ਆਈਜੀ (ਜੇਲ੍ਹਾਂ) ਆਰ ਕੇ ਅਰੋੜਾ ਅਤੇ ਹੋਰ ਅਧਿਕਾਰੀ ਦੀਵਾਰ ਦੇ ਉਸ ਹਿੱਸੇ ਦਾ ਜਾਇਜ਼ਾ ਲੈਂਦੇ ਹੋਏ, ਜਿਥੋਂ ਦੋ ਹਵਾਲਾਤੀ ਫ਼ਰਾਰ ਹੋਏ ਹਨ

ਖਾਸ ਖਬਰਾਂ

ਲੁਧਿਆਣਾ ਕੇਂਦਰੀ ਜੇਲ੍ਹ ਵਿਚੋਂ ਫਰਾਰ ਹੋਏ ਦੋ ਹਵਾਲਾਤੀ

By ਸਿੱਖ ਸਿਆਸਤ ਬਿਊਰੋ

May 15, 2018

ਲੁਧਿਆਣਾ: ਇਥੋਂ ਦੀ ਕੇਂਦਰੀ ਜੇਲ੍ਹ ’ਚੋਂ ਦੋ ਹਵਾਲਾਤੀ ਭਰਾ ਅਮਲੋਹ ਦੇ ਹਰਵਿੰਦਰ ਸਿੰਘ ਅਤੇ ਜਸਬੀਰ ਸਿੰਘ ਫ਼ਰਾਰ ਹੋ ਗਏ ਹਨ। ਉਨ੍ਹਾਂ ਦੇ ਫ਼ਰਾਰ ਹੋਣ ਦਾ ਪਤਾ ਉਸ ਸਮੇਂ ਲੱਗਿਆ, ਜਦੋਂ ਜੇਲ੍ਹ ਪ੍ਰਸ਼ਾਸਨ ਐਤਵਾਰ ਰਾਤ ਨੂੰ ਕੈਦੀਆਂ ਅਤੇ ਹਵਾਲਾਤੀਆਂ ਨੂੰ ਬੈਰਕਾਂ ’ਚ ਬੰਦ ਕਰ ਰਿਹਾ ਸੀ। ਪਹਿਲਾਂ ਤਾਂ ਜੇਲ੍ਹ ਅਧਿਕਾਰੀ ਅਤੇ ਮੁਲਾਜ਼ਮ ਦੋਹਾਂ ਨੂੰ ਆਪਣੇ ਪੱਧਰ ’ਤੇ ਲੱਭਦੇ ਰਹੇ ਪਰ ਜਦੋਂ ਉਨ੍ਹਾਂ ਦਾ ਕੁਝ ਵੀ ਪਤਾ ਨਾ ਲਗਿਆ ਤਾਂ ਪੁਲੀਸ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ। ਜੇਲ੍ਹ ਪ੍ਰਸ਼ਾਸਨ ਨੂੰ ਸ਼ੱਕ ਹੈ ਕਿ ਦੋਵੇਂ ਮੁਲਜ਼ਮ ਜੇਲ੍ਹ ਦੀ 15 ਫੁੱਟ ਉੱਚੀ ਦੀਵਾਰ ਨੂੰ ਫਿਲਮੀ ਸਟਾਈਲ ਵਿੱਚ ਟੱਪ ਕੇ ਫ਼ਰਾਰ ਹੋਏ ਹਨ।

ਹਵਾਲਾਤੀਆਂ ਦੇ ਫ਼ਰਾਰ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਸੋਮਵਾਰ ਸਵੇਰੇ ਆਈਜੀ ਜੇਲ੍ਹ ਆਰ ਕੇ ਅਰੋੜਾ, ਡੀਆਈਜੀ ਲਖਵੀਰ ਸਿੰਘ ਜਾਖੜ, ਏਡੀਸੀਪੀ-4 ਰਾਜਵੀਰ ਸਿੰਘ ਬੋਪਾਰਾਏ ਅਤੇ ਥਾਣਾ ਡਵੀਜ਼ਨ ਨੰਬਰ 7 ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਹਰਵਿੰਦਰ ਸਿੰਘ ਅਤੇ ਜਸਬੀਰ ਸਿੰਘ ਖਿਲਾਫ਼ ਕੇਸ ਦਰਜ ਕਰ ਲਿਆ ਹੈ।

ਦੱਸਣਯੋਗ ਹੈ ਕਿ ਵੱਖ-ਵੱਖ ਅਪਰਾਧਿਕ ਮਾਮਲਿਆਂ ’ਚ ਜੇਲ੍ਹ ਅੰਦਰ ਬੰਦ ਕੈਦੀਆਂ ਅਤੇ ਹਵਾਲਾਤੀਆਂ ਨੂੰ ਸਵੇਰੇ ਬੈਰਕਾਂ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਅਤੇ ਦੇਰ ਸ਼ਾਮ ਨੂੰ ਬੈਰਕਾਂ ’ਚ ਦੁਬਾਰਾ ਬੰਦ ਕੀਤਾ ਜਾਂਦਾ ਹੈ। ਇਸ ਤੋਂ ਪਹਿਲਾਂ ਸਾਰਿਆਂ ਦੀ ਹਾਜ਼ਰੀ ਲੱਗਦੀ ਹੈ। ਐਤਵਾਰ ਸ਼ਾਮ ਨੂੰ ਹਾਜ਼ਰੀ ਲਾਉਣ ਸਮੇਂ ਪਤਾ ਲੱਗਿਆ ਕਿ ਹਰਵਿੰਦਰ ਸਿੰਘ ਅਤੇ ਜਸਬੀਰ ਸਿੰਘ ਗਾਇਬ ਹਨ। ਇਸੇ ਦੌਰਾਨ ਕਿਸੇ ਨੇ ਦੱਸਿਆ ਕਿ ਦੋਵੇਂ ਜਣੇ ਰਸੋਈ ਵੱਲ ਗਏ ਸਨ। ਮੁਲਾਜ਼ਮਾਂ ਨੇ ਸਾਰੀ ਜੇਲ੍ਹ ਛਾਣ ਮਾਰੀ ਪਰ ਦੋਹਾਂ ਦਾ ਕੁਝ ਵੀ ਪਤਾ ਨਹੀਂ ਲੱਗਿਆ। ਪੁਲੀਸ ਸ਼ੱਕ ਜਤਾ ਰਹੀ ਹੈ ਕਿ ਦੋਵੇਂ ਮੁਲਜ਼ਮ ਐਂਟਰੀ ਗੇਟ ਨਾਲ ਸੱਜੇ ਪਾਸਿਓਂ ਕੰਧ ਟੱਪ ਕੇ ਫ਼ਰਾਰ ਹੋਏ ਹਨ।

ਦੋਵੇਂ ਹਵਾਲਾਤੀਆਂ ਦੇ ਜੇਲ੍ਹ ’ਚੋਂ ਫ਼ਰਾਰ ਹੋਣ ਮਗਰੋਂ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਗਏ ਹਨ। ਚਰਚਾ ਹੈ ਕਿ ਮੁਲਜ਼ਮ ਇੱਕ ਦਿਨ ’ਚ ਇੰਨੀ ਵੱਡੀ ਯੋਜਨਾ ਤਿਆਰ ਕਰਕੇ ਫ਼ਰਾਰ ਨਹੀਂ ਹੋ ਸਕਦੇ। ਜੇਲ੍ਹ ਦੇ ਚਾਰੇ ਪਾਸੇ 15 ਫੁੱਟ ਤੋਂ ਵੀ ਜ਼ਿਆਦਾ ਉੱਚੀ ਕੰਧ ਹੈ ਜਿਸ ਨੂੰ ਇਕੱਲਿਆਂ ਪਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਭੱਜਣ ਲਈ ਕਿਸੇ ਵਿਅਕਤੀ ਦੀ ਜ਼ਰੂਰ ਮਦਦ ਲਈ ਹੋਵੇਗੀ। ਪੁਲੀਸ ਕਈ ਪਹਿਲੂਆਂ ’ਤੇ ਕੰਮ ਕਰ ਰਹੀ ਹੈ। ਪੁਲੀਸ ਇਹ ਵੀ ਜਾਂਚ ਕਰ ਰਹੀ ਹੈ ਕਿ ਪਿਛਲੇ ਦਿਨਾਂ ’ਚ ਉਨ੍ਹਾਂ ਨੂੰ ਕੌਣ ਕੌਣ ਮਿਲਣ ਆਇਆ ਸੀ। ਏਡੀਸੀਪੀ-4 ਰਾਜਵੀਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਪੁਲੀਸ ਦੋਵੇਂ ਫ਼ਰਾਰ ਮੁਲਜ਼ਮਾਂ ਦਾ ਪਤਾ ਲਾਉਣ ’ਚ ਜੁਟੀ ਹੋਈ ਹੈ।

ਜੇਲ੍ਹ ਮੰਤਰੀ ਵੱਲੋਂ ਜਾਂਚ ਦੇ ਹੁਕਮ ਚੰਡੀਗੜ੍ਹ: ਲੁਧਿਆਣਾ ਕੇਂਦਰੀ ਜੇਲ੍ਹ ਵਿੱਚੋਂ ਦੋ ਹਵਾਲਾਤੀਆਂ ਦੇ ਫ਼ਰਾਰ ਹੋਣ ਦੀ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਜਾਰੀ ਕਰਦਿਆਂ ਆਈਜੀ (ਜੇਲ੍ਹ) ਨੂੰ ਦੋ ਦਿਨਾਂ ਦੇ ਅੰਦਰ ਜਾਂਚ ਰਿਪੋਰਟ ਸੌਂਪਣ ਦੇ ਆਦੇਸ਼ ਦਿੱਤੇ ਹਨ। ਅੱਜ ਇਥੇ ਜਾਰੀ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਜੇਲ੍ਹ ਵਿੱਚੋਂ ਹਵਾਲਾਤੀਆਂ ਦਾ ਫ਼ਰਾਰ ਹੋਣਾ ਬਹੁਤ ਗੰਭੀਰ ਮਾਮਲਾ ਹੈ ਜਿਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਹੋਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: