ਧਰਮ ਯੁੱਧ ਮੋਰਚੇ ਦੀ 35ਵੀਂ ਵਰ੍ਹੇਗੰਢ ਮਨਾਉਂਦਿਆਂ ਯੂਨਾਈਟਿਡ ਅਕਾਲੀ ਦਲ ਵਲੋਂ ਕੱਢਿਆ ਗਿਆ 'ਚਿਤਾਵਨੀ ਮਾਰਚ'

ਸਿਆਸੀ ਖਬਰਾਂ

‘ਧਰਮ ਯੁੱਧ ਮੋਰਚੇ’ ਦੀ 35ਵੀਂ ਵਰ੍ਹੇਗੰਢ ਮਨਾਉਂਦਿਆਂ ਯੂਨਾਈਟਿਡ ਦਲ ਵਲੋਂ ਕੱਢਿਆ ਗਿਆ ‘ਚਿਤਾਵਨੀ ਮਾਰਚ’

By ਸਿੱਖ ਸਿਆਸਤ ਬਿਊਰੋ

August 04, 2017

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਅਗਸਤ 1982 ਵਿੱਚ ਸ਼੍ਰੋਮਣੀ ਅਕਾਲੀ ਦਲ ਵਲੋਂ ਆਰੰਭੇ ਧਰਮ ਯੁੱਧ ਮੋਰਚੇ ਦੀ 35ਵੀਂ ਯਾਦ ਮਨਾਉਂਦਿਆਂ ਯੂਨਾਈਟਿਡ ਅਕਾਲੀ ਦਲ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਥਾਨਕ ਕੋਤਵਾਲੀ ਚੌਂਕ ਤੀਕ ਇੱਕ ਚੇਤਾਵਨੀ ਮਾਰਚ ਦਾ ਪ੍ਰਬੰਧ ਕੀਤਾ ਗਿਆ। ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ, ਵੱਸਣ ਸਿੰਘ ਜਫਰਵਾਲ, ਸਤਨਾਮ ਸਿੰਘ ਮਨਾਵਾਂ ਦੀ ਅਗਵਾਈ ਵਿੱਚ ਦਲ ਦੇ ਕਾਰਜਕਰਤਾ ਗੁਰਦੁਆਰਾ ਸੰਤੋਖ ਸਰ ਵਿਖੇ ਇੱਕਤਰ ਹੋਏ ਜਿਥੋਂ ਇਕ ਜਲੂਸ ਦੀ ਸ਼ਕਲ ਵਿੱਚ ਅਕਾਲ ਤਖਤ ਸਾਹਿਬ ਪੁਜੇ।

ਅਕਾਲ ਤਖਤ ਸਾਹਿਬ ਦੇ ਸਨਮੁੱਖ ਅਰਦਾਸ ਕਰਦਿਆਂ ਯੂਨਾਈਟਿਡ ਅਕਾਲੀ ਦਲ ਦੇ ਆਗੂਆਂ ਨੇ ਦਾਅਵਾ ਕੀਤਾ ਕਿ ਉਹ ਪੰਜਾਬ ਤੇ ਸਿੱਖਾਂ ਦੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਜਾਰੀ ਰੱਖਣਗੇ। ਅਰਦਾਸ ਉਪਰੰਤ ਯੂਨਾਈਟਿਡ ਅਕਾਲੀ ਦਲ ਦੇ ਇਹ ਸਾਰੇ ਹੀ ਆਗੂ ਤੇ ਵਰਕਰ ਇੱਕ ਵਾਰ ਫਿਰ ਕੋਤਵਾਲੀ ਚੌਂਕ ਪੁਜੇ ਜਿਥੇ ਸੂਬੇ ਦੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਕੇਂਦਰ ਸਰਕਾਰ ਦੇ ਨਾਮ ਇਕ ਮੰਗ ਪੱਤਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪਿਆ ਗਿਆ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੋਹਕਮ ਸਿੰਘ ਨੇ ਦੱਸਿਆ ਕਿ ਜੁਲਾਈ 1982 ਵਿਚ ਜੋ ਧਰਮ ਯੁਧ ਮੋਰਚਾ ਸ਼ੁਰੂ ਕੀਤਾ ਗਿਆ ਸੀ ਅਤੇ ਉਸ ਵਿਚ ਪਹਿਲਾ ਜਥਾ ਪ੍ਰਕਾਸ਼ ਸਿੰਘ ਬਾਦਲ ਲੈਕੇ ਗਏ। ਉਨ੍ਹਾਂ ਦੱਸਿਆ ਕਿ ਇਸ ਧਰਮ ਯੁੱਧ ਮੋਰਚੇ ਕਾਰਣ ਹੀ ਸ੍ਰੀ ਦਰਬਾਰ ਸਾਹਿਬ ‘ਤੇ ਫੌਜੀ ਹਮਲਾ ਹੋਇਆ। ਸਿੱਖ ਨੌਜੁਆਨਾਂ ਦੀਆਂ ਸ਼ਹਾਦਤਾ ਹੋਈਆਂ, ਅਕਾਲੀ ਦਲ ਨੂੰ ਰਾਜਭਾਗ ਵੀ ਮਿਲਿਆ ਪਰ ਧਰਮ ਯੁੱਧ ਮੋਰਚੇ ਦੌਰਾਨ ਸਰਕਾਰ ਮੂਹਰੇ ਰੱਖੀਆਂ ਗਈਆਂ ਮੰਗਾਂ ਅਜੇ ਵੀ ਪ੍ਰਵਾਨਗੀ ਉਡੀਕ ਰਹੀਆਂ ਹਨ। ਭਾਈ ਮੋਹਕਮ ਸਿੰਘ ਨੇ ਕੇਂਦਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਅਸੀਂ ਧਰਮ ਯੁਧ ਮੋਰਚਾ ਨਾ ਹਾਰਿਆ ਹੈ ਨਾ ਜਿੱਤਿਆ ਹੈ ਤੇ ਸੰਘਰਸ਼ ਜਾਰੀ ਹੈ ਤੇ ਰਹੇਗਾ ਜਦ ਤੀਕ ਸਾਡੀਆਂ ਮੰਗਾਂ ਪ੍ਰਵਾਨ ਨਹੀ ਹੁੰਦੀਆਂ। ਚਿਤਾਵਨੀ ਮਾਰਚ ਵਿੱਚ ਸ਼ਾਮਲ ਪਾਰਟੀ ਵਰਕਰਾਂ ਨੇ ਪੰਜਾਬ ਦੇ ਦਰਿਆਈ ਪਾਣੀਆਂ ਦੀ ਵੰਡ, ਜੇਲ੍ਹਾਂ ਵਿੱਚ ਨਜ਼ਰਬੰਦ ਸਿੱਖਾਂ ਦੀ ਰਿਹਾਈ, ਚੰਡੀਗੜ੍ਹ ਪੰਜਾਬ ਨੂੰ ਦਿੱਤੇ ਜਾਣ ਅਤੇ ਅਨੰਦਪੁਰ ਸਾਹਿਬ ਦੇ ਮਤੇ ਵਿੱਚ ਦਰਜ ਮੰਗਾਂ ਦੀ ਪੂਰਤੀ ਦੀ ਮੰਗ ਦੇ ਬੈਨਰ ਫੜੇ ਹੋਏ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: