚਾਰਕ ਭਾਈਚਾਰੇ ਦੀ ਸਾਂਝ ਅਤੇ ਤਰੱਕੀ ਲਈ ਤਤਪਰ ਹਨ। ਉਹਨਾ ਦਾ ਮੰਨਣਾ ਹੈ ਕਿ ਮੈਲਬਰਨ ਦੇ ਪੱਛਮੀ ਖੇਤਰ ‘ਚ ਰੇਲ ਅਤੇ ਬੱਸ ਸੇਵਾਵਾਂ, ਸਿਹਤ ਅਤੇ ਬਹੁਸੱਭਿਆਚਾਰਕ ਭਾਈਚਾਰੇ ਦੀਆਂ ਸੇਵਾਵਾਂ ਵਿੱਚ ਵਾਧਾ ਉਨ੍ਹਾ ਦੇ ਚੋਣਾਂ ਵਿੱਚ ਨਿਤਰਣ ਲਈ ਮੁੱਖ ਮੁੱਦੇ ਹਨ। ਪਾਰਟੀ ਦੀ ਵਿਕਟੋਰੀਅਨ ਪ੍ਰਧਾਨ ਸਮੈਂਥਾ ਰਤਨਮ ਨੇ ਕਿਹਾ ਹੈ ਕਿ ਹਰਕੀਰਤ ਸਿੰਘ ਨੇ ਸਿੱਖ ਖੂਨਦਾਨ ਮੁਹਿੰਮ ਅਤੇ ਹੋਰ ਸੇਵਾਵਾਂ ਰਾਹੀਂ ਭਾਈਚਾਰੇ ਦੀ ਬੇਹਤਰੀ ਲਈ ਕਦਮ ਚੁੱਕੇ ਹਨ ਅਤੇ ਉਹ ਲੋਕ ਭਲਾਈ ਦੇ ਕੰਮਾਂ ਵਿੱਚ ਅੱਗੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਹਰਕੀਰਤ ਸਿੰਘ ਇਸੇ ਤਰ੍ਹਾਂ ਆਸਟ੍ਰੇਲੀਆਈ ਭਾਈਚਾਰੇ ਦੀ ਤਰੱਕੀ ਲਈ ਯੋਗਦਾਨ ਪਾਉਣਗੇ।

ਇਸ ਮੌਕੇ ਹਰਕੀਰਤ ਸਿੰਘ ਨੇ ਕਿਹਾ ਕਿ ਮੈਨੂੰ ਮਾਣ ਹੈ ਕਿ ਮੈਂ ਆਪਣੇ ਪਰਿਵਾਰ ਸਮੇਤ ਮੈਲਟਨ ਵਿੱਚ ਰਹਿੰਦਾ ਹਾਂ ਅਤੇ ਮੈਲਬਰਨ ਦੇ ਪੱਛਮੀ ਖੇਤਰ ਵਿੱਚ ਵੱਸਦੇ ਹਰ ਇਨਸਾਨ ਦੀ ਬਿਹਤਰੀ ਲਈ ਇੱਕ ਬੁਲੰਦ ਆਵਾਜ਼ ਬਣਾਂਗਾ, ਜਿਸਦੀ ਕਿ ਭਾਈਚਾਰੇ ਨੁੰ ਸਖਤ ਲੋੜ ਹੈ। ਉਨ੍ਹਾ ਕਿਹਾ ਕਿ ਮੈਲਟਨ ਵਿੱਚ ਵਧੀਆਂ ਸਿਹਤ ਸੇਵਾਵਾਂ, ਆਵਾਜ਼ਾਈ ਦੇ ਸਾਧਨਾਂ ਅਤੇ ਸਾਰੇ ਭਾਈਚਾਰਿਆਂ ਦੀ ਬਿਹਤਰੀ ਲਈ ਉਹ ਆਵਾਜ਼ ਬੁਲੰਦ ਕਰਨਗੇ। ਉਨ੍ਹਾਂ ਕਿਹਾ ਕਿ ਗਰੀਨਜ਼ ਪਾਰਟੀ ਦੀਆਂ ਨੀਤੀਆਂ ਪ੍ਰਵਾਸੀਆਂ ਦੇ ਹੱਕ ਵਿੱਚ ਹਨ ਅਤੇ ਖਾਸ ਕਰਕੇ ਪਰਿਵਾਰਾਂ ਦੀ ਭਲਾਈ ਲਈ ਗਰੀਨਜ਼ ਪਾਰਟੀ ਉਪਰਾਲੇ ਕਰਦੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਵਿੱਚ ਸਮੂਹ ਭਾਈਚਾਰੇ ਦੇ ਸਾਥ ਦੀ ਭਰਪੂਰ ਲੋੜ ਪਵੇਗੀ ਅਤੇ ਉਨ੍ਹਾਂ ਨੂੰ ਯਕੀਨ ਹੈ ਕਿ ਸਮੂਹ ਭਾਈਚਾਰਾ ਉਹਨਾਂ ਦੇ ਹੱਕ ਵਿੱਚ ਨਿੱਤਰੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,