ਸਿੱਖ ਖਬਰਾਂ

ਧਾਰਾ 25 ਬੀ ਵਿੱਚ ਸੋਧ ਦੀ ਮੁਹਿੰਮ ਨੂੰ ਮਿਲ ਰਹੀ ਹੈ ਸਿੱਖਾਂ ਦੀ ਭਾਰੀ ਹਿਮਾਇਤ

December 17, 2014 | By

ਅੰਮ੍ਰਿਤਸਰ (16 ਦਸੰਬਰ, 2014): ਧਾਰਾ 25-ਬੀ ਵਿੱਚ ਸੋਧ ਕਰਕੇ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਦਰਜ ਕੀਤਾ ਜਾਣਾ ਚਾਹੀਦਾ ਹੈ।ਧਾਰਾ 25 ਬੀ ਵਿੱਚ ਸੋਧ ਕਰਵਾਉਣ ਸਬੰਧੀ ਮੁਹਿੰਮ ਬਾਰੇ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤੇ ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਨੇ ਆਖਿਆ ਕਿ ਸਿੱਖ ਭਾਈਚਾਰੇ ਦੀ ਇਹ ਜਾਇਜ਼ ਮੰਗ ਹੈ ਕਿ ਉਨ੍ਹਾਂ ਆਖਿਆ ਕਿ ਇਹ ਢੁਕਵਾਂ ਸਮਾਂ ਹੈ ਕਿ ਸਮੂਹ ਸਿੱਖ ਸੰਸਦ ਮੈਂਬਰ ਇਕੱਠੇ ਹੋ ਕੇ ਇਸ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ।

ਉਨ੍ਹਾਂ ਕਿਹਾ ਕਿ ਇਸ ਸਬੰਧੀ ਭਾਰਤ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਕੋਲ ਵੀ ਪਹੁੰਚ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ 2006 ਜਦੋਂ ਉਹ ਰਾਜ ਸਭਾ ਮੈਂਬਰ ਸਨ ਤਾਂ ਉਨ੍ਹਾਂ ਦੋ ਵਾਰ ਇਹ ਮਾਮਲਾ ਰਾਜ ਸਭਾ ਵਿੱਚ ਉਠਾਇਆ ਸੀ ਪਰ ਬਦਕਿਸਮਤੀ ਨਾਲ ਇਹ ਯਤਨ ਸਫਲ ਨਾ ਹੋ ਸਕਿਆ। ਮਗਰੋਂ 2012 ਵਿੱਚ ਅਕਾਲੀ ਸੰਸਦ ਮੈਂਬਰ ਡਾ. ਰਤਨ ਸਿੰਘ ਅਜਨਾਲਾ ਨੇ ਵੀ ਇਹ ਮੁੱਦਾ ਉਭਾਰਿਆ ਸੀ ਪਰ ਉਸ ਵੇਲੇ ਵੀ ਯਤਨ ਸਫਲ ਨਹੀਂ ਹੋ ਸਕੇ ਸਨ।

ਲਗਭਗ ਤਿੰਨ ਦਹਾਕਿਆਂ ਮਗਰੋਂ ਸੰਵਿਧਾਨ ਦੀ ਧਾਰਾ 25 ‘ਬੀ’, ਜੋ ਕਿ ਸਿੱਖਾਂ ਨੂੰ ਹਿੰਦੂ ਭਾਈਚਾਰੇ ਦਾ ਹਿੱਸਾ ਦਰਸਾਉਂਦੀ ਹੈ, ਵਿੱਚ ਸੋਧ ਕਰਨ ਦੀ ਮੰਗ ਮੁੜ ਜ਼ੋਰ ਫੜਨ ਲੱਗ ਪਈ ਹੈ। ਇਸ ਮੰਗ ਨੂੰ ਸਿੱਖ ਧਾਰਮਿਕ ਆਗੂਆਂ, ਸਿਆਸਤਦਾਨਾਂ ਤੇ ਹੋਰ ਸਿੱਖ ਜਥੇਬੰਦੀਆਂ ਵੱਲੋਂ ਵੱਡੇ ਪੱਧਰ ‘ਤੇ ਉਭਾਰਿਆ ਜਾ ਰਿਹਾ ਹੈ। ਇਸੇ ਦੌਰਾਨ ਅਮਰੀਕਾ ਦੀ ਇੱਕ ਸਿੱਖ ਜਥੇਬੰਦੀ ‘ਸਿੱਖਸ ਫਾਰ ਜਸਟਿਸ’ ਵੱਲੋਂ ਆਨਲਾਈਨ ਪਟੀਸ਼ਨ ‘ਤੇ ਇੱਕ ਲੱਖ ਸਿੱਖਾਂ ਦੇ ਦਸਤਖ਼ਤ ਕਰਾਉਣ ਦੀ ਮੁਹਿੰਮ ਵੀ ਵਿੱਢੀ ਗਈ ਹੈ। ਇਹ ਪਟੀਸ਼ਨ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਸੌਂਪ ਕੇ ਅਪੀਲ ਕੀਤੀ ਜਾਵੇਗੀ ਕਿ ਉਹ ਭਾਰਤ ਦੇ ਪ੍ਰਧਾਨ ਮੰਤਰੀ ‘ਤੇ ਇਸ ਧਾਰਾ ਵਿੱਚ ਸੋਧ ਕਰਨ ਲਈ ਦਬਾਅ ਪਾਉਣ।

