ਵਿਦੇਸ਼ » ਸਿੱਖ ਖਬਰਾਂ

ਸਿੱਖ ਨੌਜਵਾਨਾਂ ਵੱਲੋਂ ਯੂ.ਕੇ. ਵਿੱਚ ਖਾਲਸਾ ਰਾਜ ਦੀ ਪ੍ਰਾਪਤੀ ਲਈ ਜੂਝਣ ਵਾਲੇ ਸ਼ਹੀਦਾਂ ਦੀ ਯਾਦ ‘ਚ ਸਲਾਨਾ ਸਮਾਗਮ ਕਰਵਾਇਆ

March 9, 2020 | By

ਲੰਡਨ: ਯੂ.ਕੇ. ਦੇ ਸਿੱਖ ਨੌਜਵਾਨਾਂ ਵੱਲੋਂ ਦਸ਼ਮੇਸ਼ ਦਰਬਾਰ ਗੁਰਦੁਆਰਾ ਲੈਸਟਰ ਵਿਖੇ ਖਾਲਸਾ ਰਾਜ ਲਈ ਜੂਝਣ ਵਾਲੇ ਸ਼ਹੀਦਾਂ ਅਤੇ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਨੂੰ ਸਮਰਪਿਤ ਸਲਾਨਾ ਸਮਾਗਮ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਬੜੇ ਹੀ ਜੋਸ ਖਰੋਸ਼ ਨਾਲ ਕਰਵਾਇਆ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਜਰਨੈਲ ਸਿੰਘ ਰਾਣਾ ਨੇ ਸਿੱਖ ਨੌਜਵਾਨਾਂ  ਦੀ ਤਰਫੋਂ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਸ਼ਹੀਦ ਭਾਈ ਹਰਮਿੰਦਰ ਸਿੰਘ ਨਿਹੰਗ ਉਰਫ ਮਿੰਟੂ ਅਤੇ ਸ਼ਹੀਦ ਭਾਈ ਹਰਮੀਤ ਸਿੰਘ ਉਰਫ ਪੀ.ਐਚ.ਡੀ ਦੀਆਂ ਤਸਵੀਰਾਂ ਭੇਟ ਕਰਦਿਆਂ ਸਿਰੋਪਾਉ ਨਾਲ ਸਨਮਾਨਿਤ ਕੀਤਾ।

ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਕਤ ਦੋਵਾਂ ਸ਼ਹੀਦਾਂ ਦੀਆਂ ਤਸਵੀਰਾਂ ਉਸੇ ਵਕਤ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿੱਚ ਬਣੀ ਸ਼ਹੀਦੀ ਗੈਲਰੀ ਵਿੱਚ ਸ਼ੁਸੋਭਿਤ ਕਰ ਦਿੱਤੀਆਂ ਗਈਆ, ਜਿਸਦਾ ਸਿੱਖ ਸੰਗਤਾਂ ਨੇ ਜੈਕਾਰਿਆਂ ਨਾਲ ਸਵਾਗਤ ਕੀਤਾ। ਯੂਨਾਈਟਿਡ ਖਾਲਸਾ ਦਲ ਯੂ.ਕੇ ਦੇ ਜਨਰਲ ਸਕੱਤਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਸਿੱਖ ਸੰਗਤਾਂ ਨੂੰ ਖਾਲਸਾ ਰਾਜ ਦੀ ਪ੍ਰਾਪਤੀ ਲਈ ਜੂਝਣ ਵਾਲੇ ਸ਼ਹੀਦਾਂ ਸਿੱਖ ਮਸਲਿਆਂ ਅਤੇ ਸਿੱਖ ਦੇ ਕੋਮੀ ਨਿਸ਼ਾਨੇ ਬਾਰੇ ਵਾਰ-ਵਾਰ ਜਾਣੂ ਕਰਵਾਉਦਿਆਂ ਇਸ ਦੀ ਪੂਰਤੀ ਲਈ ਯਤਨਸ਼ੀਲ ਕਾਫਲਿਆਂ ਦਾ ਸਾਥ ਦੇਣ ਦੀ ਅਪੀਲ ਕੀਤੀ।

ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਬਾਰੇ ਬੋਲਦਿਆਂ ਆਖਿਆ ਗਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਸਰਵਉੱਚ ਹੈ ਅਤੇ ਸਦਾ ਹੀ ਸਰਵਉੱਚ ਰਹੇਗਾ। ਇਸ ਨਾਲ ਟਕਰਾਉਣ ਵਾਲਿਆਂ  ਦਾ ਸਦਾ ਹੀ ਹਸ਼ਰ ਮਾੜਾ ਹੋਇਆ ਹੈ, ਕਿਉਂਕਿ ਇਸਦੀ ਸਿਰਜਣਾ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੁਕਮ ਨਾਲ ਉਹਨਾਂ ਦੀ ਨਿਗਰਾਨੀ ਹੇਠ ਸਤਿਕਾਰਯੋਗ ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਜੀ ਵਰਗੇ ਬ੍ਰਹਮ ਗਿਆਨੀ ਮਹਾਂਪੁਰਖਾਂ ਦੇ ਕਰ ਕਮਲਾਂ ਨਾਲ ਕੀਤੀ ਗਈ ਹੈ। ਇਸ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਖਾਲਸਾ ਰਾਜ ਦੀ ਪ੍ਰਾਪਤੀ ਲਈ ਜੂਝਣ ਵਾਲੇ ਸਹੀਦਾਂ ਬਾਰੇ ਗਲਤ ਪ੍ਰਚਾਰ ਕਰਨ ਵਾਲ਼ਿਆਂ ਤੋਂ ਕੌਮ ਸੁਚੇਤ ਰਹੇ ਕਿਉਂਕਿ ਕਿ ਇਹ ਸੰਘਰਸ਼ ਹੱਕ, ਸੱਚ, ਇਨਸਾਫ ਅਤੇ ਧਰਮ ਤੇ ਆਧਾਰਿਤ ਹੈ ਅਤੇ ਖਾੜਕੂ ਯੋਧਿਆਂ ਦੀਆਂ ਕੁਰਬਾਨੀਆਂ ਮਹਾਨ ਹਨ। ਜਿਹਨਾਂ ਯੋਧਿਆਂ ਨੇ ਇਸ ਕੌਮੀ ਸੰਘਰਸ਼ ਵਿੱਚ ਯੋਗਦਾਨ ਪਾਇਆ ਉਹਨਾਂ ਦਾ ਕੋਈ ਨਿੱਜੀ ਮੁਫਾਦ ਨਹੀਂ ਸੀ।

ਭਾਈ ਹਰਦੀਪ ਸਿੰਘ ਮਾਨੋਚਾਹਲ ਦੇ ਢਾਡੀ ਜਥੇ ਨੇ ਖਾਲਸਾ ਪੰਥ ਦੇ ਸ਼ਹੀਦਾਂ ਸੰਬੰਧੀ ਪ੍ਰਸੰਗ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸਿੱਖ ਨੌਜਵਾਨਾਂ ਦੀ ਹਾਰਦਿਕ ਪ੍ਰਸੰਸਾ ਕੀਤੀ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਭਾਈ ਦੀਪਾ ਸਿੰਘ ਵੱਲੋਂ ਯੂ.ਕੇ ‘ਚ ਰਹਿਣ ਵਾਲੇ ਸਿੱਖ ਨੌਜਵਾਨਾਂ ਅਤੇ ਸਿੱਖ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਸਿੱਖਾਂ ਅਤੇ ਸਿੱਖੀ ਦੀ ਕਾਤਲ ਕਾਂਗਰਸ ਸਿੱਖਾਂ ਅਤੇ ਸਿੱਖੀ ਨਾਲ ਵਿਸ਼ਵਾਸਘਾਤ ਕਰਨੇ ਵਾਲੇ ਬਾਦਲਕਿਆਂ ਨੂੰ ਅਤੇ ਸਿੱਖ ਵਿਰੋਧੀ ਲਾਬੀ ਨੂੰ ਸਪਸ਼ਟ ਸੁਨੇਹਾ ਦਿੱਤਾ ਗਿਆ ਕਿ ਸਰਬੱਤ ਦੇ ਭਲੇ ਲਈ ਖਾਲਸਾ ਰਾਜ ਦੀ ਪ੍ਰਾਪਤੀ ਹੀ ਸਿੱਖਾਂ ਦਾ ਕੌਮੀ ਨਿਸ਼ਾਨਾ ਹੈ ਅਤੇ ਇਸ ਵਾਸਤੇ ਸੰਘਰਸ਼ ਨਿਰੰਤਰ ਜਾਰੀ ਰੱਖਾਂਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,