ਸਿੱਖ ਖਬਰਾਂ

ਪੁਲਿਸ ਅਫਸਰ ਬੀਬੀ ਹਰਿੰਦਰ ਕੌਰ ਖਾਲਸਾ ਨੂੰ ਮਿਲੀ ਦਸਤਾਰ ਸਜ਼ਾ ਕੇ ਡਿਊਟੀ ਕਰਨ ਦੀ ਮਨਜ਼ੂਰੀ

By ਸਿੱਖ ਸਿਆਸਤ ਬਿਊਰੋ

October 11, 2014

ਕੈਲੀਫ਼ੋਰਨੀਆ, ਅਮਰੀਕਾ ( 10 ਅਕਤੂਬਰ, 2014):  ਦੋ ਕੁ ਸਾਲ ਪਹਿਲਾਂ ਪੇਸ਼ ‘ਏ ਬੀ 1964 ਬਿੱਲ ਜਿਸ ਉੱਤੇ ਗਵਰਨਰ ਜੈਰੀ ਬਰਾਊਨ ਨੇ ਹਸਤਾਖਰ ਕਰ ਕੇ ਉਸ ਨੂੰ ਕਾਨੂੰਨ ਦਾ ਰੂਪ ਦਿੱਤਾ, ਨੇ ਕੈਲੀਫੋਰਨੀਆਂ ਸੂਬੇ ਵਿੱਚ ਪੁਲਿਸ ਵਿਭਾਗ ਵਿੱਚ ਨੌਕਰੀ ਕਰਦੀ ਦਸਤਾਰਧਾਰੀ ਸਿੱਖ ਬੀਬੀ ਹਰਿੰਦਰ ਕੌਰ ਖਾਲਸਾ ਲਈ ਆਪਣੀ ਸਰਾਕਰੀ ਡਿਉਟੀ ਨਿਭਾਉਣ ਦੇ ਨਾਲ ਨਾਲ ਉਸ ਲਈ ਧਾਰਮਕਿ ਜੀਵਨ ਦੀ ਮਰਿਆਦਾ ਨਿਭਾਉਣਾ ਵੀ ਸੁਖਾਲਾ ਕਰ ਦਿੱਤਾ।

ਗਵਰਨਰ ਜੈਰੀ ਬਰਾਊਨ ਨੇ ਉਸ ਬਿਲ ਉਤੇ ਹਸਤਾਖਰ ਕਰ ਕੇ ਉਸ ਨੂੰ ਕਾਨੂੰਨ ਦਾ ਰੂਪ ਦਿੱਤਾ, ਜਿਸ ਦੀ ਮਦਦ ਨਾਲ਼ ਕੈਲੀਫ਼ੋਰਨੀਆ ‘ਚ ਕੰਮਕਾਜ ਵਾਲ਼ੇ ਸਥਾਨਾਂ ਭਾਵ ਦਫ਼ਤਰਾਂ ਜਾਂ ਫ਼ੈਕਟਰੀਆ ਵਿੱਚ ਧਾਰਮਿਕ ਆਜ਼ਾਦੀ ਮਿਲ਼ ਗਈ। ਇਹ ਕਾਨੂੰਨ ਕਿਸੇ ਵੀ ਕੰਮ ਵਾਲ਼ੇ ਸਥਾਨ ਉਤੇ ਧਰਮ ਦੇ ਆਧਾਰ ਉਤੇ ਕਾਮਿਆਂ ਜਾਂ ਮੁਲਾਜ਼ਮਾਂ ‘ਚ ਵੰਡੀਆਂ ਪਾਉਣ ਤੋਂ ਵਰਜਦਾ ਹੈ ਤੇ ਹਰੇਕ ਮੁਲਾਜ਼ਮ ਤੇ ਕਾਮੇ ਨੂੰ ਆਪਣੇ ਧਰਮ ਮੁਤਾਬਕ ਵਿਚਰਨ ਦੀ ਆਜ਼ਾਦੀ ਦਿੰਦਾ ਹੈ।

