ਸਿੱਖ ਖਬਰਾਂ

ਹੋਲੇ-ਮਹੱਲੇ ਉੱਤੇ ਜਾਰੀ ਹੋਵੇਗਾ ‘ਸਿੱਖ ਸ਼ਹਾਦਤ’ ਦਾ ਵਿਸ਼ੇਸ਼ ਅੰਕ

March 12, 2022 | By

ਸ੍ਰੀ ਅਨੰਦਪੁਰ ਸਾਹਿਬ: ਜੁਝਾਰੂ ਸੰਘਰਸ਼ ਤੋਂ ਬਾਅਦ ਦਿੱਲੀ ਦਰਬਾਰ ਦੇ ਸੰਘਰਸ਼ ਵਿਰੋਧੀ ਬਿਰਤਾਂਤ ਨੂੰ ਟੱਕਰ ਦੇ ਕੇ ਸੰਘਰਸ਼ ਦੇ ਅਗਲੇ ਪੜਾਵਾਂ ਲਈ ਮੁੜ ਕਤਾਰਬੰਦ ਵਿਚ ਅਹਿਮ ਭੂਮਿਕਾ ਨਿਭਾਉਣ ਵਾਲਾ ਮਾਸਿਕ ਰਸਾਲਾ ਸਿੱਖ ਸ਼ਹਾਦਤ ਮਾਰਚ 2000 ਤੋਂ ਅਗਸਤ 2009 ਤੱਕ ਛਪਦਾ ਰਿਹਾ ਸੀ। ਇਸ ਰਸਾਲੇ ਦਾ ਸਤੰਬਰ 2009 ਅੰਕ ਸੰਪਾਦਕੀ ਜਥੇ ਵਲੋਂ ਤਿਆਰ ਕੀਤਾ ਗਿਆ ਸੀ ਪਰ ਸਰਕਾਰੀ ਧੱਕੇਸ਼ਾਹੀ ਦੇ ਚੱਲਿਦਆਂ ਇਹ ਛਪ ਨਹੀਂ ਸੀ ਸਕਿਆ। ਇਸ ਤੋਂ ਬਾਅਦ ਦਹਾਕਾ ਭਰ ਹੋਰਨਾਂ ਰਸਾਲਿਆਂ ਅਤੇ ਵਿਕਲਪਤ ਸਾਧਨਾਂ ਦੀ ਮੌਜੂਦਗੀ ਦੇ ਬਾਵਜੂਦ ਵੀ ਸਿੱਖ ਸ਼ਹਾਦਤ ਪੜ੍ਹਦੇ ਰਹੇ ਪਾਠਕ ਇਸ ਦੀ ਕਮੀ ਮਹਿਸੂਸ ਕਰਦੇ ਹਨ।

ਡਾ. ਕੰਵਲਜੀਤ ਸਿੰਘ ਦੀ ਅਗਵਾਈ ਵਾਲੇ ਨਵੇਂ ਸੰਪਾਦਕੀ ਜਥੇ ਨੇ ਕਿਰਸਾਨੀ ਸੰਘਰਸ਼ ਦੌਰਾਨ ਸਿੱਖ ਸ਼ਹਾਦਤ ਨੂੰ ਪੁਸਤਕ ਲੜੀ ਵਜੋਂ ਸ਼ੁਰੂ ਕਰਨ ਦਾ ਉਪਰਾਲਾ ਕੀਤਾ ਜਿਸ ਤਹਿਤ ਦੋ ਕਿਤਾਬਾਂ ਕਿਰਸਾਨੀ ਸੰਘਰਸ਼ ਵਿਸ਼ੇ ਅੰਕ ਵਜੋਂ ਪ੍ਰਕਾਸ਼ਿਤ ਕੀਤੀਆਂ ਗਈਆਂ ਅਤੇ ਤੀਜੀ ਕਿਤਾਬ ਜੂਨ 1984 ਘੱਲੂਘਾਰੇ ਬਾਰੇ ਅਹਿਮ ਲਿਖਤਾਂ ਦੇ ਸੰਗ੍ਰਹਿ ਵਜੋਂ “ਤੀਜਾ ਘੱਲੂਘਾਰਾ” ਸਿਰਲੇਖ ਹੇਠ ਛਪੀ।

ਸਿੱਖ ਸ਼ਹਾਦਤ ਦਾ ਜਲਦ ਛਪ ਕੇ ਆ ਰਿਹਾ ਅੰਕ!

ਹੁਣ ਸਿੱਖ ਸ਼ਹਾਦਤ ਦੇ ਸੰਪਾਦਕੀ ਜਥੇ ਵਲੋਂ ਸਿੱਖ ਸ਼ਹਾਦਤ ਨੂੰ ਮੁੜ ਰਸਾਲੇ ਦੇ ਤੌਰ ਉੱਤੇ ਪ੍ਰਕਾਸ਼ਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ ਜਿਸ ਤਹਿਤ ਰਸਾਲੇ ਦਾ ਅਗਲਾ ਅੰਕ ਹੋਲਾ-ਮਹੱਲਾ ਉੱਤੇ ਜਾਰੀ ਕੀਤਾ ਜਾਵੇਗਾ।

ਸਿੱਖ ਸ਼ਹਾਦਤ ਦੇ ਸੰਪਾਦਕੀ ਜਥੇ ਵਲੋਂ ਰਸਾਲੇ ਦਾ ਸਵਰਕ ਜਾਰੀ ਕੀਤਾ ਗਿਆ ਹੈ ਜਿਸ ਉੱਤੇ ਨੌਜਵਾਨ ਸਿੱਖ ਚਿੱਤਰਕਾਰ ਵਲੋਂ ਤਿਆਰ ਕੀਤਾ ਇਕ ਘੁੜਸਵਾਰ ਨਿਹੰਗ ਸਿੰਘ ਵਲੋਂ ਨੇਜੇ ਨਾਲ ਕਿੱਲਾ ਪੁੱਟਣ ਦਾ ਇਕ ਰੰਗ-ਚਿੱਤਰ (ਪੇਂਟਿੰਗ) ਛਾਪਿਆ ਗਿਆ ਹੈ।

ਇਹ ਰਸਾਲਾ ਸਿੱਖ ਸ਼ਹਾਦਤ, ਬਿਬੇਕਗੜ੍ਹ ਪ੍ਰਕਾਸ਼ਨ ਅਤੇ ਸਿੱਖ ਸਿਆਸਤ ਰਾਹੀਂ ਦੁਨੀਆ ਭਰ ਵਿਚ ਕਿਤੇ ਵੀ ਮੰਗਵਾਇਆ ਜਾ ਸਕਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।