ਦੱਸਣਯੋਗ ਹੈ ਕਿ ਇਸ ਮੁੱਦੇ ਦਾ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਵੀ ਸਮਰਥਨ ਕੀਤਾ ਜਾ ਚੁੱਕਿਆ ਹੈ। ਗਿਆਨੀ ਗੁਰਬਚਨ ਸਿੰਘ ਨੇ ਸਿੱਖ ਭਾਈਚਾਰੇ ਨੂੰ ਇਸ ਮੰਗ ਦੀ ਪ੍ਰਾਪਤੀ ਲਈ ਆਨਲਾਈਨ ਪਟੀਸ਼ਨ ‘ਤੇ ਦਸਤਖ਼ਤ ਕਰਨ ਵਾਸਤੇ ਵੀ ਆਖਿਆ ਹੈ ਅਤੇ ਸਿੱਖ ਸੰਸਦ ਮੈਂਬਰਾਂ ਨੂੰ ਇਹ ਮਾਮਲਾ ਸੰਸਦ ਵਿੱਚ ਉਠਾਉਣ ਲਈ ਕਿਹਾ ਹੈ। ਇਸੇ ਤਰ੍ਹਾਂ ਜਥੇਦਾਰ ਅਵਤਾਰ ਸਿੰਘ ਨੇ ਆਖਿਆ ਕਿ ਸਿੱਖ ਇਕ ਵੱਖਰਾ ਧਰਮ ਹੈ, ਜਿਸ ਦਾ ਫਲਸਫਾ, ਸਿਧਾਂਤ, ਤੇ ਰੀਤੀ ਰਿਵਾਜ ਵੱਖਰੇ ਹਨ। ਇਸ ਲਈ ਧਾਰਾ 25-’ਬੀ’ ਵਿੱਚ ਸੋਧ ਕਰਕੇ ਸਿੱਖਾਂ ਨੂੰ ਵੱਖਰੇ ਧਰਮ ਵਜੋਂ ਦਰਜ ਕੀਤਾ ਜਾਣਾ ਚਾਹੀਦਾ ਹੈ।

ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਗੁਰਬਚਨ ਸਿੰਘ ਬਚਨ ਨੇ ਆਖਿਆ ਕਿ ਇਹ ਮਾਮਲਾ ਕੇਂਦਰ ਸਰਕਾਰ ਨੂੰ ਆਪਣੇ ਪੱਧਰ ‘ਤੇ ਹੀ ਹੱਲ ਕਰਨਾ ਚਾਹੀਦਾ ਹੈ ਕਿਉਂਕਿ ਭਾਰਤ ਦਾ ਸੰਵਿਧਾਨ ਸਮੂਹ ਧਰਮਾਂ ਨੂੰ ਆਜ਼ਾਦ ਅਤੇ ਨਿਰਪੱਖ ਢੰਗ ਨਾਲ ਵਿਚਰਨ ਦਾ ਹੱਕ ਦਿੰਦਾ ਹੈ, ਜਿਸ ਤਹਿਤ ਸਿੱਖ, ਜੈਨ ਅਤੇ ਬੁੱਧ ਧਰਮ ਨੂੰ ਵੱਖਰੇ ਧਰਮ ਦਾ ਦਰਜਾ ਮਿਲਣਾ ਚਾਹੀਦਾ ਹੈ।

‘ਆਪ’ ਦੇ ਆਗੂ ਐਡਵੋਕੇਟ ਐਚ.ਐਸ.ਫੂਲਕਾ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਆਪਣਾ ਅਸਰ ਰਸੂਖ ਵਰਤ ਕੇ ਐਨ.ਡੀ.ਏ. ਸਰਕਾਰ ‘ਤੇ ਇਸ ਧਾਰਾ ‘ਚ ਸੋਧ ਕਰਨ ਅਤੇ ਸਿੱਖਾਂ ਨੂੰ ਵੱਖਰੀ ਕੌਮ ਦਾ ਦਰਜਾ ਦਿਵਾਉਣ ਲਈ ਦਬਾਅ ਪਾਉਣ। ਗਰਮ ਖਿਆਲੀ ਜਥੇਬੰਦੀ ਦਲ ਖ਼ਾਲਸਾ ਵੱਲੋਂ ਇਸ ਧਾਰਾ ਦੇ ਖ਼ਤਮ ਹੋਣ ਤੱਕ ਗਣਤੰਤਰ ਦਿਵਸ ਸਮਾਗਮਾਂ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਗਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,