ਬੀਬੀ ਹਰਿੰਦਰ ਕੌਰ ਖ਼ਾਲਸਾ ਸਾਲ 2004 ਦੌਰਾਨ ਸੂਬੇ ਦੀ ਐਲਾਮੀਡਾ ਕਾਊਂਟੀ ਦੇ ਉਚ ਪੁਲਿਸ ਅਧਿਕਾਰੀ ਨਿਯੁਕਤ ਹੋਏ ਸਨ। 2009 ‘ਚ ਉਨ੍ਹਾਂ ਅੰਮ੍ਰਿਤ ਛਕ ਲਿਆ ਸੀ ਤੇ ਸਦਾ ਦਸਤਾਰ ਸਜਾਉਣ ਦਾ ਫ਼ੈਸਲਾ ਲਿਆ ਸੀ ਪਰ ਉਹ ਡਿਪਟੀ ਸ਼ੈਰਿਫ਼ ਦੇ ਅਹੁਦੇ ‘ਤੇ ਨਿਯੁਕਤ ਹੋਣ ਦੇ ਬਾਵਜੂਦ ਡਿਊਟੀ ‘ਤੇ ਦਸਤਾਰ ਨਹੀਂ ਸਜਾ ਸਕਦੇ ਸਨ; ਜਿਸ ਕਰ ਕੇ ਉਨ੍ਹਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਸੀ। ਤਦ ਕੈਲੀਫ਼ੋਰਨੀਆ ‘ਚ ਕੋਈ ਵੀ ਬਾਵਰਦੀ ਪੁਲਿਸ ਅਧਿਕਾਰੀ ਦਸਤਾਰ ਨਹੀਂ ਸਜਾ ਸਕਦਾ ਸੀ।

ਅਖ਼ੀਰ ਵਿਭਾਗ ਨੇ ਉਨ੍ਹਾਂ ਨੂੰ ਇੱਕ ਰਾਹ ਸੁਝਾਇਆ ਸੀ ਕਿ ਉਨ੍ਹਾਂ ਨੂੰ ਇੱਕ ਥਾਂ ਡੈਸਕ ਉਤੇ ਬੈਠਣ ਦੀ ਅਜਿਹੀ ਡਿਉਟੀ ਦਿੱਤੀ ਜਾ ਸਕਦੀ ਹੈ, ਜਿੱਥੇ ਵਰਦੀ ਨਹੀਂ ਪਾਉਣ ਦੀ ਲੋੜ ਨਹੀਂ ਹੋਵੇਗੀ। ਸ੍ਰੀਮਤੀ ਖ਼ਾਲਸਾ ਨੇ ਵਿਭਾਗ ਦੀ ਉਹ ਸਲਾਹ ਮੰਨ ਲਈ ਪਰ ਡਿਊਟੀ ‘ਤੇ ਦਸਤਾਰ ਨਹੀਂ ਤਿਆਗੀ। ਤਿੰਨ ਵਰ੍ਹੇ ਉਨ੍ਹਾਂ ਇੰਝ ਹੀ ਆਮ ਜਨਤਾ ਤੋਂ ਦੂਰ ਰਹਿ ਕੇ ਹੀ ਕੱਟੇ।

ਇਹ ‘ਸਿੱਖ ਕੁਲੀਸ਼ਨ’ ਜਿਹੀਆਂ ਮਨੁੱਖੀ ਅਧਿਕਾਰ ਜੱਥੇਬੰਦੀਆਂ ਲਈ ਵੀ ਇੱਕ ਇਤਿਹਾਸਕ ਜਿੱਤ ਸੀ। ਬੀਬੀ ਹਰਿੰਦਰ ਕੌਰ ਖ਼ਾਲਸਾ ਜਨਵਰੀ 2013 ਤੋਂ ਬਾਵਰਦੀ ਡਿਊਟੀ ‘ਤੇ ਬਾਕਾਇਦਾ ਦਸਤਾਰ ਸਜਾ ਕੇ ਜਾਣ ਲੱਗੇ। ਸ੍ਰੀਮਤੀ 2004 ਕੈਲੀਫ਼ੋਰਨੀਆ ਦੇ ਪੁਲਿਸ ਵਿਭਾਗ ਵਿੱਚ ਭਰਤੀ ਹੋਣ ਤੋਂ ਪਹਿਲਾਂ ਸਮਾਜ ਸੇਵਕਾ ਸਨ। ਉਨ੍ਹਾਂ 2005 ‘ਚ ਪੁਲਿਸ ਅਕੈਡਮੀ ਤੋਂ ਗਰੈਜੂਏਸ਼ਨ ਕੀਤੀ ਸੀ ਤੇ ਉਨ੍ਹਾਂ ਦੀਆਂ ਸੇਵਾਵਾਂ ਡਿਪਟੀ ਸ਼ੈਰਿਫ਼ ਵਜੋਂ ਲਈਆਂ ਗਈਆਂ ਸਨ।

ਉਨ੍ਹਾਂ ਨੂੰ ਆਮ ਜਨਤਾ ‘ਚ ਵਿਚਰ ਕੇ ਕੰਮ ਕਰਨਾ ਬਹੁਤ ਪਸੰਦ ਹੈ ਤੇ ਉਹ ਕੰਮ ਦੇ ਸਮੇਂ ਦੌਰਾਨ ਆਪਣੀ ਪੰਜਾਬੀ ਭਾਸ਼ਾ ਦੀ ਮੁਹਾਰਤ ਨੂੰ ਵੀ ਬਾਖ਼ੂਬੀ ਵਰਤਦੇ ਹਨ ਤੇ ਇੰਝ ਉਨ੍ਹਾਂ ਨੂੰ ਸੰਭਾਵੀ ਖ਼ਤਰਨਾਕ ਸਥਿਤੀਆਂ ਦੇ ਜੋਖਮ ਘਟਾਉਣ ਵਿੱਚ ਬਹੁਤ ਮਦਦ ਮਿਲ਼ਦੀ ਹੈ।

ਬੀਬੀ ਹਰਿੰਦਰ ਕੌਰ ਖ਼ਾਲਸਾ ਤੇ ਉਨ੍ਹਾਂ ਜਿਹੇ ਅਨੇਕਾਂ ਹੋਰ ਵਿਅਕਤੀਆਂ ਨੂੰ ਇਹ ਧਾਰਮਿਕ ਆਜ਼ਾਦੀ ਨਹੀਂ ਮਿਲ਼ ਸਕਣੀ ਸੀ, ਜੇ ਕੈਲੀਫ਼ੋਰਨੀਆ ਦੀ ਸਮੂਹ ਸਿੱਖ ਸੰਗਤ ਇਸ ਮਾਮਲੇ ‘ਚ ਇੱਕਜੁਟ ਹੰਭਲ਼ਾ ਨਾ ਮਾਰਦੀ। ਸਿੱਖ ਆਗੂਆਂ ਨੂੰ ਬਹੁਤ ਵਾਰ ਕੈਲੀਫ਼ੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ‘ਚ ਸੁਣਵਾਈਆਂ ਲਈ ਜਾਣਾ ਪੈਂਦਾ ਰਿਹਾ ਤੇ ਉਨ੍ਹਾਂ ਨੇ ਏ ਬੀ 1964 ਪ੍ਰਤੀ ਆਪਣਾ ਸਮਰਥਨ ਪ੍ਰਗਟ ਕੀਤਾ। ਇਹ ਬਿਲ ਵਿਧਾਇਕ ਮੈਰਿਕੋ ਯਮਾਡਾ ਨੇ ਵਿਧਾਨ ਸਭਾ ‘ਚ ਪੇਸ਼ ਕੀਤਾ ਸੀ ਤੇ ‘ਸਿੱਖ ਕੁਲੀਸ਼ਨ’ ਨੇ ਇਸ ਨੂੰ ਸਪਾਂਸਰ ਕੀਤਾ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: